ਨੌਕਰੀ ਦਿਵਾਉਣ ਦੇ ਨਾਂ 'ਤੇ ਗਾਇਕਾ ਨਾਲ ਠੱਗੀ ਤੇ ਕੀਤਾ ਕੁਕਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਠੱਗਣ ਵਾਲੇ ਕੋਈ ਨਾ ਕੋਈ ਬਹਾਨਾ ਘੜ ਹੀ ਲੈਂਦੇ ਹਨ ਤੇ ਆਮ ਲੋਕਾਂ ਅੱਗੇ ਉਹ ਅਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਆਮ ਲੋਕ ਸੌਖੇ ਹੀ ਢੰਗ ਨਾਲ ਉਨ੍ਹਾਂ ਦੇ...

raped

ਖੰਨਾ, (ਕ੍ਰਾਈਮ ਰਿਪੋਰਟਰ) : ਠੱਗਣ ਵਾਲੇ ਕੋਈ ਨਾ ਕੋਈ ਬਹਾਨਾ ਘੜ ਹੀ ਲੈਂਦੇ ਹਨ ਤੇ ਆਮ ਲੋਕਾਂ ਅੱਗੇ ਉਹ ਅਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਆਮ ਲੋਕ ਸੌਖੇ ਹੀ ਢੰਗ ਨਾਲ ਉਨ੍ਹਾਂ ਦੇ ਝਾਂਸੇ ਵਿਚ ਆ ਜਾਂਦੇ ਹਨ। ਇਕ ਅਜਿਹਾ ਹੀ ਵਾਕਿਆ ਇਥੋਂ ਦੀ ਇਕ ਗਾਇਕਾ ਨਾਲ ਵਾਪਰਿਆ ਹੈ। ਕੁੱਝ ਸ਼ਾਤਰ ਵਿਅਕਤੀਆਂ ਨੇ ਗਾਇਕਾ ਨੂੰ ਨਾ ਸਿਰਫ਼ ਠੱਗਿਆ ਹੀ ਬਲਕਿ ਉਸ ਨਾਲ ਮੂੰਹ ਕਾਲਾ ਕਰ ਕੇ ਉਸ ਦੀ ਇੱਜ਼ਤ ਵੀ ਤਾਰ ਤਾਰ ਕਰ ਦਿਤੀ।

ਬੇਟਿਆਂ ਨੂੰ ਪੁਲਿਸ ਵਿਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਖੰਨਾ ਦੀ ਇਕ ਗਾਇਕਾ ਨਾਲ ਜਿਥੇ ਸਾਢੇ 13 ਲੱਖ ਦੀ ਠੱਗੀ ਕੀਤੀ ਗਈ,  ਉਥੇ ਹੀ ਉਸ ਨਾਲ ਕੁਕਰਮ ਵੀ ਕੀਤਾ ਗਿਆ। ਖੰਨਾ ਸਿਟੀ ਥਾਣਾ-1 ਦੀ ਪੁਲਿਸ ਨੇ ਗਾਇਕਾ ਦੀ ਸ਼ਿਕਾਇਤ ਉੱਤੇ ਮਨਦੀਪ ਸਿੰਘ ਨਿਵਾਸੀ ਬੱਸੀਆਂ ਲੁਧਿਆਣਾ ਦਿਹਾਤੀ,  ਅਨੁ ਸ਼ਰਮਾ ਨਿਵਾਸੀ ਆਦਰਸ਼ ਕਲੋਨੀ ਭਾਦਸੋਂ ਰੋਡ ਪਟਿਆਲਾ, ਤਲਵਿੰਦਰ ਸਿੰਘ  ਨਿਵਾਸੀ ਬਸੰਤ ਸਿਟੀ ਲੁਧਿਆਣਾ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। 

ਐਸਐਚਓ ਅਸ਼ਵਿਨੀ ਕੁਮਾਰ ਨੇ ਕਿਹਾ ਕਿ ਕੁਕਰਮ ਗੋਰਾਇਆ ਖੇਤਰ ਵਿਚ ਹੋਇਆ ਤੇ ਉੱਥੋਂ ਦੀ ਪੁਲਿਸ ਦੀ ਜਾਂਚ ਰਿਪੋਰਟ ਤੋਂ ਬਾਅਦ ਕੁਕਰਮ ਦੀ ਧਾਰਾ ਵੀ ਜੋੜ ਦਿਤੀ ਜਾਵੇਗੀ। ਗਾਇਕਾ ਅਨੁਸਾਰ ਉਸ ਨੂੰ ਅਨੁ ਸ਼ਰਮਾ ਨੇ ਮਨਦੀਪ ਸਿੰਘ ਨਾਲ ਮਿਲਾਇਆ ਸੀ। ਉਸ ਨੇ ਕਿਹਾ ਸੀ ਕਿ ਮਨਦੀਪ ਦੇ ਮੰਤਰੀਆਂ ਅਤੇ ਪੁਲਿਸ ਅਫ਼ਸਰਾਂ ਨਾਲ ਗੂੜ੍ਹੇ ਸਬੰਧ ਹਨ। ਉਹ ਉਸ ਦੇ ਦੋਹਾਂ ਬੇਟਿਆਂ ਨੂੰ ਏਐਸਆਈ ਅਤੇ ਡਰਾਈਵਰ ਭਰਤੀ ਕਰਵਾ ਦੇਵੇਗਾ। ਇਸ ਤਰ੍ਹਾਂ 15 ਲੱਖ ਵਿਚ ਸੌਦਾ ਤੈਅ ਹੋ ਗਿਆ ਸੀ।

ਗਾਇਕਾ ਨੇ ਅਪਣੀ ਸ਼ਿਕਾਇਤ ਵਿਚ ਦਸਿਆ ਕਿ ਹਿਆਤ ਹੋਟਲ ਲੁਧਿਆਣਾ ਵਿਚ ਤਲਵਿੰਦਰ ਅਤੇ ਅਨੁ ਸ਼ਰਮਾ ਦੀ ਹਾਜ਼ਰੀ ਵਿਚ ਉਸ ਨੇ 8 ਲੱਖ ਮਨਦੀਪ ਨੂੰ ਦਿਤੇ ਸਨ। 24 ਜੁਲਾਈ 2016 ਨੂੰ ਮਨਦੀਪ ਗਾਇਕਾ ਦੇ ਘਰੋਂ ਵਲੋਂ 5.25 ਲੱਖ ਲੈ ਕੇ  ਗਿਆ। 28 ਦਸੰਬਰ 2016 ਨੂੰ ਮਨਦੀਪ ਜੁਆਇਨਿੰਗ ਲੈਟਰ ਦਿਵਾਉਣ ਦੇ ਬਹਾਨੇ ਉਸ ਨੂੰ ਗੋਰਾਇਆ ਲੈ ਕੇ ਗਿਆ ਅਤੇ ਲੈਟਰ ਦੇਣ ਵਾਲੇ ਦਾ ਐਕਸੀਡੈਂਟ ਹੋਣ ਦਾ ਬਹਾਨਾ ਬਣਾ ਕੇ ਵਾਪਸ ਲੈ ਆਇਆ।

ਗਾਇਕਾ ਮੁਤਾਬਕ 4 ਜਨਵਰੀ 2017 ਨੂੰ ਮਨਦੀਪ ਸਿੰਘ  ਘਰ ਆਇਆ ਅਤੇ ਬੇਟਿਆਂ ਲੈਟਰ ਦਿਵਾਉਣ ਦੇ ਨਾਮ 'ਤੇ ਉਸ ਨੂੰ ਵਿਸ਼ਨੂੰ ਹੋਟਲ ਗੋਰਾਇਆ ਲੈ ਗਿਆ ਅਤੇ ਉਸ ਨਾਲ ਕੁਕਰਮ ਕੀਤਾ। ਪੁਲਿਸ ਉਕਤ ਮੁਲਜ਼ਮਾਂ ਵਿਰੁਧ ਜਾਂਚ 'ਚ ਜੁਟ ਗਈ ਹੈ।