ਲੋਕ ਜਾਣਨਾ ਚਾਹੁੰਦੇ ਨੇ ਕਿ ਪੰਜਾਬ ਵਿਚ ਡਰੱਗ ਮਾਫੀਆ ਖ਼ਤਮ ਕਿਉਂ ਨਹੀਂ ਹੋ ਰਿਹਾ- ਵਕੀਲ ਨਵਕਿਰਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

“ਅਸਥਾਨਾ ਤੋਂ ਚਿੱਠੀ ਕਿਸ ਨੇ ਲਿਖਵਾਈ ਅਤੇ ਕੌਣ ਬਚਣਾ ਚਾਹੁੰਦਾ ਹੈ, ਇਸ ਬਾਰੇ ਸਾਰੇ ਜਾਣਦੇ ਹਨ”

Senior Advocate Navkiran Singh

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਬਹੁਚਰਚਿਤ ਡਰੱਗ ਮਾਮਲੇ ਨੂੰ ਲੈ ਕੇ ਆਏ ਦਿਨ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਇਸ ਦੇ ਚਲਦਿਆਂ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐਸ.ਕੇ ਅਸਥਾਨਾ ਦੀ ਚਿੱਠੀ ਨੇ ਵੀ ਅਹਿਮ ਖੁਲਾਸੇ ਕੀਤੇ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਇਕ ਦੂਜੇ ਨੂੰ ਬਚਾਉਣ ਲਈ ਸਿਆਸਤਦਾਨ ਆਪਸ ਵਿਚ ਮਿਲ ਜਾਂਦੇ ਹਨ ਪਰ ਆਮ ਜਨਤਾ ਪਿਸਦੀ ਰਹਿੰਦੀ ਹੈ।

ਡਰੱਗ ਮਾਮਲੇ ਬਾਰੇ ਗੱਲ ਕਰਦਿਆਂ ਸੀਨੀਅਰ ਵਕੀਲ ਨੇ ਦੱਸਿਆ ਕਿ ਉਹਨਾਂ ਨੇ ਨਵੰਬਰ 2017 ਵਿਚ ਹਾਈ ਕੋਰਟ ਵਿਚ ਇਕ ਪਟੀਸ਼ਨ ਪਾਈ ਸੀ, ਜਿਸ ਦੇ ਨਾਲ ਉਹਨਾਂ ਨੇ ਹਾਈ ਕੋਰਟ ਨੂੰ ਕੁਝ ਅਜਿਹੇ ਬਿਆਨ ਸੌਂਪੇ, ਜਿਸ ਵਿਚ ਕਿਹਾ ਗਿਆ ਸੀ ਕਿ ਇਹ ਬਿਆਨ ਈਡੀ ਨੂੰ ਦਿੱਤੇ ਗਏ ਹਨ ਤੇ ਇਸ ਵਿਚ ਬਿਕਰਮ ਮਜੀਠੀਆ ਦੀ ਭੂਮਿਕਾ ਦਾ ਜ਼ਿਕਰ ਹੈ। ਇਸ ਸਬੰਧੀ ਪੰਜਾਬ ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ। ਅਦਾਲਤ ਕੋਲੋਂ ਮੰਗ ਕੀਤੀ ਗਈ ਸੀ ਕਿ ਇਸ ਸਬੰਧੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਉਹਨਾਂ ਦੱਸਿਆ ਕਿ ਇਹ ਮਾਮਲਾ 2013 ਤੋਂ ਚੱਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਉਹਨਾਂ ਨੇ ਹਰਪ੍ਰੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਇਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਹੈ। ਹਰਪ੍ਰੀਤ ਸਿੱਧੂ ਨੇ ਅਪਣੀ ਕਾਰਵਾਈ ਸਬੰਧੀ ਹਾਈ ਕੋਰਟ ਵਿਚ ਇਕ ਹਲਫੀਆ ਬਿਆਨ ਵੀ ਦਿੱਤਾ ਸੀ। ਅਦਾਲਤ ਵਲੋਂ ਇਹ ਸ਼ਿਕਾਇਤ ਵੀ ਹਰਪ੍ਰੀਤ ਸਿੱਧੂ ਨੂੰ ਦੇ ਦਿੱਤੀ ਗਈ ਅਤੇ ਉਹ ਸਰਕਾਰ ਦਾ ਅਪਣਾ ਨੁਮਾਇੰਦਾ ਸੀ। ਹਰਪ੍ਰੀਤ ਸਿੰਘ ਨੇ ਜਾਂਚ ਕਰਕੇ ਹਾਈ ਕੋਰਟ ਵਿਚ ਜਵਾਬ ਦਾਇਰ ਕੀਤਾ, ਇਸ ਬਾਰੇ ਵਕੀਲਾਂ ਨੂੰ ਕੁਝ ਨਹੀਂ ਪਤਾ ਪਰ ਨਵਜੋਤ ਸਿੱਧੂ ਨੇ ਪ੍ਰੈੱਸ ਕਾਨਫਰੰਸ ਵੀ ਕੀਤੀ ਅਤੇ ਕਈ ਪੱਤਰਕਾਰਾਂ ਕੋਲ ਇਹ ਰਿਪੋਰਟ ਵੀ ਪਹੁੰਚੀ। ਕਿਸੇ ਵਕੀਲ ਨੂੰ ਇਸ ਬਾਰੇ ਨਹੀਂ ਪਤਾ, ਹੋ ਸਕਦਾ ਹੈ ਕਿ ਮਜੀਠੀਆ ਦੇ ਵਕੀਲਾਂ ਨੇ ਸ਼ਾਇਦ ਇਸ ਨੂੰ ਪੜ੍ਹਿਆ ਹੋਵੇ।

ਨਵਕਿਰਨ ਸਿੰਘ ਨੇ ਕਿਹਾ ਕਿ ਇਸ ਰਿਪੋਰਟ ’ਤੇ ਹਾਈ ਕੋਰਟ ਨੇ ਈਡੀ ਅਤੇ ਪੰਜਾਬ ਸਰਕਾਰ ਨੂੰ ਜਵਾਬ ਦਾਇਰ ਕਰਨ ਲਈ ਕਿਹਾ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਅਪਣਾ ਜਵਾਬ ਦਾਇਰ ਕੀਤਾ, ਉਹ ਹਾਈ ਕੋਰਟ ਨੇ ਦੇਖਿਆ ਅਤੇ 23 ਮਈ 2018 ਨੂੰ ਅਦਾਲਤ ਨੇ ਰਿਪੋਰਟ ਨੂੰ ਸੀਲਬੰਦ ਕਰ ਦਿੱਤਾ ਅਤੇ ਅਗਲੀ ਪੇਸ਼ੀ ’ਤੇ ਕਾਰਵਾਈ ਕਰਨ ਲਈ ਕਿਹਾ, ਇਸ ਤੋਂ ਬਾਅਦ ਅੱਜ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ। ਉਹਨਾਂ ਕਿਹਾ ਕਿ ਐਸਟੀਐਫ ਦੀ ਰਿਪੋਰਟ ਪੰਜਾਬ ਸਰਕਾਰ ਅਤੇ ਪੰਜਾਬ ਦੀ ਅਪਣੀ ਰਿਪੋਰਟ ਹੈ। ਇਸ ਲਈ ਉਹਨਾਂ ਨੇ ਅਪ੍ਰੈਲ 2021 ਵਿਚ ਅਦਾਲਤ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ। ਇਹਨਾਂ ਨੂੰ ਕਾਰਵਾਈ ਕਰਨ ਲਈ ਕਿਹਾ ਜਾਵੇ। ਉਹਨਾਂ ਕਿਹਾ ਕਿ ਅਸੀਂ ਕਦੋਂ ਰੋਕਿਆ, ਪੰਜਾਬ ਪੁਲਿਸ ਕਾਰਵਾਈ ਕਰ ਸਕਦੀ ਹੈ। ਅਦਾਲਤ ਨੇ ਕੋਈ ਰੋਕ ਨਹੀਂ ਲਗਾਈ। ਉਹਨਾਂ ਦੱਸਿਆ ਕਿ ਪਿਛਲੀ ਸੁਣਵਾਈ ਦੌਰਾਨ ਜਸਟਿਸ ਏਜੀ ਮਸੀਹ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਕਿ ਸਾਨੂੰ ਕਿਉਂ ਉਡੀਕ ਰਹੇ ਹੋ, ਤੁਸੀਂ ਸੁੱਤੇ ਪਏ ਸੀ? ਉੱਥੇ ਮਜੀਠੀਆ ਦਾ ਵਕੀਲ ਵੀ ਹਾਜ਼ਰ ਸੀ।

ਨਵਕਿਰਨ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਅਸਥਾਨਾ ਦੀ ਚਿੱਠੀ ਦਾ ਕੋਈ ਅਧਾਰ ਨਹੀਂ ਰਹਿ ਗਿਆ। ਅਦਾਲਤ ਨੇ ਸਾਫ ਕਰ ਦਿੱਤਾ ਹੈ ਕਿ ਉਹਨਾ ਵਲੋਂ ਕੋਈ ਰੋਕ ਨਹੀਂ ਹੈ। ਉਹਨਾਂ ਕਿਹਾ ਕਿ ਅਸਥਾਨਾ ਤੋਂ ਚਿੱਠੀ ਕਿਸ ਨੇ ਲਿਖਵਾਈ ਅਤੇ ਕੌਣ ਬਚਣਾ ਚਾਹੁੰਦਾ ਹੈ, ਇਸ ਬਾਰੇ ਸਾਰੇ ਜਾਣਦੇ ਹਨ। ਐਸਕੇ ਅਸਥਾਨਾ ਕਿਉਂ ਸਿਆਸਤ ਖੇਡ ਰਿਹਾ ਹੈ? ਉਹਨਾਂ ਕਿਹਾ ਕਿ ਅਸੀਂ ਉਡੀਕ ਰਹੇ ਹਾਂ ਕਿ ਇਹ ਡਰਾਮਾ ਕਦੋਂ ਖਤਮ ਹੋਵੇ ਅਤੇ ਲੋਕਾਂ ਨੂੰ ਇਨਸਾਫ ਮਿਲੇ। ਸੀਨੀਅਰ ਵਕੀਲ ਨੇ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਡਰੱਗ ਮਾਫੀਆ ਪੰਜਾਬ ਵਿਚ ਖਤਮ ਕਿਉਂ ਨਹੀਂ ਹੋ ਰਿਹਾ।

ਨਵਕਿਰਨ ਸਿੰਘ ਨੇ ਕਿਹਾ ਕਿ ਇਹ ਮੇਰਾ ਅਪਣਾ ਕੇਸ ਨਹੀਂ ਹੈ, ਮੈਂ ਪੰਜਾਬ ਦੀ ਜਨਤਾ, ਪੰਜਾਬ ਦੀ ਜਵਾਨੀ, ਜਿਨ੍ਹਾਂ ਮਾਵਾਂ ਦੇ ਪੁੱਤ ਨਸ਼ਿਆਂ ਕਾਰਨ ਮਾਰੇ ਗਏ, ਉਹਨਾਂ ਦੀ ਨੁਮਾਇੰਦਗੀ ਕਰ ਰਿਹਾ ਹਾਂ। ਇਸ ਕਰਕੇ ਕਾਫੀ ਦਬਾਅ ਪੈਣ ਦੇ ਬਾਵਜੂਦ ਮੈਂ ਇਹ ਕੇਸ ਲੜ ਰਿਹਾ ਹਾਂ। ਮੈਨੂੰ ਆਸ ਹੈ ਕਿ ਪੰਜਾਬ ਸਰਕਾਰ ਸੱਚ ਸਾਹਮਣੇ ਲਿਆਵੇਗੀ। ਕੈਪਟਨ ਅਮਰਿੰਦਰ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਪਹਿਲਾਂ ਉਹ ਅਕਾਲੀਆਂ ਨਾਲ ਰਲੇ ਹੋਏ ਸਨ। ਕੈਪਟਨ ਦੀ ਸਰਕਾਰ ਨਹੀਂ ਸੀ ਬਣ ਰਹੀ, ਇਸ ਕਰਕੇ ਇਹਨਾਂ ਵਿਚ ਤੈਅ ਹੋਇਆ ਕਿ ਦੋਵੇਂ ਇਕ-ਦੂਜੇ ਖਿਲਾਫ ਕੇਸ ਨਹੀਂ ਲੜਨਗੇ। ਉਹਨਾਂ ਕਿਹਾ ਕਿ ਸਿਆਸਤਦਾਨ ਹਮੇਸ਼ਾਂ ਆਪਸ ਵਿਚ ਰਲ਼ ਜਾਂਦੇ ਨੇ, ਇਸ ਕਾਰਨ ਆਮ ਜਨਤਾ ਪਿਸਦੀ ਰਹਿੰਦੀ ਹੈ।