ਦਿੱਲੀ ਪੁਲਿਸ ਦੀ ਹਿਰਾਸਤ ’ਚ ਤਤਾਰੀਏ ਵਾਲਾ ਦੇ 11 ਕਿਸਾਨ, ਪਿੰਡ ਵਾਸੀਆਂ ਦੇ ਹੌਸਲੇ ਬੁਲੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

26 ਜਨਵਰੀ ਦੀ ਟਰੈਕਟਰ ਪ੍ਰੇਡ ’ਚ ਸ਼ਾਮਲ ਹੋਣ ਲਈ ਗਏ ਸਨ ਕਿਸਾਨ

11 farmers of Village in Police custody

ਮੋਗਾ (ਦਿਲੀਪ ਕੁਮਾਰ): ਕਿਸਾਨੀ ਅੰਦੋਲਨ ਦੌਰਾਨ ਦਿੱਲੀ ਵਿਖੇ 26 ਜਨਵਰੀ ਨੂੰ ਕੀਤੀ ਗਈ ਟਰੈਕਟਰ ਪ੍ਰੇਡ ਵਿਚ ਸ਼ਾਮਲ ਹੋਣ ਲਈ ਗਏ ਬਹੁਤ ਸਾਰੇ ਲੋਕਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਨੂੰ ਅਜੇ ਤਕ ਨਹੀਂ ਛੱਡਿਆ ਗਿਆ। ਜ਼ਿਲ੍ਹਾ ਮੋਗਾ ਦੇ ਪਿੰਡ ਤਤਾਰੀਏ ਵਾਲਾ ਦੇ ਵੀ 15 ਨੌਜਵਾਨ 26 ਜਨਵਰੀ ਨੂੰ ਟਰੈਕਟਰ ਪ੍ਰੇਡ ਵਿਚ ਸ਼ਾਮਲ ਹੋਣ ਲਈ ਦਿੱਲੀ ਗਏ ਸਨ, ਜਿਨ੍ਹਾਂ ਵਿਚੋਂ 12 ਲੋਕਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ।

ਇਹਨਾਂ ਵਿਚੋਂ ਇਕ ਨੂੰ ਨਾਬਾਲਗ ਹੋਣ ਕਾਰਨ ਛੱਡ ਦਿੱਤਾ ਗਿਆ ਸੀ ਪਰ 11 ਲੋਕ ਅਜੇ ਵੀ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਹੀ ਹਨ। ਇਹਨਾਂ ਕਿਸਾਨਾਂ ਦੇ ਪਰਿਵਾਰਾਂ ਵਿਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦਿੱਲੀ ਪੁਲਿਸ ਦੀ ਹਿਰਾਸਤ ‘ਚ ਪਿੰਡ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਤੀ 17 ਜਨਵਰੀ ਨੂੰ ਦਿੱਲੀ ਗਏ ਸੀ ਤੇ ਉਹਨਾਂ ਨੂੰ 26 ਤਰੀਕ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਸ ਦੀ ਜਾਣਕਾਰੀ ਪਰਿਵਾਰ ਨੂੰ 27 ਜਨਵਰੀ ਨੂੰ ਮਿਲੀ। ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਵੀ ਉਹਨਾਂ ਦੇ ਪਤੀ ਜੇਲ੍ਹ ‘ਚੋਂ ਬਾਹਰ ਆਉਂਦੇ ਹਨ ਤਾਂ ਵੀ ਉਹ ਅੰਦੋਲਨ ਵਿਚ ਸ਼ਾਮਲ ਹੁੰਦੇ ਰਹਿਣਗੇ। ਪਿੰਡ ਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ 11 ਕਿਸਾਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਪਰਿਵਾਰਾਂ ਵਿਚ ਜੋਸ਼ ਹੈ।

ਗ੍ਰਿਫ਼ਤਾਰੀਆਂ ਤੋਂ ਬਾਅਦ ਵੀ ਪਿੰਡ ਦੇ ਸਾਰੇ ਲੋਕ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਤਿਆਰ ਹਨ। ਪਿੰਡ ਵਿਚੋਂ ਹਰੇਕ ਹਫ਼ਤੇ 10-10 ਕਿਸਾਨਾਂ ਨੂੰ ਦਿੱਲੀ ਮੋਰਚੇ ‘ਤੇ ਭੇਜਿਆ ਜਾ ਰਿਹਾ ਹੈ। ਪੂਰਾ ਪਿੰਡ ਚੜ੍ਹਦੀਕਲਾ ਵਿਚ ਹੈ। ਪੁਲਿਸ ਦੀ ਹਿਰਾਸਤ ਇਕ ਨੌਜਵਾਨ ਕਿਸਾਨ ਦੇ ਪਿਤਾ ਦਰਬਾਰਾ ਸਿੰਘ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਜੇਲ੍ਹ ਵਿਚ ਹੈ ਤੇ ਸੁਰੱਖਿਅਤ ਹੈ। ਉਹਨਾਂ ਕਿਹਾ ਅਸੀਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਰਹਾਂਗੇ।  

ਪਿੰਡ ਵਾਸੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੀ ਮਦਦ ਲਈ ਪਿੰਡ ਵਾਸੀ ਹਰ ਕੋਸ਼ਿਸ਼ ਕਰ ਰਹੇ ਹਨ। ਪਿੰਡ ਵਾਸੀਆਂ ਵਿਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਪਿੰਡ ਦੇ ਕਿਸਾਨ, ਅੰਦੋਲਨ ਵਿਚ ਸ਼ਮੂਲੀਅਤ ਕਰਦੇ ਰਹਿਣਗੇ।