ਲੰਗਰ ਵੰਡਣ ਦੌਰਾਨ ਅਣਗਹਿਲੀ ਪਈ ਮਹਿੰਗੀ, ਮਾਮਲਾ ਦਰਜ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਹੀਂ ਰੱਖਿਆ ਸੋਸ਼ਲ ਡਿਸਟੈਂਸਿੰਗ ਦਾ ਧਿਆਨ

Langer

ਲੁਧਿਆਣਾ : ਕਰੋਨਾ ਕਾਲ ਨੇ ਇਨਸਾਨੀ ਜੀਵਨ ਵਿਚ ਵੱਡੇ ਬਦਲਾਅ ਲਿਆਂਦੇ ਹਨ। ਹੁਣ ਉਹ ਪਹਿਲਾਂ ਵਾਲੀ ਦੁਨੀਆਂ ਨਹੀਂ ਰਹੀ, ਜਦੋਂ ਇਨਸਾਨੀ ਨਜ਼ਦੀਕੀਆਂ ਨੂੰ ਸ਼ੁਭ-ਸ਼ਗਨ ਮੰਨਿਆ ਜਾਂਦਾ ਸੀ। ਹੁਣ ਦੂਰੋਂ ਫ਼ਤਹਿ ਬੁਲਾਉਣ ਦਾ ਜ਼ਮਾਨਾ ਆ ਗਿਐ। ਕਿਸੇ ਰਾਹ ਜਾਂਦੇ ਨੂੰ ਲਿਫ਼ਟ ਦੇ ਕੇ ਭਲਾਈ ਕਰਨਾ ਵੀ ਤੁਹਾਨੂੰ ਮਹਿੰਗਾ ਪੈ ਸਕਦੈ। ਇੰਨਾ ਹੀ ਨਹੀਂ, ਕਿਸੇ ਭੁੱਖੇ ਨੂੰ ਲੰਗਰ ਛਕਾਉਣ ਦਾ ਕਾਰਜ ਵੀ ਤੁਹਾਨੂੰ ਸਮਾਜਿਕ ਦੂਰੀ ਬਣਾ ਕੇ ਕਰਨਾ ਪਵੇਗਾ, ਵਰਨਾ ਕਾਨੂੰਨ ਦਾ ਡੰਡਾ ਤੁਹਾਨੂੰ ਪੜ੍ਹਨੇ ਪਾ ਸਕਦੈ।

ਅਜਿਹਾ ਹੀ ਇਕ ਮਾਮਲਾ ਲੁਧਿਆਣਾ ਵਿਖੇ ਸਾਹਮਣੇ ਆਇਆ ਹੈ ਜਿੱਥੇ ਕੁੱਝ ਨੌਜਵਾਨਾਂ ਨੂੰ ਲੰਗਰ ਵੰਡਣ ਦਾ ਖਮਿਆਜ਼ਾ ਅਦਾਲਤਾਂ ਦੇ ਚੱਕਰ ਕੱਟਣ ਦੇ ਰੂਪ ਵਿਚ ਭੁਗਤਣਾ ਪੈ ਗਿਆ। ਦਰਅਸਲ ਇਨ੍ਹਾਂ ਨੌਜਵਾਨਾਂ ਨੇ ਪੁਲਿਸ ਦੀਆਂ ਚਿਤਾਵਨੀਆਂ ਨੂੰ ਦਰਕਿਨਾਰ ਕਰਦਿਆਂ ਲੰਗਰ ਵਰਤਾਉਣ ਦਾ ਕਾਰਜ ਅਰੰਭਿਆ ਸੀ।

ਇਨ੍ਹਾਂ ਨੇ ਲੰਗਰ ਵਰਤਾਉਣ ਲੱਗਿਆ ਕਰੋਨਾ ਕਾਲ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮ ਨੂੰ ਅਣਗੌਲਿਆ ਕਰ ਦਿਤਾ। ਪੁਲਿਸ ਨੇ ਹੋਰਨਾਂ ਨੂੰ ਅਜਿਹਾ ਨਾ ਕਰਨ ਦੀ ਨਸੀਹਤ ਦੇਣ ਦੇ ਮਕਸਦ ਨਾਲ ਇਨ੍ਹਾਂ ਨੌਜਵਾਨਾਂ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ।

ਕਾਬਲੇਗੌਰ ਹੈ ਕਿ ਪੰਜਾਬ ਅੰਦਰ ਇਹ ਅਜਿਹਾ ਪਹਿਲਾ ਮੌਕਾ ਹੈ, ਜਦੋਂ ਕਿਸੇ ਨੂੰ ਲੰਗਰ ਛਕਾਉਣ ਦੇ ਕਾਰਨ ਮਾਮਲਾ ਦਰਜ ਹੋਇਆ ਹੋਵੇ। ਪੁਲਿਸ ਸੂਤਰਾਂ ਮੁਤਾਬਕ ਪ੍ਰਸ਼ਾਸਨ ਵਲੋਂ ਕਰੋਨਾ ਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਲਾਈਆਂ ਪਾਬੰਦੀਆਂ ਦੇ ਬਾਵਜੂਦ ਕੁੱਝ ਵਿਅਕਤੀਆਂ ਨੇ ਬ੍ਰਾਊਨ ਰੋਡ  'ਤੇ ਕਲਗੀਧਰ ਕੱਟ ਦੇ ਕੋਲ ਲੰਗਰ ਲਾ ਕੇ ਵੰਡਿਆ ਗਿਆ ਸੀ।

ਇਸ ਦੌਰਾਨ ਸੋਸ਼ਲ ਡਿਸਟੈਂਡਿੰਗ ਦੇ ਮਾਪਦੰਡਾਂ ਦਾ ਧਿਆਨ ਨਹੀਂ ਰੱਖਿਆ ਗਿਆ ਜਿਸ ਕਾਰਨ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਐਸਐਚਓ ਸਤਪਾਲ ਮੁਤਾਬਕ ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚ ਪ੍ਰਭਜੋਤ ਸਿੰਘ, ਸਤਿੰਦਰਪਾਲ ਸਿੰਘ, ਵਿੱਕੀ, ਲਵਲੀ, ਚਰਨਪ੍ਰੀਤ ਸਿੰਘ, ਰਾਜਵੀਰ, ਵਿੱਕੀ, ਮੀਰਾ ਮੇਅਰ ਤੋਂ ਇਲਾਵਾ ਹੋਰ 7 ਅਣਪਛਾਤੇ ਵਿਅਕਤੀ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ