'ਆਪ' ਹਾਈ ਕਮਾਨ ਸੂਬਾ ਯੂਨਿਟ 'ਤੇ ਮੁੜ ਗ਼ਲਬਾ ਕਾਇਮ ਕਰਨ ਦੇ ਰੌਂਅ 'ਚ
ਆਮ ਆਦਮੀ ਪਾਰਟੀ ਦੇ 16 ਅਹੁਦੇਦਾਰਾਂ ਨੇ ਅਸਤੀਫ਼ਾ ਪੱਤਰ ਮੀਡੀਆ 'ਚ ਜਨਤਕ ਕਰ ਕੇ ਇਕ ਵਾਰ ਫਿਰ ਪਾਰਟੀ ਅੰਦਰ ਧੁਖ ਰਹੀ ਖ਼ਾਨਾਜੰਗੀ ਭਖਾ ਦਿਤੀ ਹੈ...........
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ 16 ਅਹੁਦੇਦਾਰਾਂ ਨੇ ਅਸਤੀਫ਼ਾ ਪੱਤਰ ਮੀਡੀਆ 'ਚ ਜਨਤਕ ਕਰ ਕੇ ਇਕ ਵਾਰ ਫਿਰ ਪਾਰਟੀ ਅੰਦਰ ਧੁਖ ਰਹੀ ਖ਼ਾਨਾਜੰਗੀ ਭਖਾ ਦਿਤੀ ਹੈ ਹਾਲਾਂਕਿ ਪਾਰਟੀ ਦੀ ਸੂਬਾਈ ਲੀਡਰਸ਼ਿਪ ਖ਼ਾਸਕਰ ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ ਨੇ ਬਾਗ਼ੀ ਸੁਰਾਂ ਨੂੰ ਨਜ਼ਰਅੰਦਾਜ਼ ਕਰਨ ਦਾ ਪ੍ਰਭਾਵ ਬਣਾਇਆ ਹੋਇਆ ਹੈ ਪਰ ਇਸ ਬਾਰੇ ਇਸ਼ਾਰਾ ਕਿਤੇ ਨਾ ਕਿਤੇ ਹਾਈ ਕਮਾਨ ਵਲੋਂ ਵੀ ਮਿਲ ਚੁੱਕਾ ਹੈ ਜਿਸ ਤਹਿਤ ਪ੍ਰਧਾਨਗੀ ਵਜੋਂ ਦਿਤੇ ਭਗਵੰਤ ਮਾਨ (ਐਮਪੀ) ਦੇ ਅਸਤੀਫ਼ੇ ਬਾਰੇ ਸਥਿਤੀ ਦੀ ਅਸਪਸ਼ਟਤਾ ਬਰਕਰਾਰ ਰਖਦਿਆਂ ਸਹਿ ਪ੍ਰਧਾਨ ਬਲਬੀਰ ਸਿੰਘ ਰਾਹੀਂ ਜਥੇਬੰਦਕ ਨਿਯੁਕਤੀਆਂ ਅਤੇ ਹੋਰ ਫ਼ੈਸਲੇ ਜਾਰੀ ਰੱਖੇ ਜਾ
ਰਹੇ ਹਨ। ਪਾਰਟੀ ਹਲਕਿਆਂ ਮੁਤਾਬਕ ਹਾਈ ਕਮਾਨ ਇਹ ਤਾਂ ਸਪੱਸ਼ਟ ਇਸ਼ਾਰਾ ਕਰ ਚੁੱਕੀ ਹੈ ਕਿ ਅਸਤੀਫ਼ੇ ਦੇਣ ਵਾਲਿਆਂ ਨੂੰ 'ਜਾਂਦੇ ਨੇ ਤਾਂ ਜਾਣ ਦਿਤਾ ਜਾਵੇ' ਖਾਸਕਰ ਉਦੋਂ ਜਦੋਂ ਮਜੀਠੀਆ ਮੁਆਫ਼ੀ ਮਾਮਲੇ ਸਣੇ ਕਈ ਅਹਿਮ ਮੌਕਿਆਂ 'ਤੇ ਪਾਰਟੀ ਹਾਈ ਕਮਾਨ ਨੂੰ 'ਅੱਖਾਂ ਵਿਖਾ' ਚੁਕੇ ਪਾਰਟੀ ਵਲੋਂ ਨੇਤਾ ਵਿਰੋਧੀ ਧਿਰ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ੁਦ ਇਕ ਦਿਨ ਪਹਿਲਾਂ ਪਟਿਆਲਾ ਵਿਚ ਵਲੰਟੀਅਰਾਂ ਨਾਲ ਮੀਟਿੰਗ ਕਰ ਕੇ ਆਏ ਹੋਣ ਅਤੇ ਅਗਲੇ ਦਿਨ ਪਟਿਆਲਾ ਸਣੇ ਪਾਰਟੀ ਦੀ ਦੂਜੇ ਮੁਕਾਮ ਦੀ ਅਹਿਮ ਲੀਡਰਸ਼ਿਪ ਨੇ ਸਮੂਹਕ ਅਸਤੀਫ਼ੇ ਐਲਾਨ ਦਿਤੇ ਹੋਣ। ਪਾਰਟੀ ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਵਿਧਾਨ ਸਭਾ ਚੋਣਾਂ 'ਚ
ਹੋਈ ਵੱਡੀ ਹਾਰ ਮਗਰੋਂ ਤਤਕਾਲੀ ਪੰਜਾਬ ਮਾਮਲੇ ਇੰਚਾਰਜ ਸੰਜੇ ਸਿੰਘ ਦਾ ਬਦਲਿਆ ਜਾਣਾ ਅਤੇ ਮੁੜ ਕੇ ਸੰਜੇ ਨੂੰ ਰਾਜ ਸਭਾ ਮੈਂਬਰੀ ਨਾਲ ਨਿਵਾਜਿਆ ਗਿਆ ਹੋਣ ਨੇ ਪਾਰਟੀ ਦੇ ਕੌਮੀ ਪੱਧਰ ਦੇ ਚੋਟੀ ਦੇ ਆਗੂਆਂ 'ਚ ਸ਼ੁਮਾਰ ਸੰਜੇ ਸਿੰਘ ਦੇ ਕਿਸੇ ਸਮੇਂ ਮਜ਼ਬੂਤ ਪੰਜਾਬ ਕਾਡਰ ਨੂੰ ਠਿੱਬੀ ਲਗਣੀ ਪਹਿਲਾਂ ਹੀ ਤੈਅ ਮੰਨੀ ਜਾ ਰਹੀ ਸੀ। ਇਹੋ ਕਾਰਨ ਹੈ ਕਿ ਅਸਤੀਫ਼ਾ ਦੇਣ ਵਾਲਿਆਂ 'ਚ ਪਾਰਟੀ ਦੇ ਪੰਜਾਬ ਮੀਤ ਪ੍ਰਧਾਨ ਅਤੇ ਪਟਿਆਲਾ ਦਿਹਾਤੀ ਇੰਚਾਰਜ ਕਰਨਵੀਰ ਸਿੰਘ ਟਿਵਾਣਾ ਮੋਹਰੀ ਰਹੇ। ਟਿਵਾਣਾ ਸੰਜੇ ਦੀ ਗ਼ੈਰ-ਹਾਜ਼ਰੀ 'ਚ ਪੰਜਾਬ ਅੰਦਰ ਸੰਜੇ ਦੀ 'ਹਾਜ਼ਰੀ' ਮੰਨੇ ਜਾਂਦੇ ਰਹੇ ਹਨ। ਇਸੇ ਤਰ੍ਹਾਂ ਮਾਮਲਾ ਜਥੇਬੰਦਕ ਢਾਂਚੇ ਨਾਲ ਸਬੰਧਤ ਹੋਣ
ਨਾਤੇ ਵਿਧਾਨਕਾਰ ਦਲ ਖ਼ਾਸਕਰ ਇਸਦੇ ਆਗੂ ਸੁਖਪਾਲ ਖਹਿਰਾ ਨੂੰ ਅਧਿਕਾਰਤ ਤੌਰ 'ਤੇ ਉਂਜ ਹੀ ਇਸ ਮਾਮਲੇ 'ਚ 'ਵਿਚਾਰਨ' ਦੀ ਕੋਈ ਤੁਕ ਸਮਝੀ ਜਾ ਰਹੀ।
ਉਧਰ, ਪ੍ਰਧਾਨਗੀ ਤੋਂ ਅਸਤੀਫ਼ੇ ਬਾਰੇ ਅਪਣੇ ਸਟੈਂਡ ਉਤੇ ਬਰਕਰਾਰ ਭਗਵੰਤ ਮਾਨ ਖਹਿਰਾ ਵਲੋਂ ਮੀਡੀਆ ਰਾਹੀਂ ਅੱਜ ਸਵੇਰੇ ਹੀ ਮਲੇਰਕੋਟਲਾ 'ਚ ਦਿਤੇ ਸੰਭਾਵੀ ਮੀਟਿੰਗ ਦੇ ਸੱਦੇ ਨੂੰ ਦਰਕਿਨਾਰ ਕਰ ਕੇ ਅੱਜ ਦੁਪਹਿਰ ਨੂੰ ਹੀ ਦਿੱਲੀ ਰਵਾਨਾ ਹੋ ਗਏ। ਦਸਿਆ ਜਾ ਰਿਹਾ ਹੈ
ਕਿ ਮਾਨ ਦੀ ਮੰਗਲਵਾਰ ਨੂੰ ਹਾਈ ਕਮਾਨ ਨਾਲ ਵੀ ਉਚੇਚੀ ਮੀਟਿੰਗ ਤੈਅ ਹੋ ਚੁਕੀ ਹੈ। ਕੁਲ ਮਿਲਾ ਕੇ ਮੰਨਿਆ ਇਹ ਜਾ ਰਿਹਾ ਹੈ ਕਿ ਪੰਜਾਬ 'ਚ ਆਪ ਦੀ ਇਹ ਖ਼ਾਨਾਜੰਗੀ ਹਾਈ ਕਮਾਨ ਨੂੰ ਕਾਫ਼ੀ ਰਾਸ ਆਉਂਦੀ ਪ੍ਰਤੀਤ ਹੋ ਰਹੀ ਹੈ ਜਿਸ ਦੇ ਆਧਾਰ ਉਤੇ ਹਾਈ ਕਮਾਨ ਪੰਜਾਬ ਦੇ ਕਾਫ਼ੀ ਵੱਡੇ ਅਹੁਦੇ ਉਤੇ ਬਿਰਾਜਮਾਨ ਆਗੂ ਨੂੰ ਲਾਂਭੇ ਕਰਨ ਦੀ ਤਾਕ ਵਿਚ ਹੈ। ਇਸ ਬਾਰੇ ਡਾ. ਬਲਬੀਰ ਸਿੰਘ ਨਾਲ ਵਾਰ ਵਾਰ ਕੋਸ਼ਿਸ ਕਰਨ ਦੇ ਬਾਵਜੂਦ ਵੀ ਫ਼ੋਨ ਸੰਪਰਕ ਸੰਭਵ ਨਹੀਂ ਹੋ ਸਕਿਆ।
ਅਸਤੀਫ਼ੇ ਦੇਣ ਵਾਲੇ ਆਗੂ
ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਨੂੰ ਗ਼ਲਤ ਢੰਗ ਨਾਲ ਅਹੁਦੇ ਤੋਂ ਹਟਾਇਆ ਗਿਆ ਹੋਣ ਦੇ ਦੋਸ਼ ਲਾ ਕੇ ਅਸਤੀਫ਼ੇ ਦੇਣ ਵਾਲੇ ਆਪ ਆਗੂਆਂ 'ਚ ਪੰਜ ਜ਼ਿਲ੍ਹਾ ਪ੍ਰਧਾਨ, ਜਲੰਧਰ ਦਿਹਾਤੀ ਦੇ ਪ੍ਰਧਾਨ ਸਰਵਣ ਸਿੰਘ ਹੇਅਰ, ਸ੍ਰੀ ਮੁਕਤਸਰ ਸਾਹਿਬ ਦੇ ਜਗਦੀਪ ਸਿੰਘ ਸੰਧੂ, ਫ਼ਰੀਦਕੋਟ ਦੇ ਸਨਕਦੀਪ ਸਿੰਘ ਸੰਧੂ, ਫ਼ਾਜ਼ਿਲਕਾ ਦੇ ਸਮਰਵੀਰ ਸਿੰਘ ਸੰਧੂ ਅਤੇ ਫ਼ਿਰੋਜ਼ਪੁਰ ਦੇ ਡਾ. ਮਲਕੀਤ ਸਿੰਘ ਥਿੰਦ ਸਣੇ
ਸੂਬਾਈ ਮੀਤ ਪ੍ਰਧਾਨ ਕਰਨਵੀਰ ਸਿੰਘ ਟਿਵਾਣਾ, ਜਨਰਲ ਸਕੱਤਰ ਮਨਜੀਤ ਸਿੰਘ ਸਿੱਧੂ, ਪ੍ਰਦੀਪ ਮਲਹੋਤਰਾ ਅਤੇ ਐਨਆਰਆਈ ਵਿੰਗ ਦੇ ਕੇਵਲ ਸਿੰਘ ਸ਼ਾਮਲ ਹਨ। ਸਮਾਣਾ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਮੈਂਬਰ ਐਸਜੀਪੀਸੀ ਕੁਲਦੀਪ ਕੌਰ ਟੌਹੜਾ, ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰੈਸ ਸਕੱਤਰ ਸਰਵਣ ਸਿੰਘ ਸਰਾਂ ਤੇ ਮੀਤ ਪ੍ਰਧਾਨ ਮੱਖਣ ਸਿੰਘ ਬਰਾੜ, ਹਲਕਾ ਰਾਜਪੁਰਾ ਦੇ ਇੰਚਾਰਜ ਆਸ਼ੂਤੋਸ਼ ਜੋਸ਼ੀ ਅਤੇ ਜ਼ਿਲ੍ਹਾ ਪਟਿਆਲਾ ਦੇ ਮੀਤ ਪ੍ਰਧਾਨ ਗੁਰਮੇਲ ਸਿੰਘ ਵੀ ਅਸਤੀਫ਼ੇ ਦੇਣ ਵਾਲਿਆਂ ਵਿਚ ਸ਼ੁਮਾਰ ਹਨ।