ਦਸ਼ਮੇਸ਼ ਪਿਤਾ ਦਾ ਪੁੱਤ ਹੋਣ ਦੇ ਨਾਤੇ ਸੰਸਦ ’ਚ ਦਹਾੜ-ਦਹਾੜ ਚੁੱਕਾਂਗਾ ਲੋਕਾਂ ਦੇ ਮੁੱਦੇ: ਮਨਮੋਹਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣ ਮਨਮੋਹਨ ਸਿੰਘ ਖ਼ਾਲਸਾ

Manmohan Singh Khalsa's interview on Spokesman tv

ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਸ਼੍ਰੀ ਮਨਮੋਹਨ ਸਿੰਘ ਖ਼ਾਲਸਾ ਨੇ ‘ਸਪੋਕਸਮੈਨ ਟੀਵੀ’ ਦੇ ਪੱਤਰਕਾਰ ਸੁਰਖਾਬ ਚੰਨ ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਆਜ਼ਾਦ ਚੋਣ ਲੜਨ ਪਿੱਛੇ ਕੀ ਮਕਸਦ ਹੈ ਤੇ ਕਿਹੜੇ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਉਹ ਪਾਰਲੀਮੈਂਟ ਵਿਚ ਚੁੱਕਣਾ ਚਾਹੁੰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਵੀ ਕੁਝ ਅਹਿਮ ਤੱਥ ‘ਸਪੋਕਸਮੈਨ’ ਜ਼ਰੀਏ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ।

ਇਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਕਾਰਨ ਦੱਸਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਕਲਗੀਧਰ ਪਾਤਸ਼ਾਹ ਦਾ ਸਿੱਖ ਹੋਣ ਦੇ ਨਾਅਤੇ ਉਨ੍ਹਾਂ ਦੇ ਆਜ਼ਾਦ ਖ਼ਿਆਲਾਤ ਹਨ। ਇਸ ਲਈ ਜੇਕਰ ਕਿਸੇ ਪਾਰਟੀ ਨਾਲ ਉਹ ਜੁੜਦੇ ਤਾਂ ਕਿਸੇ ਨਾ ਕਿਸੇ ਦੀ ਗੁਲਾਮੀ ਕਰਨੀ ਪੈਣੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਕਹਿੰਦੇ ਹਨ ਕਿ ‘ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ’, ਕਾਂਗਰਸ ਨਹੀਂ ਕਿਹਾ, ਕੈਪਟਨ ਦੀ ਸਰਕਾਰ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਜਿਸ ਦੀ ਕਮਾਂਡ ਦਿੱਲੀ ਵਿਚ ਹੈ ਉਹ ਪੰਜਾਬ ਦਾ ਕੀ ਕਿਸੇ ਵੀ ਖੇਤਰ ਦਾ ਭਲਾ ਨਹੀਂ ਕਰ ਸਕਦੀ।

ਜਿੰਨਾਂ ਚਿਰ ਕਾਂਗਰਸ ਗਾਂਧੀ ਪਰਵਾਰ ਨਾਲ ਜੁੜੀ ਰਹੇਗੀ ਉਨ੍ਹਾਂ ਚਿਰ ਤਰੱਕੀ ਨਹੀਂ ਕਰ ਸਕੇਗੀ। ਦਿੱਲੀ ਵਿਚ ਚੋਣਾਂ ਲੜਨ ਦੇ ਤਜ਼ਰਬੇ ਬਾਰੇ ਮਨਮੋਹਨ ਸਿੰਘ ਨੇ ਕਿਹਾ ਕਿ ਉੱਥੇ ਵੀ ਸਿਰਫ਼ ਪੈਸੇ ਦੀ ਖੇਡ, ਜਾਤੀਵਾਦ ਤੇ ਵੰਸ਼ਵਾਦ ਦੀ ਰਾਜਨੀਤੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਇਸ ਸਮੇਂ ਜਿੰਨੀਆਂ ਵੀ ਪਾਰਟੀਆਂ ਹਨ ਸਭ ਇੱਕੋ ਜਿਹੀਆਂ ਹੀ ਹਨ। ਆਮ ਆਦਮੀ ਪਾਰਟੀ ਪੰਜਾਬ ਵਿਚ ਇਕ ਆਸ ਉਮੀਦ ਲੈ ਕੇ ਆਈ ਸੀ। ਚਾਰ ਐਮ.ਪੀ. ਸੀਟਾਂ ਤੋਂ ਜਿੱਤ ਹਾਸਲ ਕੀਤੀ ਪਰ ਹੁਣ ਚਾਰੋ ਐਮ.ਪੀ. ਵੱਖ-ਵੱਖ ਦਿਸ਼ਾਵਾਂ ਵਿਚ ਭੱਜ ਗਏ।

ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਅਪਣੇ ਚਾਰ ਐਮ.ਪੀ. ਇਕੱਠੇ ਨਹੀਂ ਰੱਖ ਸਕਦੀ, ਟੀਮ ਇਕੱਠੀ ਨਹੀਂ ਰੱਖ ਸਕਦੀ ਉਹ ਪਾਰਟੀ ਕਾਹਦੀ ਰਹਿ ਗਈ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਵਿਚ ਨਫ਼ਰਤ ਫੈਲਾਈ ਹੈ ਜਾਤ ਦੇ ਨਾਮ ’ਤੇ, ਧਰਮ ਦੇ ਨਾਂਅ ’ਤੇ। ਇਸੇ ਨਫ਼ਰਤ ਦੀ ਰਾਜਨੀਤੀ ਨੂੰ ਖ਼ਤਮ ਕਰਨ ਲਈ ਮੈਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪਾਰਲੀਮੈਂਟ ਇਕ ਜੰਗਲ ਬਣੀ ਹੋਈ ਹੈ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੋਣ ਦੇ ਨਾਅਤੇ ਖ਼ੁਦ ਨੂੰ ਇਕ ਸ਼ੇਰ ਸਮਝਦਾ ਹਾਂ ਜੋ ਪਾਰਲੀਮੈਂਟ ਵਿਚ ਦਹਾੜ-ਦਹਾੜ ਕੇ ਲੋਕਾਂ ਦੇ ਮੁੱਦੇ ਚੁੱਕੇਗਾ।

ਉਨ੍ਹਾਂ ਕਿਹਾ ਕਿ ਸੱਚ ਤੋਂ ਉਪਰ ਕੁਝ ਨਹੀਂ ਹੁੰਦਾ ਤੇ ਮੇਰੇ ਅੰਦਰ ਜਿਹੜਾ ਸੱਚ ਬੈਠਾ ਹੋਇਆ ਹੈ ਉਸ ਦੇ ਸਾਹਮਣੇ ਸਾਰੇ ਹੋਰ ਸਿਆਸੀ ਨੇਤਾ ਗਿੱਦੜ ਹਨ। ਮੈਂ ਕਰੋੜਾਂ ਦੇ ਘਪਲਿਆਂ ਦਾ ਖ਼ੁਲਾਸਾ ਕੀਤਾ ਹੈ ਤੇ ਉਨ੍ਹਾਂ ਦੀ ਵਿਜੀਲੈਂਸ ਵਲੋਂ ਜਾਂਚ ਕਰਵਾਈ ਗਈ ਤਾਂ ਵੱਡੇ-ਵੱਡੇ ਅਫ਼ਸਰਾਂ ਨੂੰ ਦੋਸ਼ੀ ਪਾਇਆ ਗਿਆ। ਉਨ੍ਹਾਂ ਕਿਹਾ ਕਿ ਡੀਜੀਪੀ ਦੀਆਂ ਰਿਪੋਰਟਾਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਭ੍ਰਿਸ਼ਟ ਅਫ਼ਸਰਾਂ ਨੂੰ ਬਚਾਇਆ ਗਿਆ। ਮੈਨੂੰ ਫਿਰ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਮੇਰੀ 3 ਸਾਲ ਦੀ ਤਨਖ਼ਾਹ ਅਜੇ ਤੱਕ ਬਕਾਇਆ ਪਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲੜਨਾ ਪਿਆ।

ਅਨੰਦਪੁਰ ਸਾਹਿਬ ਦੇ ਮੁੱਦਿਆਂ ਬਾਰੇ ਗੱਲਬਾਤ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ 70 ਸਾਲ ਹੋ ਗਏ ਹਨ ਦੇਸ਼ ਆਜ਼ਾਦ ਹੋਏ ਨੂੰ, ਅਨੰਦਪੁਰ ਸਾਹਿਬ ਦੀ ਧਰਤੀ ਇਸ ਦੁਨੀਆਂ ਦੀ ਇਨਕਲਾਬੀ ਧਰਤੀ ਹੈ। ਵਾਰ-ਵਾਰ ਜਿੰਨੇ ਵੀ ਅਕਾਲੀ, ਭਾਜਪਾ, ਕਾਂਗਰਸੀ ਆਏ, ਸਭ ਨੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਲਈ ਫੋਕੇ ਬਿਆਨ ਦਿਤੇ ਪਰ ਕਰਵਾਇਆ ਕੁਝ ਨਹੀਂ ਤੇ ਮੇਰਾ ਪਹਿਲਾ ਇਹ ਕੰਮ ਹੋਵੇਗਾ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਇਕ ਜ਼ਿਲ੍ਹਾ ਬਣਾਇਆ ਜਾਵੇ ਤਾਂ ਜੋ ਉੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ।

ਉਨ੍ਹਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਪਿੰਡਾਂ, ਸ਼ਹਿਰਾਂ ਨੂੰ ਸਾਰੀਆਂ ਸੜਕਾਂ ਨੂੰ ਠੀਕ ਕਰਵਾਇਆ ਜਾਵੇਗਾ ਤੇ ਜ਼ਿਲ੍ਹੇ ਨੂੰ ਟੋਲ ਮੁਕਤ ਕੀਤਾ ਜਾਵੇਗਾ। ਟੋਲ ਲਗਾ ਕੇ ਸਰਕਾਰਾਂ ਲੋਕਾਂ ਦੇ ਟਾਈਮ ਤੇ ਪੈਸੇ ਦੀ ਲੁੱਟ ਕਰ ਰਹੀਆਂ ਹਨ, ਇਸ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਟੋਲ ਟੈਕਸ ਨਹੀਂ ਇਹ ਗੁੰਡਾ ਟੈਕਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ਼ ਹੈ ਸੜਕਾਂ ਬਣਾਉਣੀਆਂ ਨਾ ਕਿ ਪ੍ਰਾਈਵੇਟ ਕੰਪਨੀਆਂ ਦਾ। ਜਦੋਂ ਸਰਕਾਰ ਇੰਨੇ ਟੈਕਸ ਇਕੱਠੇ ਕਰ ਸਕਦੀ ਹੈ ਤਾਂ ਫਿਰ ਸੜਕਾਂ ਕਿਉਂ ਨਹੀਂ ਬਣਾ ਸਕਦੀ?

ਉਨ੍ਹਾਂ ਕਿਹਾ ਕਿ ਮੁੱਦੇ ਮੇਰੇ ਕੋਲ ਬਹੁਤ ਹਨ ਤੇ ਮੈਂ ਦੱਸਾਂਗਾ ਕਿ ਲੀਡਰ ਕਿਸ ਨੂੰ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਚਾਹੇ ਜਿੱਤਾਂ ਜਾਂ ਹਾਰਾਂ ਮੈਨੂੰ ਇਸ ਦੀ ਪਰਵਾਹ ਨਹੀਂ ਪਰ ਮੈਂ ਇਨਕਲਾਬ ਲੈ ਕੇ ਹਰ ਘਰ ਵਿਚ ਜਾਵਾਂਗਾ ਤੇ ਲੋਕਾਂ ਨੂੰ ਦੱਸਾਂਗਾ ਕਿ ਬਿਨਾਂ ਪੈਸੇ ਤੋਂ ਬਾਜ਼ੀ ਕਿਵੇਂ ਜਿੱਤੀ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਵਜੋਂ ਖੜ੍ਹ ਜਾਂਦੇ ਤਾਂ ਕਾਂਗਰਸ ਸਰਕਾਰ ਦੀ ਜਿੱਤ ਪੱਕੀ ਸੀ ਕਿਉਂਕਿ ਦੇਸ਼ ਵਿਚ ਅੱਜ ਹਰ ਕੌਮ ਮੋਦੀ ਤੋਂ ਬਹੁਤ ਦੁਖੀ ਹੈ।

ਉਨ੍ਹਾਂ ਕਿਹਾ ਕਿ ਮੋਦੀ ’ਤੇ ਤਾਂ ਇੱਥੋਂ ਤੱਕ ਇਲਜ਼ਾਮ ਲੱਗ ਰਹੇ ਹਨ ਕਿ ਪੁਲਵਾਮਾ ਹਮਲੇ ਦੇ ਪਿੱਛੇ ਮੋਦੀ ਦਾ ਹੱਥ ਹੈ। ਜੇ ਕੋਈ ਚੰਗਾ ਪ੍ਰਧਾਨ ਮੰਤਰੀ ਹੁੰਦਾ ਤਾਂ ਇਸ ਦੀ ਜਾਂਚ ਕਰਵਾਉਂਦਾ ਕਿ ਇੰਨੀ ਵੱਡੀ ਮਾਤਰਾ ਵਿਚ ਆਰਡੀਐਕਸ ਕਿੱਥੋਂ ਆਇਆ ਤੇ ਕਿਵੇਂ ਪਹੁੰਚਾਇਆ ਗਿਆ ਤੇ ਫਿਰ ਇਸ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਦਿਵਾਉਂਦੇ। ਰਾਹੁਲ ਗਾਂਧੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗਾਂਧੀ ਪਰਵਾਰ ਨਾਲੋਂ ਕਿਤੇ ਗੁਣਾ ਵਧੀਆ ਹਨ। ਇਸ ਲਈ ਜੇ ਉਹ ਪ੍ਰਧਾਨ ਮੰਤਰੀ ਵਜੋਂ ਖੜ੍ਹਦੇ ਤਾਂ ਕਾਂਗਰਸ ਦੀ ਜਿੱਤ ਪੱਕੀ ਸੀ।

ਰਾਹੁਲ ਗਾਂਧੀ ਨੂੰ ਲੋਕ ਪੱਪੂ ਕਹਿੰਦੇ ਹਨ ਤੇ ਉਸ ਨੂੰ ਤਾਂ ਪਾਰਲੀਮੈਂਟ ਵਿਚ ਬੈਠਣ ਦਾ ਢੰਗ ਨਹੀਂ ਉਹ ਕੀ ਦੇਸ਼ ਦਾ ਭਲਾ ਕਰੇਗਾ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਪੰਜਾਬ ਤੱਕ ਹੀ ਸੀਮਿਤ ਨਹੀਂ ਰਹਾਂਗਾ ਸਗੋਂ ਸਮੁੱਚੀ ਇਨਸਾਨੀਅਤ ਲਈ ਆਵਾਜ਼ ਚੁੱਕਾਂਗਾ। ਮੇਰੇ ਮੁੱਦਿਆਂ ਵਿਚ ਇਹ ਵੀ ਸ਼ਾਮਲ ਹੋਣਗੇ ਕਿ ਭਿਖਾਰੀ ਮੁਕਤ ਇਲਾਕਾ ਬਣਾਇਆ ਜਾਵੇ, ਕੋਈ ਵੀ ਰੁਜ਼ਗਾਰ ਤੇ ਰੋਟੀ ਤੋਂ ਵਾਂਝਾ ਨਹੀਂ ਰਹੇਗਾ। ਸਿੱਖਿਆ ਮਾਫ਼ੀਆ, ਮੈਡੀਕਲ ਮਾਫ਼ੀਆ ਇਹ ਸਭ ਖ਼ਤਮ ਕੀਤਾ ਜਾਵੇਗਾ ਕਿਉਂਕਿ ਇਨ੍ਹਾਂ ਖੇਤਰਾਂ ਵਿਚ ਲੋਕਾਂ ਦੀ ਬਹੁਤ ਜ਼ਿਆਦਾ ਲੁੱਟ ਖਸੁੱਟ ਹੋ ਰਹੀ ਹੈ।

ਸਿੱਖਿਆ ਮੁਫ਼ਤ ਕੀਤੀ ਜਾਵੇਗੀ ਤੇ ਹਰ ਸੁਵਿਧਾ ਸਰਕਾਰੀ ਹਸਪਤਾਲਾਂ ਵਿਚ ਮਿਲੇਗੀ ਉਹ ਵੀ ਮੁਫ਼ਤ। ਉਨ੍ਹਾਂ ਕਿਹਾ ਕਿ ਹੁਣ ਇਕ ਵਾਰ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇਨਕਲਾਬ ਦੀ ਸ਼ੁਰੂਆਤ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੁਰਾਣੀਆਂ ਪਾਰਟੀਆਂ ਜਿੰਨ੍ਹਾਂ ਨੇ ਤੁਹਾਨੂੰ ਲੁੱਟਿਆ, ਗੁੰਮਰਾਹ ਕੀਤਾ, ਉਹ ਵੋਟਾਂ ਤੋਂ ਬਾਅਦ 5 ਸਾਲਾਂ ਮਗਰੋਂ ਨਜ਼ਰ ਆਉਂਦੇ ਹਨ ਇਸ ਲਈ ਉਨ੍ਹਾਂ ਮਗਰ ਨਾ ਲੱਗੋ ਤੇ ਸੱਚ ਦੀ ਪਹਿਚਾਣ ਕਰੋ। ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਚੰਦੂਮਾਜਰਾ ਸਾਬ੍ਹ ਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਅਪਣੇ 5 ਸਾਲਾਂ ਵਿਚ ਮਿਲੀ 25 ਕਰੋੜ ਗਰਾਂਟ ਨੂੰ ਕਿੱਥੇ ਖਰਚ ਕੀਤਾ ਹੈ।

ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਅਪਣੀ ਗਰਾਂਟ ਨੂੰ ਸਹੀ ਜਗ੍ਹਾ ’ਤੇ ਲਗਾ ਨਹੀਂ ਸਕਦਾ ਉਸ ਨੂੰ ਤਾਂ ਐਮ.ਪੀ ਖੜ੍ਹਨ ਦਾ ਹੀ ਹੱਕ ਨਹੀਂ, ਜਿੱਤਣਾ ਤਾਂ ਦੂਰ ਦੀ ਗੱਲ ਹੈ। ਮਨੀਸ਼ ਤਿਵਾੜੀ ਹੁਣ ਚੋਣਾਂ ਤੋਂ ਪਹਿਲਾਂ ਹੀ ਨਜ਼ਰ ਨਹੀਂ ਆ ਰਿਹਾ, ਬਾਅਦ ਵਿਚ ਤਾਂ ਆਉਣਾ ਹੀ ਕੀ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਤਿਵਾੜੀ ਦੇ ਪਿਤਾ ਉਤੇ ਸਿੱਖ ਨਸਲਕੁਸ਼ੀ ਦੇ ਇਲਜ਼ਾਮ ਹਨ ਤੇ ਇਨ੍ਹਾਂ ਦੇ ਸੁਪਰੀਮ ਕੋਰਟ ਵਿਚ ਕੇਸ ਅਜੇ ਵੀ ਚੱਲ ਰਹੇ ਹਨ। ਝਾੜੂ ਪੂਰੀ ਤਰ੍ਹਾਂ ਖਿਲਰ ਕੇ ਤੀਲਾ-ਤੀਲਾ ਹੋ ਗਿਆ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਪੁਰਾਣੀਆਂ ਪਾਰਟੀਆਂ ਨੂੰ ਛੱਡੋ ਤੇ ਸੱਚ ਦੀ ਪਛਾਣ ਕਰੋ ਤੇ ਉਨ੍ਹਾਂ ਨੂੰ ਪਾਰਲੀਮੈਂਟ ਵਿਚ ਭੇਜੋ।

Related Stories