ਕੇਂਦਰੀ ਸਿਹਤ ਮੰਤਰੀ ਵਰਿੰਦਰ ਗਰਗ ਨੇ ਕੋਰੋਨਾ ਵੈਕਸੀਨ ਦੇ ਡਰ ਦੀ ਦੱਸੀ ਅਸਲ ਸਚਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਦੇਸ਼ ਭਰ ਵਿਚ ਕੋਰੋਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ...

ਡਾ. ਵਰਿੰਦਰ ਗਰਗ

ਚੰਡੀਗੜ੍ਹ (ਨਿਮਰਤ ਕੌਰ): ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਦੇਸ਼ ਭਰ ਵਿਚ ਕੋਰੋਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ 16 ਜਨਵਰੀ ਤੋਂ ਕੀਤੀ ਗਈ ਸੀ ਪਰ ਇਸ ਦੇ ਨਾਲ ਹੀ ਲੋਕਾਂ ਵਿਚ ਇਸ ਵੈਕਸੀਨ ਨੂੰ ਲੈ ਕੇ ਕਾਫੀ ਡਰ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸਿਹਤ ਮੁਲਾਜ਼ਮ ਖੁਦ ਵੈਕਸੀਨ ਲਗਵਾ ਕੇ ਲੋਕਾਂ ਨੂੰ ਲਗਾਉਣ ਦੀ ਅਪੀਲ ਕਰ ਰਹੇ ਹਨ ਪਰ ਕਈਂ ਲੋਕ ਵੈਕਸੀਨ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਦੌਰਾਨ ਵੈਕਸੀਨ ਦੇ ਡਰ ਬਾਰੇ ਜਾਨਣ ਲਈ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਮੈਡਮ ਨਿਮਰਤ ਕੌਰ ਵੱਲੋਂ ਪੀਜੀਆਈ ਦੇ ਓਐਸਡੀ ਕੇਂਦਰੀ ਸਿਹਤ ਮੰਤਰੀ ਡਾ. ਵਰਿੰਦਰ ਗਰਗ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ ਗਈ।

ਡਾ. ਵਰਿੰਦਰ ਗਰਗ ਨੇ ਕਿਹਾ ਕਿ ਇਕ ਸਾਲ ਪਹਿਲਾਂ ਜਦੋਂ ਕੋਰੋਨਾ ਮਹਾਮਾਰੀ ਚੀਨ ਤੋਂ ਸਾਹਮਣੇ ਆਈ ਅਤੇ ਯੂਰਪ ਦੇ ਰਸਤੇ ਹੁੰਦਿਆਂ ਭਾਰਤ ਵਿਚ ਪਹੁੰਚੀ ਸੀ ਤਾਂ ਉਸ ਸਮੇਂ ਸਾਡੇ ਦੇਸ਼ ਦੇ ਡਾਕਟਰਾਂ ਅਤੇ ਸਾਇੰਸਦਾਨਾਂ ਜਾਂ ਪੂਰੀ ਦੁਨੀਆ ਨੂੰ ਇਸ ਬਿਮਾਰੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਵੀ ਇਕ ਵਾਇਰਸ ਹੈ ਜੋ ਸਾਹ ਰਾਹੀਂ ਇੱਕ ਦੂਜੇ ਤੱਕ ਫੈਲਦਾ ਹੈ, ਜਿਹੜੇ ਇਸ ਤਰ੍ਹਾਂ ਦੇ ਵਾਇਰਸ ਹੁੰਦੇ ਹਨ ਉਹ ਬਹੁਤ ਜਲਦੀ ਫੈਲਦੇ ਹਨ।

ਡਾ. ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕੇਸ ਵਧਣ ਜਾਂ ਘਟਣ ਨਾਲ ਸਮਾਜਿਕ ਵਰਤਾਓ ਵਿਚ ਤਬਦੀਲੀ ਹੁੰਦੀ ਰਹਿੰਦੀ ਹੈ ਕਿਉਂਕਿ ਜਦੋਂ ਕੋਰੋਨਾ ਮਹਾਮਾਰੀ ਆਈ ਸੀ ਤਾਂ ਲੋਕਾਂ ਨੇ ਬਹੁਤ ਹੀ ਸਹਿਯੋਗ ਨਾਲ ਮਾਸਕ ਪਾਉਣਾ, ਸੈਨੀਟਾਇਜ਼ਰ ਵਰਤਣਾ, ਵਾਰ-ਵਾਰ ਹੱਥ ਧੋਣਾ, ਸੋਸ਼ਲ ਡਿਸਟੈਂਸਿੰਗ ਕਰਨਾ ਪਰ ਜਿਵੇਂ-ਜਿਵੇਂ ਕੋਰੋਨਾ ਦੇ ਕੇਸ ਘਟਦੇ ਜਾ ਰਹੇ ਸਨ ਤਾਂ ਦੇਸ਼ ਦੇ ਲੋਕਾਂ ਦਾ ਆਪਣਾ ਅਤੇ ਆਪਣੇ ਆਲੇ ਦੁਆਲੇ ਦਾ ਧਿਆਨ ਰੱਖਣ ਦਾ ਦਾਇਰਾ ਘੱਟ ਗਿਆ।

ਉਨ੍ਹਾਂ ਕਿਹਾ ਕਿ ਹਰਟ ਇਮੁਨਿਟੀ ਆਉਣ ਤੇ ਵੈਕਸੀਨ ਲਗਾਉਣਾ ਇਹ ਦੋਨੋ ਗੱਲਾਂ ਨਾਲ-ਨਾਲ ਚਲਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਮਹਾਮਾਰੀ ਵਾਂਗ 100 ਸਾਲ ਪਹਿਲਾਂ ਇਨਫਲੁਏਂਜਾ ਦੀ ਮਹਾਮਾਰੀ ਫੈਲੀ ਸੀ ਤਾਂ ਖਾਸ ਕਰਕੇ ਯੂਰਪ ਵਿਚ ਉਸਦੀ ਬਹੁਤ ਚਰਚਾ ਹੋਈ ਹੈ ਤਾਂ ਉਹ ਵੀ ਬਹੁਸ਼ਾਂਤੀ ਵਿਚ ਹੋਈ ਸੀ ਅਤੇ ਉਹ ਮਹਾਮਾਰੀ ਵੀ 2 ਸਾਲ ਤੱਕ ਚਲਦੀ ਰਹੀ ਸੀ।  

ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ ਵਿਚ ਡਰ  

ਡਾ. ਵਰਿੰਦਰ ਗਰਗ ਨੇ ਕਿਹਾ ਕਿ ਸੋਸ਼ਲ ਮੀਡੀਆ ਉਤੇ ਵੀ ਕੁਝ ਵਹਿਮ ਭਰਮ ਫੈਲਾਉਣ ਵਾਲੇ ਲੋਕ ਹਮੇਸ਼ਾ ਐਕਟੀਵ ਰਹਿੰਦੇ ਹਨ, ਜੋ ਕੋਰੋਨਾ ਵੈਕਸੀਨ ਲਗਾਉਣ ਦੇ ਡਰ ਨੂੰ ਹੋਰ ਜ਼ਿਆਦਾ ਭੜਕਾਉਣ ਲਈ ਹਮੇਸ਼ਾਂ ਤਰ੍ਹਾਂ-ਤਰ੍ਹਾਂ ਦੀਆਂ ਸਾਜਿਸ਼ਾਂ ਘੜਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪੋਲੀਓ ਵਰਗੀ ਬਿਮਰੀ ਫੈਲੀ ਸੀ ਤਾਂ ਉਸਦੀ ਵੈਕਸੀਨ ਲਈ ਪੂਰਾ ਵਿਸ਼ਵ ਲੱਗਿਆ ਹੋਇਆ ਸੀ ਤਾਂ ਉਸਦੇ ਵਿਚ ਵੀ ਸਾਨੂੰ ਬਹੁਤ ਮੁਸ਼ੱਕਤ ਨਾਲ ਯੂਨੀਵਰਸਲ ਟੀਕਾਕਰਣ ਲਈ ਸਮਾਂ ਲੱਗਿਆ।

ਉਨ੍ਹਾਂ ਕਿਹਾ ਕਿ ਜੋ ਇਸ ਤਰ੍ਹਾਂ ਦੇ ਲੋਕ ਹਨ ਉਹ ਸਰਕਾਰ ਬਾਰੇ, ਕੋਰੋਨਾ ਬਾਰੇ, ਵੈਕਸੀਨ ਦੇ ਕੰਟੈਂਟ ਉਤੇ ਜਾਂ ਵੈਕਸੀਨੇਸ਼ਨ ਦੇ ਪ੍ਰੋਗਰਾਮ ਉਤੇ ਸਵਾਲ ਚੁੱਕਦੇ ਹਨ, ਉਹ ਸਮਾਜਿਕ ਤੌਰ ਤੇ ਵੀ ਦੇਸ਼ ਦਾ ਨੁਕਸਾਨ ਕਰਦੇ ਹਨ ਤੇ ਵਿਅਕਤੀਗਤ ਤੌਰ ਤੇ ਜਿਹੜੇ ਲੋਕ ਉਨ੍ਹਾਂ ਦੇ ਪਿੱਛੇ ਲੱਗ ਰਹੇ ਹਨ ਉਨ੍ਹਾਂ ਨੂੰ ਕੋਰੋਨਾ ਮਹਾਮਾਰੀ ਦੇ ਹੱਥਾਂ ਵਿਚ ਸੁੱਟ ਰਹੇ ਹਨ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦਾ ਇੰਨਾ ਵੱਡਾ ਸਿਸਟਮ ਕੋਰੋਨਾ ਵੈਕਸੀਨ ਲਗਾ ਰਿਹਾ ਹੈ ਉਸ ਉਤੇ ਭਰੋਸਾ ਕੀਤਾ ਜਾਵੇ ਅਤੇ ਸੋਸ਼ਲ ਮੀਡੀਆ ਉਤੇ ਬੈਠੇ ਲੋਕਾਂ ਦੀਆਂ ਅਫਵਾਹਾਂ ਤੋਂ ਬਚਿਆ ਜਾਵੇ।

ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਕੋਰੋਨਾ ਦੇ ਵੈਕਸੀਨ ਲੱਗ ਜਾਂਦੀ ਹੈ ਤਾਂ ਵੈਕਸੀਨ ਲੱਗਣ ਤੋਂ ਤਰੁੰਤ ਬਾਅਦ ਸਾਡੀ ਇਮੁਨਿਟੀ ਸ਼ੁਰੂ ਨਹੀਂ ਹੁੰਦੀ, ਵੈਕਸੀਨ ਦੋ ਡੋਜ਼ ਵਿਚ ਲਗਦੀ ਹੈ ਅਤੇ 4 ਹਫ਼ਤਿਆਂ ਦੇ ਅੰਤਰ ਨਾਲ ਇਹ ਦੋ ਡੋਜ਼ ਲਗਦੀਆਂ ਹਨ। ਉਨ੍ਹਾਂ ਕਿਹਾ ਕਿ ਦੂਜੀ ਡੋਜ਼ ਲੱਗਣ ਦੇ 4 ਜਾਂ 5 ਹਫ਼ਤਿਆਂ ਬਾਅਦ ਵੱਖ-ਵੱਖ ਤਰ੍ਹਾਂ ਦਾ ਇਮੁਨਿਟੀ ਸਿਸਟਮ ਪ੍ਰਾਪਤ ਹੁੰਦਾ ਹੈ।

ਉਨ੍ਹਾਂ ਦੱਸਿਆਂ ਕਿ ਜਿਵੇਂ ਵੈਕਸੀਨ ਲਗਾਉਣ ਤੋਂ ਬਾਅਦ ਵੀ ਕਿਸੇ ਇਕ-ਦੋ ਵਿਅਕਤੀ ਨੂੰ ਕੋਰੋਨਾ ਹੋ ਜਾਂਦਾ ਹੈ ਤਾਂ ਉਨ੍ਹਾਂ ਦਾ ਇਮੁਨਿਟੀ ਸਿਸਟਮ ਚੰਗਾ ਨਾ ਹੋਣਾ ਹੋਵੇਗਾ ਪਰ ਜਿਹੜੀ ਮੇਜਰ ਵੈਕਸੀਨ ਮੰਜ਼ੂਰ ਹੋਈ ਹੈ ਤੇ ਉਸਦੇ ਲਗਾਉਣ ਦਾ ਸ਼ਡਿਊਲ ਬਣਿਆ ਹੈ ਉਹ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਹੀ ਬਣਿਆ ਹੈ। ਉਨ੍ਹਾਂ ਕਿਹਾ ਵੈਕਸੀਨ ਦੇ ਮਾਪਦੰਡਾਂ ਦੀ, ਵੈਕਸੀਨ ਦੇ ਲਗਾਉਣ ਦੀ ਅੰਤਰਾਸ਼ਟਰੀ ਪੱਧਰ ਉਤੇ ਸ਼ਲਾਘਾ ਹੋਈ ਹੈ, ਭਾਰਤ ਦੀ ਬਹੁਤ ਸ਼ਲਾਘਾ ਹੋਈ ਹੈ। ਉਨ੍ਹਾਂ ਕਿਹਾ ਕਿ ਪੋਲੀਓ ਸਮੇਂ ਸਾਨੂੰ ਇਸ ਤੋਂ ਵੀ ਜ਼ਿਆਦਾ ਸਮਾਂ ਲੱਗ ਗਿਆ ਸੀ ਪਰ ਕੋਰੋਨਾ ਵੈਕਸੀਨ ਨੂੰ ਲੈ ਕੇ ਅਸੀਂ ਪੂਰੀ ਦੁਨੀਆ ਨੂੰ ਪਛਾੜ ਰਹੇ ਹਾਂ।