ਮੌੜ ਬੰਬ ਬਲਾਸਟ ਦੀ ਜਾਂਚ ‘ਚ ਸੁਖਬੀਰ ਸਿੰਘ ਬਾਦਲ ਤੋਂ ਵੀ ਹੋਵੇ ਪੁੱਛ-ਗਿੱਛ : ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗ ਕੀਤੀ ਹੈ ਕਿ ਮੌੜ ਬੰਬ ਕਾਂਡ ‘ਚ ਸੁਖਬੀਰ ਸਿੰਘ ਬਾਦਲ ਦੀ ਸ਼ੱਕੀ ਭੂਮਿਕਾ ਦੀ ਜਾਂਚ...

Include name of Sukhbir Badal in Maur bomb blast probe

ਚੰਡੀਗੜ੍ਹ (ਸਸਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗ ਕੀਤੀ ਹੈ ਕਿ ਮੌੜ ਬੰਬ ਕਾਂਡ ‘ਚ ਸੁਖਬੀਰ ਸਿੰਘ ਬਾਦਲ ਦੀ ਸ਼ੱਕੀ ਭੂਮਿਕਾ ਦੀ ਜਾਂਚ ਕਰਵਾਈ ਜਾਵੇ। ਸੂਬੇ ਦੀਆਂ ਆਮ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ 31 ਜਨਵਰੀ 2017 ਨੂੰ ਮੌੜ ਮੰਡੀ ਤੋਂ ਕਾਂਗਰਸੀ ਉਮੀਦਵਾਰ ਅਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ਨੇੜੇ ਹੋਏ ਇਸ ਧਮਾਕੇ ‘ਚ 7 ਬੇਕਸੂਰਾਂ ਦੀ ਮੌਤ ਹੋ ਗਈ ਸੀ ਅਤੇ ਉਸ ਸਮੇਂ ਸੁਖਬੀਰ ਸਿੰਘ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸਨ। 

ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਮੌੜ ਬੰਬ ਧਮਾਕੇ ‘ਚ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਭੂਮਿਕਾ ਬੇਹੱਦ ਸ਼ੱਕੀ ਹੈ, ਇਥੋਂ ਤੱਕ ਕਿ ਕੇਂਦਰ ਦੀਆਂ ਏਜੰਸੀਆਂ ਦੇ ਹੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਕਿ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਇਹਨਾਂ ਸਾਰਿਆਂ ਦਾ ਇਕੋ-ਇਕ ਮੰਤਵ ਸੀ

ਕਿ ਪੰਜਾਬ ਅੰਦਰ ਕਿਸੇ ਵੀ ਕੀਮਤ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣਨ ਦਿਤੀ ਜਾਵੇ। ਆਪਣੇ ਇਸ ਮਨਸੂਬੇ ਦੀ ਪੂਰਤੀ ਲਈ ਇਹਨਾਂ ਸਾਰਿਆਂ ਨੇ ਮਿਲਕੇ ਵੱਡੀਆਂ ਸਾਜਿਸ਼ਾਂ ਰਚੀਆਂ ਅਤੇ ਮੌੜ ਬੰਬ ਬਲਾਸਟ ਦਾ ਦੋਸ਼ ਵੀ ਆਮ ਆਦਮੀ ਸਿਰ ਲਾ ਕੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਵਿਰੁੱਧ ਬੇਬੁਨਿਆਦ ਅਤੇ ਝੂਠਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਅਮਨ ਅਰੋੜਾ ਨਾਲ ‘ਆਪ’ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ,

ਬੁਲਾਰੇ ਨੀਲ ਗਰਗ ਅਤੇ ਸਟੇਟ ਮੀਡੀਆ ਇੰਚਾਰਜ ਅਤੇ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਸਿੱਧੂ ਮੌਜੂਦ ਸਨ। ਮੌੜ ਬੰਬ ਬਲਾਸਟ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਤੋਂ ਸਮਾਬੱਧ ਅਤੇ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕੋਠੇ ਚੜ-ਚੜ ਰੌਲਾ ਪਾਇਆ ਕਿ ਮੌੜ ਬੰਬ ਧਮਾਕੇ ‘ਚ ਆਮ ਆਦਮੀ ਪਾਰਟੀ ਦਾ ਹੱਥ ਹੈ। ਬਾਦਲਾਂ ਅਤੇ ਕੈਪਟਨ ਨੇ ਇਕੋ ਭਾਸ਼ਾ ‘ਚ ‘ਆਪ’ ਖਿਲਾਫ ਰੱਜ ਕੇ ਕੁਫਰ ਤੋਲਿਆ।

ਉਹੀ ਸੁਖਬੀਰ ਸਿੰਘ ਬਾਦਲ ਅੱਜ ਕਹਿ ਰਹੇ ਹਨ, ‘‘ਮੌੜ ਬੰਬ ਬਲਾਸਟ ‘ਚ ਸ਼ਾਮਲ ਡੇਰਾ ਪ੍ਰੇਮੀਆਂ ਨੂੰ ਤੁਰੰਤ ਗਿ੍ਰਫਤਾਰ ਕਰੇ ਸਰਕਾਰ’’। ਅਮਨ ਅਰੋੜਾ ਨੇ ਕਿਹਾ ਕਿ ਸਵਾਲ ਇਹ ਹੈ ਕਿ ਪੌਣੇ ਦੋ ਸਾਲ ‘ਚ ਅਜਿਹਾ ਕੀ ਬਦਲ ਗਿਆ ਹੈ? ਦੂਜੇ ਪਾਸੇ ਮੌੜ ਬੰਬ ਬਲਾਸਟ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੀਆਂ ਸਾਰੀਆਂ ਕੜੀਆਂ ਅਤੇ ਗਤੀਵਿਧੀਆਂ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਦੀ ਭੂਮਿਕਾ ਨੂੰ ਸ਼ੱਕੀ ਬਣਾਉਦੀਆਂ ਹਨ।

ਜਿਸ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ‘ਚ ਬੰਬ ਧਮਾਕਾ ਕਰਵਾਇਆ ਜਾਂਦਾ ਹੈ ਉਹ ਡੇਰਾ ਮੁੱਖੀ ਦਾ ਕੁੜਮ ਹੈ। ਬੰਬ ਧਮਾਕੇ ਤੋਂ ਠੀਕ ਅਗਲੇ ਦਿਨ ਡੇਰਾ ਸਿਰਸਾ ਨੇ ਅਧਿਕਾਰਤ ਤੋਰ ‘ਤੇ ਅਕਾਲੀ-ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਸਮਰਥਨ ਦਾ ਐਲਾਨ ਕਰ ਦਿੰਦਾ ਹੈ। ਇਸ ਦੌਰਾਨ ਹੀ ਅਕਾਲੀਆਂ ਅਤੇ ਕਾਂਗਰਸੀਆਂ ਨਾਲ ਸੰਬੰਧਿਤ 44 ਉਮੀਦਵਾਰ ਸਮਰਥਣ ਮੰਗਣ ਜਾਂਦੇ ਹਨ।

ਇਸੇ ਤਰਾਂ ਅਜੇ ਕੁਝ ਦਿਨ ਪਹਿਲਾਂ ਹੀ ਅਕਾਲੀ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਖੁਲਾਸਾ ਕੀਤਾ ਹੈ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਮਿਲ ਕੇ ਭਗਵੰਤ ਮਾਨ ਨੂੰ ਹਰਾਇਆ ਸੀ। ਅਮਨ ਅਰੋੜਾ ਨੇ ਸੁਖਬੀਰ ਸਿੰਘ ਬਾਦਲ ਦੇ ਅੱਜ ਦੇ ਅਖਬਾਰੀ ਬਿਆਨ ਦਿਖਾਉਦੇ ਹੋਏ ਕਿਹਾ ਕਿ ਬਾਦਲ ਕਿਸੇ ਦੇ ਸਕੇ ਨਹੀਂ। ਸੱਤਾ ਲਈ ਪਹਿਲਾਂ ਇਹਨਾਂ ਨੇ ਪੰਜਾਬ ਅਤੇ ਪੰਥ ਦਾ ਨਾਂ ਵਰਤਿਆ, ਫਿਰ ਵੋਟਾਂ ਅਤੇ ਨੋਟਾਂ ਲਈ ਡੇਰੇ ਨੂੰ ਵਰਤਿਆਂ ਅਤੇ ਅੱਜ ਡੇਰੇ ਨੂੰ ਵੀ ਵਰਤ ਕੇ ਸੁੱਟ ਦਿੱਤਾ। 

ਅਮਨ ਅਰੋੜਾ ਨੇ ਕਿਹਾ ਕਿ ਮੌੜ ਬੰਬ ਬਲਾਸਟ ‘ਚ ਸ਼ਾਮਿਲ ਸਾਰੇ ਸਾਜਿਸ਼ ਕਰਤਾ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਚਾਹੇ ਉਹ ਕਿੱਡਾ ਵੀ ਰਸੂਖਦਾਰ ਕਿਉ ਨਾ ਹੋਵੇ। ‘ਆਪ’ ਆਗੂ ਨੇ ਨਾਲ ਹੀ ਚੁਣੌਤੀ ਦਿੱਤੀ ਕਿ ਜੇਕਰ ਅਜਿਹੀਆਂ ਮਾਨਵਤਾ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਜੇਕਰ ‘ਆਪ’ ਦਾ ਕੋਈ ਲਿੰਕ ਸਾਬਤ ਹੁੰਦਾ ਹੈ ਤਾਂ ਪੂਰੀ ਪਾਰਟੀ ਨੂੰ ਫਾਹੇ ਟੰਗ ਦਿਤਾ ਜਾਵੇ, ਪਰੰਤੂ ਮੌੜ ਬੰਬ ਬਲਾਸਟ ਦੀ ਜਾਂਚ ‘ਚ ਸੁਖਬੀਰ ਸਿੰਘ ਬਾਦਲ ਨੂੰ ਜਰੂਰ ਸ਼ਾਮਿਲ ਕੀਤਾ ਜਾਵੇ। 

ਅਮਨ ਅਰੋੜਾ ਨੇ ਇਹ ਵੀ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਮੌੜ ਬੰਬ ਬਲਾਸਟ ‘ਚ ‘ਆਪ’ ‘ਤੇ ਲਗਾਏ ਝੂਠੇ ਦੋਸ਼ਾਂ ਲਈ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣ।