ਸੰਘਣੀ ਧੁੰਦ ਨੇ ਠਾਰੇ ਲੋਕਾਂ ਦੇ ਹੱਢ, ਘਰੋਂ ਬਾਹਰ ਨਿਕਲਣਾ ਹੋਇਆ ਮੁਸ਼ਕਲ

ਏਜੰਸੀ

ਖ਼ਬਰਾਂ, ਪੰਜਾਬ

ਰੇਲ ਗੱਡੀਆਂ ਦੀ ਰਫਤਾਰ ਵੀ ਹੌਲੀ ਹੋ ਗਈ 

File

ਚੰਡੀਗੜ੍ਹ- ਪਿਛਲੇ ਦੋ ਦਿਨਾਂ 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਬਾਰਿਸ਼ ਹੋਣ ਕਾਰਨ ਜਿੱਥੇ ਠੰਢ 'ਚ ਵਾਧਾ ਹੋਇਆ ਹੈ, ਉੱਥੇ ਹੀ ਸੰਘਣੀ ਧੁੰਦ ਨੇ ਵੀ ਦਸਤਕ ਦੇ ਦਿੱਤੀ ਹੈ। ਸੰਘਣੀ ਧੁੰਦ ਕਾਰਨ ਜਨ ਜੀਵਨ ’ਤੇ ਕਾਫੀ ਅਸਰ ਪੈ ਰਿਹਾ ਹੈ। ਧੁੰਦ ਕਾਰਨ ਠੁਰ-ਠੁਰ ਕਰ ਰਹੇ ਲੋਕਾਂ ਦਾ ਸੜਕਾਂ ’ਤੇ ਤੁਰਨਾ ਮੁਸ਼ਕਲ ਹੋ ਗਿਆ ਹੈ।

ਆਵਾਜਾਈ ਘੱਟ ਗਈ ਅਤੇ ਰੇਲ ਗੱਡੀਆਂ ਦੀ ਰਫਤਾਰ ਵੀ ਹੌਲੀ ਹੋ ਗਈ ਹੈ। ਉਧਰ ਠੰਢ ਤੋਂ ਰਾਹਤ ਪਾਉਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ। ਸਵੇਰ ਦੇ ਸਮੇਂ ਪੈ ਰਹੀ ਧੁੰਦ ਕਾਰਨ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਬੱਤੀਆਂ ਜਗਾ ਕੇ ਸਫਰ ਤੈਅ ਕਰਨਾ ਪੈ ਰਿਹਾ ਹੈ। 

ਮੌਸਮ ਵਿਭਾਗ ਮੁਤਾਬਕ ਇੱਕ-ਦੋ ਦਿਨ ਬਾਅਦ ਮੀਂਹ ਪਵੇਗਾ ਅਤੇ ਉਸ ਤੋਂ ਬਾਅਦ ਹੀ ਲੋਕਾਂ ਨੂੰ ਧੁੰਦ ਅਤੇ ਠੰਢ ਤੋਂ ਰਾਹਤ ਮਿਲੇਗੀ। ਅੱਜ ਸਵੇਰ ਤੋਂ ਹੀ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਧੁੰਦ ਛਾਈ ਰਹੀ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। 

ਅੱਜ ਸਵੇਰੇ ਘੱਟੋ-ਘੱਟ ਤਾਪਮਾਨ ਤਰਨਤਾਰਨ, ਬਠਿੰਡਾ, ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ 'ਚ 5 ਡਿਗਰੀ, ਰੋਪੜ, ਮੋਗਾ, ਫਰੀਦਕੋਟ, ਨਵਾਂਸ਼ਹਿਰ 'ਚ 6 ਡਿਗਰੀ, ਲੁਧਿਆਣਾ, ਕਪੂਰਥਲਾ, ਸੰਗਰੂਰ, ਜਲੰਧਰ 'ਚ 7 ਡਿਗਰੀ, ਪਟਿਆਲਾ, ਹੁਸ਼ਿਆਰਪੁਰ 'ਚ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਗੁਰਦਾਸਪੁਰ, ਚੰਡੀਗੜ੍ਹ, ਪੰਚਕੂਲਾ 'ਚ 9 ਡਿਗਰੀ,  ਧਰਮਸ਼ਾਲਾ 'ਚ 3 ਡਿਗਰੀ, ਲਾਹੌਲ ਸਪੀਤੀ 'ਚ -27 ਡਿਗਰੀ, ਸ਼ਿਮਲਾ 'ਚ -3 ਡਿਗਰੀ, ਹਿਸਾਰ 'ਚ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੱਦਾਖ, ਜੰਮੂ ਕਸ਼ਮੀਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਬਰਫਬਾਰੀ ਹੋ ਰਹੀ ਹੈ। ਉੱਤਰਾਖੰਡ ਵਿੱਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ।