ਨਕਲੀ ਬੀਜ, ਕੀਟਨਾਸ਼ਕ ਅਤੇ ਖਾਦਾਂ ਵੇਚਣ ਵਾਲੇ ਡੀਲਰਾਂ ਦੀ ਕਰੋ ਸ਼ਿਕਾਇਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੈਲਪਲਾਈਨ ਨੰਬਰ 84373-12288 ਅਤੇ ਈ-ਮੇਲ qccpunjab2019@gmail.com 'ਤੇ ਭੇਜੋ ਸ਼ਿਕਾਇਤਾਂ

Punjab Government set up a mobile & Email helpline to nab erring dealers supply fake agri inputs

ਚੰਡੀਗੜ੍ਹ : ਪੰਜਾਬ ਸਰਕਾਰ ਨੇ ਗ਼ੈਰ-ਮਿਆਰੀ ਬੀਜ, ਕੀਟਨਾਸ਼ਕ ਅਤੇ ਖਾਦਾਂ ਦੀ ਵਿਕਰੀ ਰੋਕਣ ਦੇ ਉਦੇਸ਼ ਨਾਲ ਮੋਬਾਈਲ ਹੈਲਪਲਾਈਨ ਨੰਬਰ 84373-12288 ਸਥਾਪਤ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੂਬੇ 'ਚ ਕਿਸੇ ਵੀ ਥਾਂ 'ਤੇ ਗ਼ੈਰ-ਮਿਆਰੀ ਖੇਤੀ ਸਮਗਰੀ ਦੀ ਹੁੰਦੀ ਵਿਕਰੀ ਬਾਰੇ ਇਸ ਸਹਾਇਤਾ ਨੰਬਰ 'ਤੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਇਨ੍ਹਾਂ ਮਾੜੇ ਅਨਸਰਾਂ ਵਿਰੁਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ।

ਇਕ ਪੱਤਰ 'ਚ ਖੇਤੀਬਾੜੀ ਵਿਭਾਗ ਨੇ ਲੋਕਾਂ ਖਾਸ ਕਰ ਕੇ ਕਿਸਾਨ ਭਾਈਚਾਰੇ ਦੇ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਮਿਲਵਾਟੀ ਖੇਤੀ ਲਾਗਤਾਂ ਦੀ ਸਪਲਾਈ ਬਾਰੇ ਕਿਸੇ ਤਰ੍ਹਾਂ ਦੀ ਘਟਨਾ ਵਿਭਾਗ ਦੇ ਧਿਆਨ ਵਿਚ ਲਿਆਉਣ ਲਈ ਆਖਿਆ। ਵਿਭਾਗ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸੇ ਸਬੰਧ 'ਚ ਵਿਭਾਗ ਨੇ ਈਮੇਲ qccpunjab2019@gmail.com ਵੀ ਸਥਾਪਤ ਕੀਤੀ ਹੈ ਜਿੱਥੇ ਸ਼ਿਕਾਇਤਾਂ ਭੇਜੀਆਂ ਜਾ ਸਕਦੀਆਂ ਹਨ ਤਾਂ ਕਿ ਉਨ੍ਹਾਂ ਦਾ ਫੌਰੀ ਨਿਪਟਾਰਾ ਕੀਤਾ ਜਾ ਸਕੇ।

ਖੇਤੀਬਾੜੀ ਵਿਭਾਗ ਦੇ ਸਕੱਤਰ ਅਤੇ 'ਤੰਦਰੁਸਤ ਮਿਸ਼ਨ' ਦੇ ਡਾਇਰੈਕਟਰ ਕੇ.ਐਸ. ਪੰਨੂੰ ਨੇ ਕਿਸਾਨਾਂ ਨੂੰ ਖੇਤੀ ਸਮਗਰੀ ਦੀ ਗ਼ੈਰ-ਕਾਨੂੰਨੀ ਵਿਕਰੀ ਕਰਨ ਵਾਲੇ ਗੈਰ-ਲਾਇਸੰਸਸ਼ੁਦਾ ਅਤੇ ਅਣਅਧਿਕਾਰਤ ਡੀਲਰ ਬਾਰੇ ਉਪਰੋਕਤ ਮੋਬਾਈਲ ਨੰਬਰ ਜਾਂ ਈ-ਮੇਲ 'ਤੇ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਸੂਚਨਾ ਦੇਣ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਗੁਪਤ ਰੱਖੀ ਜਾਵੇਗੀ।