ਸੰਘਰਸ਼ਾਂ ਨਾਲ ਹੀ ਝੁਕਦੀਆਂ ਨੇ ਸਰਕਾਰਾਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਦਾ 84ਵਾਂ ਦਿਨ ਪੂਰਾ ਹੋ ਗਿਆ ਪਰ ਕਿਸਾਨਾਂ ਦੀਆਂ ਮੰਗਾਂ ਮੰਨਣ ਬਾਰੇ ਸਰਕਾਰ ਨੇ ਅਜੇ ਵੀ ਕੋਈ ਲੜ ਸਿਰਾ ਨਹੀਂ ਫੜਾਇਆ।

Farmers Protest

ਲੁਧਿਆਣਾ (ਪ੍ਰਮੋਦ ਕੌਸ਼ਲ): ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਦਾ 84ਵਾਂ ਦਿਨ ਪੂਰਾ ਹੋ ਗਿਆ ਪਰ ਕਿਸਾਨਾਂ ਦੀਆਂ ਮੰਗਾਂ ਮੰਨਣ ਬਾਰੇ ਸਰਕਾਰ ਨੇ ਅਜੇ ਵੀ ਕੋਈ ਲੜ ਸਿਰਾ ਨਹੀਂ ਫੜਾਇਆ। ਹੁਣ ਤਕ ਤੁਸੀ ਪੜਿ੍ਹਆ ਕਿ ਭਾਰਤ ਵਿਚ ਕਾਲ ਕਿੱਥੇ-ਕਿੱਥੇ ਅਤੇ ਕਿਉਂ ਪੈਂਦੇ ਰਹੇ, ਕਿਸ ਤਰ੍ਹਾਂ ਖੇਤੀਬਾੜੀ ਨਾਲ ਸਬੰਧਤ ਕਾਨੂੰਨ ਨਾ ਹੋਣ ਕਰ ਕੇ ਅਤੇ ਮੌਸਮ ਦੀ ਮਾਰ ਪੈਂਦੀ ਰਹਿਣ ਕਰ ਕੇ ਇਹ ਕਾਲ ਪੈਂਦੇ ਸਨ। ਫਿਰ ਆਜ਼ਾਦੀ ਤੋਂ ਕੁੱਝ ਲਹਿਰਾਂ ਬਾਰੇ ਪੜਿ੍ਹਆ। ਦੇਸ਼ ਦੀ ਵੰਡ ਮਗਰੋਂ ਸੱਭ ਤੋਂ ਪਹਿਲੀ ਕਿਸਾਨ ਮੁਜ਼ਾਰਾ ਲਹਿਰ ਸੀ। 

ਇਹ ਕਿਸਾਨ ਲਹਿਰ ਪੈਪਸੂ ਦੀ ਸੱਭ ਤੋਂ ਵੱਡੀ ਲਹਿਰ ਬਣੀ। ਜ਼ਿਲ੍ਹਾ ਮਾਨਸਾ ਵਿਚ ਬਰੇਟਾ ਲਾਗੇ ਪੈਂਦਾ ਕਿਸ਼ਨਗੜ੍ਹ ਪਿੰਡ ਨੂੰ ਮੁਜਾਰਾ ਲਹਿਰ ਦਾ ਮੋਢੀ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਇਹ ਪਿੰਡ ਮੁਜ਼ਾਰਾ ਲਹਿਰ ਅਧੀਨ ਆਉਂਦੇ 784 ਪਿੰਡਾਂ ’ਚੋਂ ਇਕ ਹੈ। ਇਸ ਪਿੰਡ ’ਤੇ 19 ਮਾਰਚ 1949 ਨੂੰ ਫ਼ੌਜ ਨੇ ਮੁਜਾਰਿਆਂ ਨੂੰ ਖਦੇੜਨ ਲਈ ਧਾਵਾ ਵੀ ਬੋਲਿਆ ਸੀ। ਉਸ ਸਮੇਂ ਮੁਜਾਹਰਾ ਲਹਿਰ 8 ਜਨਵਰੀ 1948 ਨੂੰ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਨਕੋਦਰ ਵਿਚ ਹੋਂਦ ’ਚ ਆਈ ਲਾਲ ਪਾਰਟੀ ਦੀ ਅਗਵਾਈ ਹੇਠ ਚੱਲ ਰਹੀ ਸੀ। ਲਾਲ ਪਾਰਟੀ ਦੇ ਸਕੱਤਰ ਕਾਮਰੇਡ ਤੇਜਾ ਸਿੰਘ ਸੁਤੰਤਰ ਸਨ।  

11 ਮਾਰਚ, 1947 ਨੂੰ ਪਟਿਆਲਾ ਗਜ਼ਟ ਵਿਚ ਇਕ ਫ਼ੁਰਮਾਨ ਛਾਪਿਆ ਜਿਸ ਅਨੁਸਾਰ ਦਫ਼ਾ 5 ਦੇ ਮਰੂਸ ਮੁਜ਼ਾਰੇ ਚੌਥੇ ਹਿੱਸੇ ਦੀ ਜ਼ਮੀਨ ਵਿਸਵੇਦਾਰ ਨੂੰ ਦੇ ਕੇ ਬਾਕੀ ਜ਼ਮੀਨ ਦੇ ਮਾਲਕ ਬਣ ਸਕਦੇ ਸਨ ਅਤੇ ਦੂਜੇ ਮੁਜਾਰੇ ਪੰਜ ਹਿੱਸਿਆਂ ’ਚੋਂ ਦੋ ਹਿੱਸੇ ਵਿਸਬੇਦਾਰ ਨੂੰ ਦੇ ਕੇ ਬਾਕੀ ਜ਼ਮੀਨ ਦੇ ਮਾਲਕ ਬਣ ਸਕਦੇ ਸਨ।  ਮੁਜਾਰਾ ਬਾਰ ਕੌਂਸਲ ਅਤੇ ਪੈਪਸੂ ਕਿਸਾਨ ਸਭਾ ਨੇ ਇਹ ਫ਼ੁਰਮਾਨ ਮੁਢੋਂ ਹੀ ਰੱਦ ਕਰ ਦਿਤਾ।

ਗਿਆਨ ਸਿੰਘ ਰਾੜੇਵਾਲਾ ਨੂੰ ਨਾਮਜ਼ਦ ਸਰਕਾਰ ਦਾ ਮੁੱਖ ਮੰਤਰੀ ਬਣਾਇਆ ਗਿਆ, ਜੋ ਮਹਾਰਾਜਾ ਪਟਿਆਲਾ, ਯਾਦਵਿੰਦਰ ਸਿੰਘ ਦਾ ਮਾਮਾ ਸੀ। ਯਾਦਵਿੰਦਰ ਸਿੰਘ ਨੂੰ ਪੈਪਸੂ ਦਾ ਰਾਜ ਪ੍ਰਮੁੱਖ ਜਾਂ ਗਵਰਨਰ ਬਣਾ ਦਿਤਾ ਗਿਆ ਜਿਸ ਕਾਰਨ ਇਸ ਨੂੰ ਮਾਮੇ-ਭਾਣਜੇ ਦੀ ਸਰਕਾਰ ਵੀ ਕਿਹਾ ਜਾਂਦਾ ਸੀ। ਭਾਵੇਂ ਭਾਰਤ ਆਜ਼ਾਦ ਹੋ ਗਿਆ ਸੀ ਪਰ ਪੈਪਸੂ ਦੇ ਮੁਜ਼ਾਰੇ ਹਾਲੇ ਵੀ ਗ਼ੁਲਾਮੀ ਵਾਲੀ ਹਾਲਤ ਵਿਚ ਸਨ। 

ਇਕ ਘਟਨਾ 16 ਮਾਰਚ 1949 ਦੀ ਹੈ। ਬਰੇਟਾ ਸਟੇਸ਼ਨ ’ਤੋਂ ਉੱਤਰ ਕੇ ਪੁਲਿਸ ਘੋੜਿਆਂ ’ਤੇ ਸਵਾਰ ਹੋ ਕੇ ਕਿਸ਼ਨਗੜ੍ਹ ਵਲ ਆ ਰਹੀ ਸੀ ਤਾਂ ਮੁਜ਼ਾਰਿਆਂ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਲੱਗ ਗਿਆ। ਪੁਲਿਸ ਦੇ ਕਿਸ਼ਨਗੜ੍ਹ ਪਹੁੰਚਣ ’ਤੇ ਉਨ੍ਹਾਂ ਦਾ ਮੁਜ਼ਾਰਿਆਂ ਨਾਲ ਸਾਹਮਣਾ ਹੋਇਆ। ਇਸ ਝੜਪ ਵਿਚ ਇਕ ਥਾਣੇਦਾਰ ਪ੍ਰਦੁਮਨ ਸਿੰਘ ਅਤੇ ਇਕ ਮਾਲ ਪਟਵਾਰੀ ਸੁਖਦੇਵ ਸਿੰਘ ਆਹਲੂਵਾਲੀਆ ਮਾਰੇ ਗਏ, ਬਾਕੀ ਸੱਭ ਭੱਜ ਗਏ।

ਲਗਭਗ ਤਿੰਨ ਮੁਜ਼ਾਰੇ ਆਗੂਆਂ ਅਤੇ ਹੋਰ ਲੋਕਾਂ ’ਤੇ ਕੇਸ ਦਰਜ ਕੀਤੇ ਗਏ। ਇਹ ਪਹਿਲੀ ਘਟਨਾ ਸੀ, ਜਿਸ ਦੌਰਾਨ ਮੁਜ਼ਾਰਿਆਂ ਦੀ ਸਰਕਾਰੀ ਅਮਲੇ ਸਮੇਤ ਵਿਸਬੇਦਾਰਾਂ ਨਾਲ ਸਿੱਧੀ ਟੱਕਰ ਹੋਈ।  ਮਹਾਰਾਜਾ ਪਟਿਆਲਾ ਨੇ ਉਸੇ ਵੇਲੇ ਮਾਰਸ਼ਲ ਲਾਅ ਲਗਾ ਕੇ ਪਿੰਡ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦੇ ਦਿਤਾ ਸੀ। 
  19 ਮਾਰਚ, 1949 ਦੀ ਸਵੇਰ ਹੋਣ ਤੋਂ ਪਹਿਲਾਂ 400 ਫ਼ੌਜੀਆਂ ਅਤੇ ਤਕਰੀਬਨ 100 ਪੁਲਿਸ ਮੁਲਾਜ਼ਮਾਂ ਨੇ ਪਿੰਡ ਨੂੰ ਘੇਰਾ ਪਾ ਲਿਆ। 11 ਟੈਂਕ ਤੇ 5 ਹਥਿਆਰਾਂ ਨਾਲ ਭਰੀਆਂ ਗੱਡੀਆਂ ਨਾਲ ਲੈਸ ਫ਼ੌਜ ਦੀ ਅਗਵਾਈ ਮੇਜਰ ਗੁਰਦਿਅਲ ਸਿੰਘ ਬਰਾੜ ਕਰ ਰਹੇ ਸਨ।

ਇਸ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਫ਼ੌਜ ਨੇ ਘੇਰਾ ਪਾ ਕੇ ਮਾਰਸ਼ਲ ਲਾਅ ਲਗਾਉਣ ਦਾ ਐਲਾਨ ਕਰ ਦਿਤਾ। ਪਿੰਡ ਵਾਸੀਆਂ ਨੂੰ ਘੇਰੇ ’ਚੋਂ ਬਾਹਰ ਆ ਕੇ ਵਿਸਵੇਦਾਰਾਂ ਦੀ ਹਵੇਲੀ ਵਿਚ ਇਕੱਠੇ ਹੋਣ ਲਈ ਕਿਹਾ। ਅਜਿਹਾ ਨਾ ਕਰਨ ’ਤੇ ਪਿੰਡ ਨੂੰ ਤੋਪਾਂ ਨਾਲ ਉਡਾ ਦੇਣ ਦੀ ਚਿਤਾਵਨੀ ਦਿਤੀ ਗਈ। 

ਦੇਸ਼ ਦੇ ਉਸ ਵੇਲੇ ਦੇ ਗ੍ਰਹਿ ਮੰਤਰੀ ਕੈਲਾਸ਼ ਨਾਥ ਕਾਟਜੂ ਨੇ ਕਿਸ਼ਨਗੜ੍ਹ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਸੰਨ 1953 ਵਿਚ ਤਿੰਨ ਕਾਨੂੰਨ ਬਣਾਏ ਗਏ, ਆਲ੍ਹਾ ਮਾਲਕੀ ਹੱਕਾਂ ਦੇ ਖ਼ਾਤਮੇ ਸਬੰਧੀ ਕਾਨੂੰਨ 1953 ਮਰੂਸੀ ਮੁਜ਼ਾਰਿਆਂ ਨੂੰ ਮਾਲਕੀ ਹੱਕ ਦੇਣ ਲਈ ਕਾਨੂੰਨ 1953 ਮੁਜ਼ਾਰਾ ਅਤੇ ਖੇਤੀਬਾੜੀ ਕਮਿਸ਼ਨ ਕਾਨੂੰਨ 1953 ਇਨ੍ਹਾਂ ਕਾਨੂੰਨਾਂ ਨਾਲ ਮੁਜ਼ਾਰਿਆਂ ਦੀਆਂ ਬਹੁਤੀਆਂ ਸਮੱਸਿਆਵਾਂ ਹੱਲ ਹੋ ਗਈਆਂ।