ਅੰਮ੍ਰਿਤਸਰ ‘ਚ ਨਕਲੀ ਘਿਓ ਫੈਕਟਰੀ ਦਾ ਹੋਇਆ ਪਰਦਾਫ਼ਾਸ਼, 5000 ਕਿੱਲੋ ਪਾਮ ਆਇਲ ਤੇ ਮੱਖਣ ਵੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫੂਡ ਸੇਫ਼ਟੀ ਵਿਭਾਗ ਅਤੇ ਅੰਮ੍ਰਿਤਸਰ ਪੁਲਿਸ ਨੇ ਛੇਹਰਟਾ ਵਿਚ ਇਕ ਫੈਕਟਰੀ ਉਤੇ ਛਾਪਾ ਮਾਰ ਕੇ ਪਾਮ ਆਇਲ ਤੋਂ ਨਕਲੀ ਦੇਸੀ ਘਿਓ ਅਤੇ ਮੱਖਣ ਤਿਆਰ ਕਰਨ ਦਾ ਪਰਦਾਫ਼ਾਸ਼...

Fake Ghee Factory Caught In Amritsar

ਚੰਡੀਗੜ੍ਹ : ਫੂਡ ਸੇਫ਼ਟੀ ਵਿਭਾਗ ਅਤੇ ਅੰਮ੍ਰਿਤਸਰ ਪੁਲਿਸ ਨੇ ਛੇਹਰਟਾ ਵਿਚ ਇਕ ਫੈਕਟਰੀ ਉਤੇ ਛਾਪਾ ਮਾਰ ਕੇ ਪਾਮ ਆਇਲ ਤੋਂ ਨਕਲੀ ਦੇਸੀ ਘਿਓ ਅਤੇ ਮੱਖਣ ਤਿਆਰ ਕਰਨ ਦਾ ਪਰਦਾਫ਼ਾਸ਼ ਕੀਤਾ। ਛਾਪੇਮਾਰੀ ਦੇ ਦੌਰਾਨ 5000 ਕਿੱਲੋਗ੍ਰਾਮ ਪਾਮ ਆਇਲ, 1600 ਕਿੱਲੋਗ੍ਰਾਮ ਨਕਲੀ ਮੱਖਣ, 200 ਲੀਟਰ ਆਰਟੀਫੀਸ਼ੀਅਲ ਬੀਆਰ, ਇਕ ਲੱਖ ਬਾਕਸ ਅਤੇ ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਬਰਾਮਦ ਕੀਤੇ ਗਏ। ਪੁਲਿਸ ਨੇ ਫੈਕਟਰੀ ਮਾਲਕ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ।

ਇਸ ਦੌਰਾਨ ਇਕ ਟਰੱਕ ਚਾਲਕ ਰੁਕਣ ਦੀ ਬਜਾਏ ਉੱਥੋਂ ਨਿਕਲ ਗਿਆ। ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਮਾਡਲ ਕਲੋਨੀ ਪਹੁੰਚੀ। ਜਿਵੇਂ ਹੀ ਟਰੱਕ ਮਾਡਲ ਕਲੋਨੀ ਸਥਿਤ ਫੈਕਟਰੀ ਦੇ ਬਾਹਰ ਰੁਕਿਆ, ਪੁਲਿਸ ਨੇ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਵੇਖ ਕੇ ਚਾਲਕ ਟਰੱਕ ਭਜਾ ਕੇ ਨਿਕਲ ਗਿਆ। ਇਸ ਤੋਂ ਬਾਅਦ ਪੁਲਿਸ ਨੇ ਫੈਕਟਰੀ ਦਾ ਮੁਆਇਨਾ ਕੀਤਾ ਤਾਂ ਦੇਸੀ ਘਿਓ ਅਤੇ ਮੱਖਣ ਦੇ ਪੈਕਟ ਵਿਖਾਈ ਦਿਤੇ।

ਪੁਲਿਸ ਨੇ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲਿਆ ਨੂੰ ਫ਼ੋਨ ਕੀਤਾ। ਇਸ ਤੋਂ ਬਾਅਦ ਟੀਮ ਇਥੇ ਪਹੁੰਚ ਗਈ। ਜਾਣਕਾਰੀ ਦੇ ਮੁਤਾਬਕ ਨਕਲੀ ਘਿਓ ਅਤੇ ਮੱਖਣ ਨੂੰ ਅਸਲੀ ਸਾਬਿਤ ਕਰਨ ਲਈ ਫੈਕਟਰੀ ਸੰਚਾਲਕ ਪਾਮ ਆਇਲ ਵਿਚ ਆਰਟੀਫੀਸ਼ੀਅਲ ਬੀਆਰ ਮਿਲਾਉਂਦੇ ਸਨ। ਸ਼ੁੱਧ ਦੇਸੀ ਘਿਓ ਵਿਚ ਕੁਦਰਤੀ ਰੂਪ ਤੋਂ ਬੀਆਰ ਦਾ ਲੈਵਲ 30 ਹੋਣਾ ਚਾਹੀਦਾ ਹੈ। ਇਸ ਲੇਵਲ ਨੂੰ ਬਰਕਰਾਰ ਰੱਖਣ ਲਈ ਫੈਕਟਰੀ ਸੰਚਾਲਕ ਬਾਜ਼ਾਰ ਵਿਚ ਵਿਕਣ ਵਾਲੇ ਨੁਕਸਾਨਦਾਇਕ ਬੀਆਰ ਦਾ ਪ੍ਰਯੋਗ ਪਾਮ ਆਇਲ ਵਿਚ ਕਰ ਰਹੇ ਸਨ।

ਦੇਸੀ ਘਿਓ ਨੂੰ ਵੱਡੇ-ਵੱਡੇ ਪੀਪਿਆਂ ਵਿਚ ਪੈਕ ਕੀਤਾ ਜਾਂਦਾ, ਜਦੋਂ ਕਿ ਮੱਖਣ ਨੂੰ ਗੱਤੇ ਦੇ ਡੱਬਿਆਂ ਵਿਚ ਪਾ ਕੇ ਬਾਜ਼ਾਰ ਵਿਚ ਭੇਜਿਆ ਜਾ ਰਿਹਾ ਸੀ। ਪਾਮ ਆਇਲ ਠੀਕ ਉਸੇ ਤਰ੍ਹਾਂ ਜੰਮੀ ਹੋਈ ਸਥਿਤੀ ਵਿਚ ਹੁੰਦਾ ਹੈ ਜਿਵੇਂ ਡਾਲਡਾ ਘਿਓ। ਇਸ ਨਾਲ ਤਿਆਰ ਹੋਣ ਵਾਲੇ ਘਿਓ ਅਤੇ ਮੱਖਣ ਦੇ ਸੇਵਨ ਨਾਲ ਕਿਡਨੀ, ਗੁਰਦੇ, ਦਿਲ ਦੀਆਂ ਬੀਮਾਰੀਆਂ ਦੇ ਨਾਲ-ਨਾਲ ਇਨਸਾਨ ਦੀ ਯਾਦਾਸ਼ਤ ਵੀ ਕਮਜ਼ੋਰ ਹੋ ਸਕਦੀ ਹੈ।

ਇਸ ਫੈਕਟਰੀ ਵਿਚ ਤਿਆਰ ਹੋਣ ਵਾਲਾ ਸਾਮਾਨ ਪੰਜਾਬ ਭਰ ਵਿਚ ਸਪਲਾਈ ਹੁੰਦਾ ਸੀ। ਵਿਭਾਗ ਨੇ ਫੈਕਟਰੀ ਨੂੰ ਸੀਲ ਕਰ ਦਿਤਾ ਹੈ। ਨਾਲ ਹੀ ਦੇਸੀ ਘਿਓ, ਮੱਖਣ ਅਤੇ ਪਾਮ ਆਇਲ ਦੇ ਸੈਂਪਲ ਭਰ ਕੇ ਜਾਂਚ ਲਈ ਲੈਬੋਰੇਟਰੀ ਵਿਚ ਭੇਜੇ ਹਨ।