ਬਾਦਲ ਨੇ ਅਪਣੇ ਕਾਰਜਕਾਲ ਦੌਰਾਨ ਗੁਰਪੁਰਬ ਮਨਾਉਣ ਅਤੇ ਕੀਰਤਨ 'ਤੇ ਲਾਈ ਸੀ ਪਾਬੰਦੀ : ਦਾਦੂਵਾਲ
ਇਨਸਾਫ਼ ਮੋਰਚੇ ਦੇ ਆਗੂਆਂ ਨੇ ਹੈਰਾਨੀ ਪ੍ਰਗਟਾਈ ਕਿ ਇਕ ਪਾਸੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਰੈਲੀਆਂ ਦੇ ਨਾਂਅ 'ਤੇ ਪੰਜਾਬ ਦਾ ਮਾਹੌਲ ਖ਼ਰਾਬ.............
ਕੋਟਕਪੂਰਾ : ਇਨਸਾਫ਼ ਮੋਰਚੇ ਦੇ ਆਗੂਆਂ ਨੇ ਹੈਰਾਨੀ ਪ੍ਰਗਟਾਈ ਕਿ ਇਕ ਪਾਸੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਰੈਲੀਆਂ ਦੇ ਨਾਂਅ 'ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਦੀ ਅਮਨ ਸ਼ਾਂਤੀ ਲਈ ਅਪਣੀ ਜਾਨ ਤਕ ਕੁਰਬਾਨ ਕਰਨ ਦਾ ਕਹਿ ਕੇ ਪਖੰਡ ਕਰਦਿਆਂ ਦੋਗਲਾ ਕਿਰਦਾਰ ਅਪਣਾਉਣ ਵਾਲੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ।
ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਦੇ ਕਿਸੇ ਵੀ ਪਿੰਡ, ਸ਼ਹਿਰ ਜਾਂ ਕਸਬੇ 'ਚ ਬਾਦਲਾਂ ਨੂੰ ਕੋਈ ਵੀ ਮੂੰਹ ਲਾਉਣ ਨੂੰ ਤਿਆਰ ਨਹੀਂ, ਬਾਦਲ ਅਪਣੇ ਤਨਖ਼ਾਹਦਾਰ ਅਹੁਦੇਦਾਰਾਂ ਨੂੰ ਨਾਲ ਲੈ ਕੇ ਡੇਰਾ ਪ੍ਰੇਮੀਆਂ ਦੀ ਮਿਲੀਭੁਗਤ ਨਾਲ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਦੀ ਤਿਆਰੀ 'ਚ ਹਨ। ਭਾਈ ਦਾਦੂਵਾਲ ਨੇ ਜਾਗਦੀ ਜਮੀਰ ਵਾਲੇ ਟਕਸਾਲੀ ਅਕਾਲੀਆਂ ਵਲੋਂ ਬਾਦਲਾਂ ਦਾ ਖਹਿੜਾ ਛੱਡ ਦੇਣ ਸਬੰਧੀ ਖ਼ੁਸ਼ੀ ਜ਼ਾਹਰ ਕਰਦਿਆਂ ਹੋਰਨਾਂ ਟਕਸਾਲੀਆਂ ਨੂੰ ਅਪੀਲ ਕੀਤੀ ਕਿ ਉਹ ਬਾਦਲਾਂ ਦੇ ਡੁੱਬਦੇ ਬੇੜੇ ਨੂੰ ਅਲਵਿਦਾ ਕਹਿਣ ਦੀ ਦੇਰੀ ਨਾ ਕਰਨ।
ਭਾਈ ਦਾਦੂਵਾਲ ਨੇ ਯਾਦ ਕਰਾਇਆ ਕਿ ਬਾਦਲਾਂ ਨੇ ਆਪਣੇ ਦਸ ਸਾਲ ਦੇ ਰਾਜਭਾਗ ਦੌਰਾਨ ਭੀਖੀ-ਮਾਨਸਾ 'ਚ ਗੁਰਪੁਰਬ ਮਨਾਉਣ ਅਤੇ ਕੋਟਸ਼ਮੀਰ 'ਚ ਕੀਰਤਨ ਦੀਵਾਨ ਸਜਾਉਣ 'ਤੇ ਪਾਬੰਦੀ ਲਾ ਦਿਤੀ ਸੀ ਤੇ ਅੱਜ ਬਾਦਲਾਂ ਨੂੰ ਅਪਣੇ ਹੀ ਹੱਥਾਂ ਨਾਲ ਦਿਤੀ ਗੰਢਾਂ ਦੰਦਾਂ ਨਾਲ ਖੋਲ੍ਹਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਭਾਈ ਧਿਆਨ ਸਿੰਘ ਮੰਡ ਸਮੇਤ ਹੋਰ ਵੀ ਬੁਲਾਰਿਆਂ ਨੇ ਸੰਬੋਧਨ ਕੀਤਾ। ਇਨਸਾਫ਼ ਮੋਰਚੇ 'ਚ 107ਵੇਂ ਦਿਨ ਜੰਮੂ ਕਸ਼ਮੀਰ ਸਮੇਤ ਵੱਖ-ਵੱਖ ਥਾਵਾਂ ਤੋਂ ਜਥਿਆਂ ਦੇ ਰੂਪ 'ਚ ਪੁੱਜੇ ਵੱਡੇ-ਵੱਡੇ ਕਾਫ਼ਲਿਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।