ਪਾਕਿਸਤਾਨ ਨੇ ਬੰਦ ਕੀਤਾ ਕਰਤਾਰਪੁਰ ਲਾਂਘੇ ਦਾ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿ ਵੱਲੋਂ ਬਣਾਏ ਜਾ ਰਹੇ ਟਰਮੀਨਲ ਦੀ ਸਾਈਟ 'ਤੇ ਕੋਈ ਮੁਲਾਜ਼ਮ ਨਜ਼ਰ ਨਹੀਂ ਆ ਰਿਹਾ ਅਤੇ ਨਾ ਮਸ਼ੀਨਾਂ ਚੱਲੀਆਂ ਹਨ।

Kartarpur Corridor

ਗੁਰਦਾਸਪੁਰ : ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਨਵੰਬਰ ਮਹੀਨੇ ਸ੍ਰੀ ਕਰਤਾਰਪੁਰ ਸਾਹਿਬ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਵਿਸ਼ੇਸ਼ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਿਆ ਦੇਖ ਲਾਂਘੇ 'ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ।

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਕਾਰਨ ਪਾਕਿਸਤਾਨ ਦੀ ਬੁਖ਼ਲਾਹਟ ਫਿਰ ਸਾਹਮਣੇ ਆਈ ਹੈ। ਪਾਕਿਸਤਾਨ ਨੇ ਆਪਣੇ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਕੰਮ ਬੰਦ ਕਰ ਦਿੱਤਾ ਹੈ। ਇਸ ਬਾਰੇ ਅਧਿਕਾਰਕ ਤੌਰ 'ਤੇ ਤਾਂ ਪਾਕਿਸਤਾਨ ਨੇ ਕੁਝ ਨਹੀਂ ਕਿਹਾ ਹੈ ਪਰ ਲਾਂਘੇ ਦਾ ਨਿਰਮਾਣ ਪਿਛਲੇ ਚਾਰ ਦਿਨਾਂ ਤੋਂ ਬੰਦ ਹੈ। ਅਜਿਹੇ 'ਚ ਲਾਂਘੇ ਸਬੰਧੀ ਪਾਕਿਸਤਾਨ ਦੀ ਨੀਅਤ 'ਤੇ ਸਵਾਲ ਉੱਠ ਗਿਆ ਹੈ।

ਕਰਤਾਰਪੁਰ ਲਾਂਘੇ ਦਾ ਨਿਰਮਾਣ ਸ਼ੁਰੂ ਹੋਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਾਲੇ ਪਾਸੇ ਨਿਰਮਾਣ ਦਾ ਕੰਮ ਠੱਪ ਹੋਇਆ ਹੋਵੇ। ਪਾਕਿਸਤਾਨ ਵੱਲੋਂ ਧੁੱਸੀ ਬੰਨ੍ਹ 'ਤੇ ਬਣਾਏ ਜਾ ਰਹੇ ਟਰਮੀਨਲ ਦੀ ਸਾਈਟ 'ਤੇ ਕੋਈ ਮੁਲਾਜ਼ਮ ਨਜ਼ਰ ਨਹੀਂ ਆ ਰਿਹਾ ਅਤੇ ਨਾ ਮਸ਼ੀਨਾਂ ਚੱਲੀਆਂ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਨਾਲ ਭਾਰਤ-ਪਾਕਿਸਤਾਨ ਦੇ ਕਦਮ ਤੋਂ ਬਾਅਦ ਪਾਕਿਸਤਾਨ ਦੀ ਬੁਖ਼ਲਾਹਟ ਦਾ ਅਸਰ ਕਰਤਾਰਪੁਰ ਲਾਂਘੇ 'ਤੇ ਦਿਖਾਈ ਦੇ ਰਿਹਾ ਹੈ।

ਪਾਕਿਸਤਾਨ ਵੱਲੋਂ ਐਤਵਾਰ ਤੋਂ ਹੀ ਕੰਮ ਬੰਦ ਹੈ ਪਰ ਉਸ ਦਿਨ ਮੁਲਜ਼ਾਮ ਦਿਖਾਈ ਦੇ ਰਹੇ ਸਨ। ਸੋਮਵਾਰ ਨੂੰ ਉੱਥੇ ਨਾ ਤਾਂ ਕੰਮ 'ਚ ਲੱਗੀਆਂ ਗੱਡੀਆਂ ਤੇ ਮਸ਼ੀਨਾਂ ਚੱਲੀਆਂ ਨਾ ਕੋਈ ਮੁਲਾਜ਼ਮ ਨਿਰਮਾਣ ਸਥਾਨ 'ਤੇ ਦਿਸਿਆ। ਨੈਸ਼ਨਲ ਹਾਈਵੇਅ ਅਥਾਰਟੀ ਤੇ ਬੀਐੱਸਐੱਫ ਦੇ ਅਧਿਕਾਰੀ ਮੰਨ ਰਹੇ ਸਨ ਕਿ ਹੋ ਸਕਦਾ ਹੈ ਕਿ ਬਕਰੀਦ ਕਾਰਨ ਕੰਮ ਬੰਦ ਹੋਵੇ। ਮੰਗਲਵਾਰ ਨੂੰ ਵੀ ਕੰਮ ਬੰਦ ਹੋਣ ਕਾਰਨ ਪਾਕਿਸਤਾਨ ਵੱਲੋਂ ਕੰਮ ਰੋਕੇ ਜਾਣ ਦਾ ਖ਼ਦਸ਼ਾ ਵੱਧ ਗਿਆ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਪਾਕਿਸਤਾਨ 14 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਣ ਤੋਂ ਬਾਅਦ ਮੁੜ ਕੰਮ ਸ਼ੁਰੂ ਕਰ ਦੇਵੇ ਪਰ ਬੁੱਧਵਾਰ ਨੂੰ ਵੀ ਪਾਕਿਸਤਾਨ ਨੇ ਇਸ ਦਾ ਨਿਰਮਾਣ ਬੰਦ ਰੱਖਿਆ।