ਪੰਜਾਬ 'ਚ ਵੋਟਾਂ ਤੋਂ ਪਹਿਲਾਂ ਅਤਿਵਾਦੀ ਹਮਲੇ ਦਾ ਖ਼ਤਰਾ ; ਹਾਈ ਅਲਰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਹਨਾਂ ਅਤੇ ਰੇਲ ਗੱਡੀਆਂ ਦੀ ਜਗ੍ਹਾ-ਜਗ੍ਹਾ 'ਤੇ ਕੀਤੀ ਜਾ ਰਹੀ ਹੈ ਜਾਂਚ

Lok Sabha Election : High alert in Punjab

ਚੰਡੀਗੜ੍ਹ : ਲੋਕ ਸਭਾ ਦੇ ਅੰਤਮ ਗੇੜ ਦੀ ਵੋਟਿੰਗ 19 ਮਈ ਨੂੰ ਹੋਣੀ ਹੈ। ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਵੀ ਇਸੇ ਦਿਨ ਵੋਟਿੰਗ ਹੋਵੇਗੀ। ਪਿਛਲੇ ਦਿਨੀਂ ਕੌਮਾਂਤਰੀ ਅੱਤਵਾਦੀ ਐਲਾਨਿਆ ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਪੰਜਾਬ 'ਚ ਚੋਣਾਂ ਦੌਰਾਨ ਗੜਬੜੀ ਕਰਨ ਦੀ ਫ਼ਿਰਾਕ 'ਚ ਹੈ। ਸੁਰੱਖਿਆ ਏਜੰਸੀਆਂ ਵੱਲੋਂ ਜਾਰੀ ਕੀਤੀ ਚਿਤਾਵਨੀ ਤੋਂ ਬਾਅਦ ਸੂਬੇ 'ਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਪੰਜਾਬ, ਪਾਕਿਸਤਾਨ ਸਰਹੱਦ ਨਾਲ ਲਗਦਾ ਹੈ। ਇੱਥੋਂ ਦੇ ਕਈ ਰੇਲਵੇ ਸਟੇਸ਼ਨ ਤੇ ਸ਼ਹਿਰ ਸਰਹੱਦ ਨਾਲ ਲਗਦੇ ਹੋਣ ਕਾਰਨ ਅਤਿ ਸੰਵੇਦਨਸ਼ੀਲ ਹੈ।

ਖ਼ੁਫ਼ੀਆ ਏਜੰਸੀਆਂ ਮੁਤਾਬਕ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ 19 ਮਈ ਨੂੰ ਪੰਜਾਬ ਵਿਚ ਹੋਣ ਜਾ ਰਹੇ ਮਤਦਾਨ ਤੋਂ ਪਹਿਲਾਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ ਹੈ ਜਿਸ ਕਾਰਨ ਪੂਰੇ ਪੰਜਾਬ ਵਿਚ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਸ਼ਹਿਰ ਵਿਚ ਵੀ ਚੱਲਣ ਵਾਲੇ ਵਾਹਨਾਂ ਦੀ ਜਗ੍ਹਾ-ਜਗ੍ਹਾ 'ਤੇ ਤਲਾਸ਼ੀ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅਤਿਵਾਦੀ ਹਮਲੇ ਨੂੰ ਵੇਖਦੇ ਹੋਏ ਸੁਰੱਖਿਆ ਬਲਾਂ ਦੇ ਵਾਹਨਾਂ ਦੇ ਕਾਫ਼ਿਲੇ ਦੇ ਆਉਣ-ਜਾਣ 'ਚ ਵੀ ਜ਼ਿਆਦਾ ਸਾਵਧਾਨੀ ਵਰਤੀ ਜਾ ਰਹੀ ਹੈ।

ਸੁਰੱਖਿਆ ਏਜੰਸੀਆਂ ਜੰਮੂ-ਤਵੀ ਤੋਂ ਪੰਜਾਬ ਵਿਚ ਖ਼ਾਸਕਰ ਸਰਹੱਦੀ ਹਿੱਸਿਆਂ ਤੋਂ ਲੰਘਣਾ ਵਾਲੀਆਂ ਰੇਲ ਗੱਡੀਆਂ 'ਤੇ ਖ਼ਾਸ ਨਜ਼ਰ ਰੱਖ ਰਹੀਆਂ ਹਨ। ਪਿਛਲੇ ਚਾਰ ਦਿਨਾਂ ਵਿਚ ਜੰਮੂ-ਤਵੀ ਤੋਂ ਅਹਿਮਦਾਬਾਦ ਜਾ ਰਹੀ ਜੰਮੂ-ਤਵੀ ਐਕਸਪ੍ਰੈੱਸ ਰੇਲਗੱਡੀ ਨੂੰ ਇਕ ਹੀ ਦਿਨ ਵਿਚ ਇਕ ਨਹੀਂ ਤਿੰਨ-ਤਿੰਨ ਵੱਡੇ ਸਟੇਸ਼ਨਾਂ 'ਤੇ ਰੋਕ ਕੇ ਵੱਖ-ਵੱਖ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ 'ਚ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ।

ਹਾਲਾਂਕਿ ਇਸ ਜਾਂਚ ਦਾ ਕਾਰਨ ਅਧਿਕਾਰੀਆਂ ਵੱਲੋਂ ਚੋਣਾਂ ਨੂੰ ਵੇਖਦੇ ਹੋਏ ਇਸ ਨੂੰ ਰੂਟੀਨ ਦੀ ਚੈਕਿੰਗ ਦੱਸਿਆ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਨਾਲ ਐਸ.ਪੀ., ਐਸ.ਐਸ.ਪੀ. ਰੈਂਕ ਦੇ ਕਈ ਅਧਿਕਾਰੀ 250-300 ਪੁਲਿਸ ਤੇ ਨੀਮ ਫ਼ੌਜ ਬਲਾਂ ਦੇ ਜਵਾਨਾਂ ਨਾਲ ਅਚਨਚੇਤ ਜੰਮੂਤਵੀ ਤੋਂ ਆ ਰਹੀਆਂ ਰੇਲ ਗੱਡੀਆਂ ਦੇ ਕੁਝ ਕੋਚਾਂ ਦੀ ਜਾਂਚ ਕਰ ਰਹੇ ਹਨ, ਉਹ ਕਿਤੇ-ਨਾ-ਕਿਤੇ ਰੂਟੀਨ ਜਾਂ ਨਾ ਹੋ ਕੇ ਕੁਝ ਹੋਰ ਹੀ ਸੰਦੇਸ਼ ਦੇ ਰਹੀ ਹੈ। ਬਰਗਾੜੀ ਕਾਂਡ ਸਬੰਧੀ ਪਹਿਲਾਂ ਹੀ ਸੂਬੇ ਵਿਚ ਸਥਿਤੀ ਤਣਾਅਪੂਰਨ ਹੈ। ਚੋਣਾਂ ਵਿਚ ਰਾਜਨੀਤਕ ਪਾਰਟੀਆਂ ਵੱਲੋਂ ਇਹ ਮੁੱਦਾ ਹੋਰ ਗਰਮਾ ਗਿਆ ਹੈ।

ਅਜਿਹੇ ਮਾਹੌਲ ਨੂੰ ਹੋਰ ਵਿਗਾੜਨ ਲਈ ਜੈਸ਼-ਏ-ਮੁਹੰਮਦ ਆਪਣੇ ਖਤਰਨਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਘੜ ਰਿਹਾ ਹੈ ਜਿਸ ਦੀ ਭਿਣਕ ਸੁਰੱਖਿਆ ਏਜੰਸੀਆਂ ਨੂੰ ਸਮਾਂ ਰਹਿੰਦੇ ਲੱਗ ਗਈ ਹੈ। ਜਿਸ ਤਹਿਤ ਹੀ ਫ਼ਰੀਦਕੋਟ, ਬਠਿੰਡਾ, ਫਿਰੋਜ਼ਪੁਰ ਤੇ ਤਰਨਤਾਰਨ ਦੇ ਲੋਕ ਸਭਾ ਹਲਕੇ ਦੇ ਜ਼ਿਆਦਾਤਰ ਪੋਲਿੰਗ ਬੂਥਾਂ 'ਤੇ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਵੋਟਾਂ ਵਾਲੇ ਦਿਨ ਪੰਜਾਬ 'ਚ 12 ਹਜ਼ਾਰ ਬੂਥ ਕੇਂਦਰਾਂ ਉਪਰ ਕੇਂਦਰੀ ਬਲਾਂ ਦੀਆਂ 125 ਕੰਪਨੀਆਂ ਤਾਇਨਾਤ ਰਹਿਣਗੀਆਂ। ਸੰਵੇਦਨਸ਼ੀਲ ਹਲਕਿਆਂ ਵਿਚ ਬਠਿੰਡਾ, ਪਟਿਆਲਾ,ਫ਼ਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਸ਼ਾਮਲ ਹਨ।