ਨੱਕੋ-ਨੱਕ ਭਰੀਆਂ ਪੰਜਾਬ ਦੀਆਂ ਜੇਲ੍ਹਾਂ! ਸਮਰੱਥਾ ਤੋਂ ਵੱਧ ਬੰਦੀਆਂ ਦੀ ਗਿਣਤੀ ਬਣੀ ਚੁਣੌਤੀ

ਏਜੰਸੀ

ਖ਼ਬਰਾਂ, ਪੰਜਾਬ

ਸੂਬੇ ਦੀਆਂ 25 ਜੇਲ੍ਹਾਂ ਦੀ ਕੁੱਲ ਸਮਰੱਥਾ 26,904 ਜਦਕਿ ਕੁੱਲ 30,477 ਬੰਦੀ

Image: For representation purpose only

 

ਚੰਡੀਗੜ੍ਹ:  ਪੰਜਾਬ ਦੀਆਂ ਜੇਲ੍ਹਾਂ ਵਿਚ ਸਮਰੱਥਾ ਤੋਂ ਵੱਧ ਬੰਦੀਆਂ ਦੀ ਗਿਣਤੀ ਚੁਣੌਤੀ ਬਣਦੀ ਜਾ ਰਹੀ ਹੈ। ਇਹਨਾਂ ਵਿਚ ਵੱਡੀ ਗਿਣਤੀ ਵਿਚਾਰ ਅਧੀਨ ਬੰਦੀਆਂ ਦੀ ਹੈ। ਦਰਅਸਲ ਪੰਜਾਬ ਵਿਚ ਕੁੱਲ 25 ਜੇਲ੍ਹਾਂ ਹਨ, ਜਿਨ੍ਹਾਂ ਦੀ ਸਮਰੱਥਾ ਕੁੱਲ 26,904 ਬੰਦੀਆਂ ਦੀ ਹੈ, ਜਦਕਿ ਮੌਜੂਦਾ ਸਮੇਂ ਇਹਨਾਂ ਜੇਲ੍ਹਾਂ ’ਚ 30,477 ਬੰਦੀ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ 1511 ਔਰਤਾਂ ਅਤੇ 28,957 ਪੁਰਸ਼ ਬੰਦ ਹਨ।

ਇਹ ਵੀ ਪੜ੍ਹੋ: ਕਾਮੇਡੀਅਨ ਅਤੇ ਆਪ ਆਗੂ ਖਿਆਲੀ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ

ਪਿਛਲੇ ਇਸ ਸਾਲ ਦੌਰਾਨ ਪੰਜਾਬ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ 13,094 ਕੇਸ ਦਰਜ ਕਰਕੇ 17,568 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿਚ 85 ਫ਼ੀਸਦ ਕੈਦੀਆਂ ਦੀ ਉਮਰ 40 ਸਾਲ ਤੋਂ ਘੱਟ ਹੈ। ਇਹਨਾਂ ਦਾ ਅੰਕੜਾ 25,854 ਬਣਦਾ ਹੈ। ਇਸ ਦੇ ਚਲਦਿਆਂ ਇਕ-ਇਕ ਬੈਰਕ ਵਿਚ ਸਮਰੱਥਾ ਤੋਂ ਦੁੱਗਣੀ ਗਿਣਤੀ ’ਚ ਬੰਦੀ ਬੰਦ ਕੀਤੇ ਗਏ ਹਨ।

ਇਹ ਵੀ ਪੜ੍ਹੋ: ਪਿੰਡ ਵਾਸੀਆਂ ਨੇ ਪੇਸ਼ ਕੀਤੀ ਮਿਸਾਲ, 700 ਲੋਕਾਂ ਨੇ ਕਰੀਬ 10 ਲੱਖ ਰੁਪਏ ਅਤੇ ਸਾਮਾਨ ਦੇ ਕੇ ਬੰਨ੍ਹੀ ਦੋ ਧੀਆਂ ਦੀ ਨਾਨਕਸ਼ੱਕ

ਜੇਕਰ ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਕਪੂਰਥਲਾ, ਲੁਧਿਆਣਾ, ਪਟਿਆਲਾ, ਸੰਗਰੂਰ, ਰੋਪੜ ਤੇ ਅੰਮ੍ਰਿਤਸਰ ਜੇਲ੍ਹ ਵਿਚ ਸਮਰੱਥਾ ਤੋਂ ਕਿਤੇ ਵੱਧ ਬੰਦੀ ਹਨ। ਕੁੱਝ ਸਮਾਂ ਪਹਿਲਾਂ ਹੀ ਸ਼ੁਰੂ ਹੋਈ ਗੋਇੰਦਵਾਲ ਜੇਲ੍ਹ ਵਿਚ 1643 ਬੰਦੀ ਹਨ। ਕੇਂਦਰੀ ਜੇਲ੍ਹ ਲੁਧਿਆਣਾ ਵਿਚ 4354 ਅਤੇ ਕਪੂਰਥਲਾ ਜੇਲ੍ਹ ਵਿਚ 3740, ਪਟਿਆਲਾ ਜੇਲ੍ਹ ਵਿਚ 2481 ਬੰਦੀ ਹਨ।

ਇਹ ਵੀ ਪੜ੍ਹੋ: Women’s Premier League: ਪਟਿਆਲਾ ਦੀ ਕਨਿਕਾ ਅਹੂਜਾ ਨੇ ਖੇਡੀ ਸ਼ਾਨਦਾਰ ਪਾਰੀ, ਕੈਂਸਰ ਨਾਲ ਜੂਝ ਰਹੀ ਹੈ ਮਾਂ

ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ’ਚ ਨਸ਼ਾ ਤਸਕਰ ਫੜੇ ਗਏ ਹਨ, ਜਿਸ ਕਰ ਕੇ ਗਿਣਤੀ ਵਿਚ ਵਾਧਾ ਹੋਇਆ ਹੈ। ਜੇਕਰ ਦੇਸ਼ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਦੇਸ਼ ਵਿਚ ਇਸ ਵੇਲੇ 5.79 ਲੱਖ ਕੁੱਲ ਬੰਦੀ ਜੇਲ੍ਹਾਂ ਵਿਚ ਬੰਦ ਹਨ। ਦੇਸ਼ ’ਚੋਂ ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੀਆਂ ਜੇਲ੍ਹਾਂ ਵਿਚ ਬੰਦੀ ਹਨ, ਜੋ ਕਿ 1.10 ਲੱਖ ਬਣਦੇ ਹਨ। ਇਸ ਮਾਮਲੇ ਵਿਚ ਪੰਜਾਬ ਪੰਜਵੇਂ ਨੰਬਰ ’ਤੇ ਹੈ।