ਸਿਆਸੀ ਮੰਚ 'ਤੇ ਵੀ 'ਫ਼ਿਲਮੀ' ਹੋਏ ਸੰਨੀ ਦਿਓਲ: ਵਿਰੋਧੀਆਂ ਨੂੰ ਦਿਵਾਈ 'ਢਾਈ ਕਿਲੋ ਦੇ ਹੱਥ' ਦੀ ਯਾਦ!

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸੀ ਵਿਧਾਇਕ ਨੇ ਸਾਧਿਆ ਨਿਸ਼ਾਨਾ

file photo

ਪਠਾਨਕੋਟ : ਫ਼ਿਲਮਾਂ 'ਚ ਦੰਮਦਾਰ ਭੂਮਿਕਾ ਨਿਭਾਉਣ ਵਾਲੇ ਫ਼ਿਲਮੀ ਹੀਰੋ ਸੰਨੀ ਦਿਓਲ ਹੁਣ ਸਿਆਸੀ ਮੰਚ 'ਤੇ ਵੀ 'ਫ਼ਿਲਮੀ' ਤੇਵਰ ਅਪਣਾਉਂਦੇ ਨਜ਼ਰ ਆ ਰਹੇ ਹਨ। ਫ਼ਿਲਮਾਂ ਅੰਦਰ ਉਨ੍ਹਾਂ ਦੇ 'ਢਾਈ ਕਿਲੋ' ਵਾਲੇ ਹੱਥ ਦਾ ਕਮਾਲ ਦਰਸ਼ਕ ਫ਼ਿਲਮੀ ਪਰਦੇ ਉਪਰ ਵੇਖ ਹੀ ਚੁੱਕੇ ਹਨ। ਕਿਵੇਂ ਉਹ ਪਲਾਂ ਵਿਚ ਹੀ ਵੱਡੇ-ਵੱਡੇ ਨਾਢੂਖਾਨਾਂ ਨੂੰ ਧੂੜ ਚਟਾ ਦਿੰਦੇ ਹਨ।

ਉਨ੍ਹਾਂ ਦੀ ਇਸੇ ਅਦਾ ਨੇ ਉਨ੍ਹਾਂ ਦੇ ਸਿਤਾਰੇ ਨੂੰ ਬੁਲੰਦੀਆਂ ਤਕ ਪਹੁੰਚਾ ਦਿਤਾ ਸੀ। ਇਹੀ ਅਦਾ ਉਨ੍ਹਾਂ ਨੂੰ ਅਪਣੇ ਸਿਆਸੀ ਜੀਵਨ ਵਿਚ ਵੀ ਬੜੀ ਕੰਮ ਆਈ ਜਿਸ ਦੀ ਬਦੌਲਤ ਉਹ ਪਿਛਲੀਆਂ ਲੋਕ ਸਭਾ ਚੋਣਾਂ 'ਚ ਸੰਸਦ ਮੈਂਬਰ ਚੁਣੇ ਗਏ। ਪਰ ਹੁਣ ਇਸੇ ਅਦਾ ਨੂੰ ਸਿਆਸੀ ਮੰਚਾਂ 'ਤੇ ਵਰਤਣਾ ਉਨ੍ਹਾਂ ਨੂੰ ਭਾਰੀ ਪੈਂਦਾ ਜਾਪ ਰਿਹਾ ਹੈ।

ਦਰਅਸਲ ਪਿਛਲੇ ਦਿਨਾਂ ਦੌਰਾਨ ਹਲਕੇ ਅੰਦਰੋਂ ਕਾਫ਼ੀ ਅਰਸਾ ਗਾਇਬ ਰਹਿਣ ਬਾਅਦ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਸਬੰਧੀ ਪੋਸਟਰ ਛਪਵਾ ਦਿਤੇ ਸਨ। ਇਸ ਤੋਂ ਬਾਅਦ ਹੁਣ ਉਹ ਅਪਣੇ ਹਲਕੇ ਅੰਦਰ ਸਰਗਰਮ ਵਿਖਾਈ ਦੇ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਪੋਸਟਰਾਂ ਬਾਰੇ ਮੀਡੀਆ ਦੇ ਇਕ ਹਿੱਸੇ ਵਿਰੁਧ ਵੀ ਭੜਾਸ ਕੱਢੀ ਸੀ।

ਹੁਣ ਉਨ੍ਹਾਂ ਦੇ ਫ਼ਿਲਮੀ ਅੰਦਾਜ਼ ਦਾ ਪ੍ਰਭਾਵ ਉਨ੍ਹਾਂ ਦੇ ਸਿਆਸੀ ਮੰਚਾਂ 'ਤੇ ਵੀ ਪੈਣ ਲੱਗਾ ਹੈ। ਪਠਾਨਕੋਟ ਵਿਖੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 'ਤੁਸੀਂ ਸਾਰੇ ਜਾਣਦੇ ਹੀ ਹੋ, ਕੁਟਾਪਾ ਚਾੜ੍ਹਣ 'ਚ ਮੇਰੇ ਤੋਂ ਵੱਡਾ ਕੋਈ ਨਹੀਂ। ਅਸੀਂ ਜਿਹਨੂੰ ਚੱਕਣਾ ਚੱਕ ਦੇਨੇ ਆਂ, ਪਰ ਮੈਂ ਚਾਹੁੰਦਾ ਹਾਂ ਕਿ ਹਰ ਕੰਮ ਪਿਆਰ ਨਾਲ ਹੋਵੇ, ਕਿਉਂ ਕਿਸੇ ਨੂੰ ਸੱਟ ਦੇਣੀ'।

ਸੰਨੀ ਦਿਓਲ ਦੇ ਇਸ ਲਾਇਲਾਗ 'ਤੇ ਸਿਆਸਤ ਗਰਮਾ ਗਈ ਹੈ। ਪਠਾਨਕੋਟ ਦੇ ਹਲਕਾ ਭੋਮਾ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰਪਾਲ ਨੇ ਸੰਨੀ ਦੇ ਬੋਲਾਂ 'ਤੇ ਤੰਜ਼ ਕਸਦਿਆਂ ਕਿਹਾ ਕਿ ਇਸ ਵਿਚ ਸੰਨੀ ਦਿਓਲ ਦਾ ਕੋਈ ਕਸੂਰ ਨਹੀਂ ਹੈ, ਉਹ ਤਾਂ ਸਿਆਸਤ ਤੋਂ ਬਿਲਕੁਲ ਕੋਰੇ ਹਨ। ਇਸ ਵਿਚ ਸਾਰਾ ਕਸੂਰ ਭਾਜਪਾ ਦਾ ਹੈ। ਸੰਨੀ ਦੀ ਪਤਾ ਨਹੀਂ ਕੀ ਮਜਬੂਰੀ ਰਹੀ ਹੋਵੇਗੀ ਕਿ ਉਹ ਸਿਆਸਤ ਵਿਚ ਆ ਗਏ ਹਨ। ਉਹ ਜਿਹੋ ਜਿਹੇ ਡਾਂਸ ਫ਼ਿਲਮਾਂ ਵਿਚ ਕਰ ਰਹੇ ਸਨ, ਉਹੋ ਜਿਹਾ ਹੀ ਇੱਥੇ ਕਰ ਰਹੇ ਹਨ।