ਚੰਡੀਗੜ੍ਹ : ਲੋਕ ਸਭਾ ਚੋਣਾਂ ਤਹਿਤ ਪੰਜਾਬ ਦੀਆਂ 13 ਸੀਟਾਂ ਲਈ ਭਲਕੇ 17 ਮਈ ਸ਼ਾਮੀਂ 5 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ, ਪਰ ਉਮੀਦਵਾਰਾਂ ਨੂੰ ਵੋਟਰਾਂ ਨਾਲ ਘਰ-ਘਰ ਜਾ ਕੇ ਸੰਪਰਕ ਕਰਨ ਦੀ ਖੁੱਲ੍ਹ ਰਹੇਗੀ। 19 ਮਈ ਨੂੰ ਵੋਟਾਂ ਪੈਣਗੀਆਂ। 13 ਹਲਕਿਆਂ ਲਈ ਕੁੱਲ 278 ਉਮੀਦਵਾਰ ਮੈਦਾਨ ਵਿਚ ਹਨ ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 23 ਮਈ ਨੂੰ ਸੁਣਾਇਆ ਜਾਵੇਗਾ।
ਪੰਜਾਬ ਵਿਚ ਵੋਟਰਾਂ ਦੀ ਕੁੱਲ ਗਿਣਤੀ 2,03,74,375 ਹੈ। ਇਨ੍ਹਾਂ ਵਿਚੋਂ 1,07,54,157 ਮਰਦ ਅਤੇ 96,19,722 ਮਹਿਲਾ ਵੋਟਰ ਹਨ। ਇਨ੍ਹਾਂ ਤੋਂ ਇਲਾਵਾ 507 ਕਿੰਨਰ ਅਤੇ 393 ਐਨ.ਆਰ.ਆਈ. ਵੋਟਰ ਹਨ। ਵਿਸ਼ੇਸ਼ ਵਰਗ ਦੇ ਵੋਟਰਾਂ ਦੀ ਗਿਣਤੀ 68,551 ਹੈ। ਚੋਣ ਅਮਲ ਸਹੀ ਢੰਗ ਨਾਲ ਚਲਾਉਣ ਲਈ ਰਾਜ ਭਰ ਵਿਚ 2,32,136 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ ਪੇਂਡੂ ਖੇਤਰ ਦੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 16,394 ਹੈ।
ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ 70.89% ਪੋਲਿੰਗ ਹੋਈ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ 78.57% ਵੋਟਾਂ ਪਈਆਂ ਸਨ । ਪੰਜਾਬ ਦੇ ਮੁੱਖ ਚੋਣ ਅਫ਼ਸਰ ਕਰੁਣਾ ਐਸ ਰਾਜੂ ਨੇ ਕਿਹਾ ਕਿ 17 ਮਈ ਸ਼ਾਮ 5 ਵਜੇ ਤੋਂ ਖੁੱਲ੍ਹਮ-ਖੁੱਲ੍ਹਾ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਅਤੇ ਨਾਲ ਹੀ ਉਸੇ ਦਿਨ ਤੋਂ 48 ਘੰਟਿਆਂ ਲਈ ਸ਼ਰਾਬ ਦੇ ਠੇਕੇ ਬੰਦ ਰੱਖਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।