ਵੋਟਿੰਗ ਦੌਰਾਨ ਪੰਜਾਬ ਦੇ ਵੋਟਰਾਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ
ਪਾਣੀ, ਕੁਰਸੀਆਂ, ਪੱਖਿਆਂ ਸਮੇਤ ਮੈਡੀਕਲ ਸਹੂਲਤ ਦਾ ਹੋਵੇਗਾ ਪ੍ਰਬੰਧ
ਚੰਡੀਗੜ੍ਹ- ਪੰਜਾਬ ਵਿਚ 19 ਮਈ ਨੂੰ ਵੋਟਾਂ ਵਾਲੇ ਦਿਨ ਹੁਣ ਵੋਟਰਾਂ ਨੂੰ ਗਰਮੀ ਵਿਚ ਨਹੀਂ ਖੜ੍ਹਨਾ ਪਵੇਗਾ, ਨਾ ਹੋਵੇਗੀ ਪੀਣ ਵਾਲੇ ਪਾਣੀ ਦੀ ਦਿੱਕਤ, ਬਲਕਿ ਵੋਟਾਂ ਪਾਉਣ ਆਏ ਵੋਟਰਾਂ ਨੂੰ ਹੋਰ ਵੀ ਕਈ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਵੋਟ ਪਾਉਣ ਵੇਲੇ ਕੋਈ ਪਰੇਸ਼ਾਨੀ ਨਾ ਹੋਵੇ। ਜੀ ਹਾਂ ਇਹ ਹਦਾਇਤਾਂ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੀ ਗਈਆਂ ਹਨ।
ਜਿਨ੍ਹਾਂ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐੱਸ. ਕਰੁਣਾ ਰਾਜੂ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੋਟਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ, ਬੈਠਣ ਲਈ ਕੁਰਸੀਆਂ, ਟੈਂਟ ਦਾ ਪ੍ਰਬੰਧ, ਮੈਡੀਕਲ ਕਿੱਟ, ਪੱਖੇ ਲਗਾਉਣ ਲਈ ਬਿਜਲੀ ਦਾ ਪ੍ਰਬੰਧ, ਹੈਲਪ ਡੈਸਕ, ਸੰਕੇਤਕ ਚਿੰਨ੍ਹ, ਪਖਾਨੇ, ਵਲੰਟੀਅਰ, ਵੋਟਰਾਂ ਨਾਲ ਆਉਣ ਵਾਲੇ ਛੋਟੇ ਬੱਚਿਆਂ ਲਈ ਕ੍ਰੈਚ ਅਤੇ ਅਟੈਂਡੇਂਟ, ਵੋਟਰ ਲਾਈਨ ਦਾ ਪ੍ਰਬੰਧ ਅਤੇ ਵੋਟਰਾਂ ਦੀ ਸਹੂਲਤ ਲਈ ਲੋੜ ਅਨੁਸਾਰ ਪੋਸਟਰ ਲਗਵਾਏ ਜਾਣਗੇ।
ਜਿਸ ਨਾਲ ਵੋਟਰਾਂ ਨੂੰ ਪਹਿਲਾਂ ਵਾਂਗ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ ਪਿਊਪਲ ਵਿਦ ਡਿਸਏਬਲਟੀ ਵੋਟਰਾਂ ਲਈ ਵਿਸ਼ੇਸ ਪ੍ਰਬੰਧ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਜਿਸ ਤਹਿਤ ਉਹਨਾਂ ਨੂੰ ਵੋਟਰ ਹੈਲਪਲਾਈਨ ਨੰਬਰ 1950 ਦੀ ਸਹੂਲਤ, ਵੋਟ ਪਾਉਣ ਲਈ ਜਾਣ ਅਤੇ ਵਾਪਿਸ ਘਰ ਆਉਣ ਵਾਸਤੇ ਗੱਡੀ ਦੀ ਸਹੂਲਤ, ਵੀਲ੍ਹ ਚੇਅਰ, ਪੋਲਿੰਗ ਬੂਥ ਵਾਲੀ ਇਮਾਰਤ ਵਿਚ ਜਾਣ ਲਈ ਰੈਂਪ ਦੀ ਸਹੂਲਤ
ਵੋਟ ਬੂਥ ਤੱਕ ਜਾਣ ਲਈ ਸਹਾਇਕ ਵਜੋਂ ਵਲੰਟੀਅਰ ਤਾਇਨਾਤ ਕਰਨ, ਬਿਨਾਂ ਲਾਈਨ ਵਿਚ ਲੱਗੇ ਵੋਟ ਪਾਉਣ ਦੀ ਸਹੂਲਤ, ਬ੍ਰੇਲ ਭਾਸ਼ਾ ਵਿਚ ਈਵੀਐਮ ਅਤੇ ਸੰਕੇਤਕ ਭਾਸ਼ਾ ਪੋਸਟਰ ਦੀ ਸਹੂਲਤ ਦਿਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਇਹ ਸਭ ਕੁੱਝ ਵੋਟਰਾਂ ਨੂੰ ਅਪਣੀ ਵੋਟ ਸ਼ਕਤੀ ਦੀ ਵਰਤੋਂ ਕਰਨ ਵਾਸਤੇ ਪ੍ਰੇਰਿਤ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਅਪਣੇ ਵੋਟ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਮਰਜ਼ੀ ਦੇ ਉਮੀਦਵਾਰ ਅਤੇ ਸਰਕਾਰ ਚੁਣ ਸਕਣ।
ਦਸ ਦਈਏ ਕਿ ਵੋਟਰਾਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਦੀ ਵਜ੍ਹਾ ਕਰਕੇ ਹਰ ਵਾਰ ਬਹੁਤ ਸਾਰੇ ਵੋਟਰ ਵੋਟਾਂ ਪਾਉਣ ਹੀ ਨਹੀਂ ਆਉਂਦੇ। ਜਿਸ ਕਾਰਨ ਵੋਟ ਪ੍ਰਤੀਸ਼ਤਤਾ ਵਿਚ ਵੀ ਕਮੀ ਆਉਂਦੀ ਹੈ ਹੁਣ ਜਦੋਂ ਚੋਣ ਕਮਿਸ਼ਨ ਵਲੋਂ ਵੋਟਰਾਂ ਲਈ ਇਨ੍ਹਾਂ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਵਾਰ ਵੋਟ ਪ੍ਰਤੀਸ਼ਤਤਾ ਵਿਚ ਕਿੰਨਾ ਕੁ ਫ਼ਰਕ ਆਉਂਦਾ।