ਅਮਰਿੰਦਰ ਸਿੰਘ ਵੱਲੋਂ 17 ਹਸਤੀਆਂ ਰਾਜ ਪੁਰਸਕਾਰ ਨਾਲ ਸਨਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 17 ਉੱਘੀਆਂ ਸ਼ਖ਼ਸੀਅਤਾਂ.................

Amarinder Singh during Honoring

ਲੁਧਿਆਣਾ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 17 ਉੱਘੀਆਂ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ ਸਨਮਾਨ ਕੀਤਾ। ਇਨ੍ਹਾਂ ਵਿੱਚ ਸਮਾਜਿਕ ਤੌਰ 'ਤੇ ਸਰਗਰਮ ਸ਼ਖ਼ਸੀਅਤਾਂ, ਖੇਡ ਹਸਤੀਆਂ, ਅਗਾਂਹਵਧੂ ਉੱਦਮੀ ਅਤੇ ਸਰਕਾਰੀ ਅਧਿਕਾਰੀ/ਕਰਮਚਾਰੀ ਸ਼ਾਮਿਲ ਹਨ। 

ਮੁੱਖ ਮੰਤਰੀ ਨੇ ਪਟਿਆਲਾ ਦੇ ਸਾਹਿਲ ਚੋਪੜਾ ਨੂੰ ਸਰਟੀਫਿਕੇਟ ਅਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ, ਜਿਸ ਨੇ ਤੈਰਾਕੀ ਵਿੱਚ ਕੌਮਾਂਤਰੀ ਪੱਧਰ 'ਤੇ ਅੱਠ ਅਤੇ ਕੌਮੀ ਪੱਧਰ ਤੇ 13 ਤਮਗੇ ਜਿੱਤੇ। ਬਠਿੰਡੇ ਤੋਂ ਗੂੰਗਾ ਤੇ ਬੋਲਾ ਬੱਚਾ ਯਸ਼ਵੀਰ ਗੋਇਲ ਨੂੰ ਸਨਮਾਨਿਤ ਕੀਤਾ, ਜਿਸ ਨੇ ਬੈਡਮਿੰਟਨ ਅਤੇ ਚੈੱਸ ਵਿੱਚ ਸੂਬਾਈ ਤੇ ਕੌਮੀ ਪੱਧਰ 'ਤੇ ਵੱਖ-ਵੱਖ ਮੈਡਲ ਹਾਸਲ ਕਰ ਕੇ ਸ਼ਹਿਰ ਅਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਤਰਨ ਤਾਰਨ ਦੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਦਾ ਵੀ ਸਨਮਾਨ ਕੀਤਾ। 

ਕੈਪਟਨ ਅਮਰਿੰਦਰ ਸਿੰਘ ਨੇ ਏਮਜ਼ ਦੀ ਸਰਬ ਭਾਰਤੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੰਗਰੂਰ ਜ਼ਿਲ੍ਹੇ ਦੀ ਲਹਿਰਾਗਾਗਾ ਦੀ ਅਲੀਜ਼ਾ ਬਾਂਸਲ ਨੂੰ ਵੀ ਸਨਮਾਨਿਤ ਕੀਤਾ। ਉਸ ਦੀ ਤਰਫੋਂ ਪ੍ਰਿੰਸੀਪਲ ਪ੍ਰਵੀਨ ਕੁਮਾਰ ਨੇ ਐਵਾਰਡ ਹਾਸਿਲ ਕੀਤਾ। ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਅਫ਼ਸਰ ਦਵਿੰਦਰ ਸਿੰਘ ਵੱਲੋਂ ਆਪਣੀ ਡਿਊਟੀ ਸਮਰਪਣ ਭਾਵਨਾ, ਦਿਆਨਤਦਾਰੀ ਅਤੇ ਲਗਨ ਨਾਲ ਨਿਭਾਉਣ ਲਈ ਐਵਾਰਡ ਨਾਲ ਸਨਮਾਨਿਤ ਕੀਤਾ।

ਉਦਯੋਗਿਕ ਖੇਤਰ ਵਿੱਚ ਉਦਯੋਗਪਤੀ ਅਨਿਲ ਭਾਰਤੀ ਜੋ ਸਵਾਮੀ ਵਿਵੇਕਾਨੰਦ ਸਵਰਾਜ ਆਸ਼ਰਮ ਟਰੱਸਟ ਲੁਧਿਆਣਾ ਦੇ ਮੁਖੀ ਹਨ, ਨੂੰ ਉਨ੍ਹਾਂ ਦੀਆਂ ਮਿਸਾਲੀ ਸਮਾਜਿਕ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਪਾਇਲ ਸਬ-ਡਵੀਜ਼ਨ ਦੀ ਸ਼ਲਮਾ ਸੱਲ ਨੂੰ ਸਫ਼ਲਮਈ ਢੰਗ ਨਾਲ ਗਊਸ਼ਾਲਾ ਚਲਾਉਣ ਅਤੇ ਦੁੱਧ ਨਾ ਦੇਣ ਵਾਲੀਆਂ 33 ਗਾਵਾਂ ਦੀ ਸਾਂਭ-ਸੰਭਾਲ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਪਾਵਰ ਹਾਊਸ ਯੁਥ ਕਲੱਬ ਪਟਿਆਲਾ ਦੀ ਮੁਖੀ ਰੁਪਿੰਦਰ ਕੌਰ ਨੂੰ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਅਤੇ ਨਸ਼ਾ, ਭਰੂਣ ਹੱਤਿਆ, ਦਾਜ ਵਰਗੀਆਂ ਅਲਾਮਤਾ ਵਿਰੁੱਧ ਵਿੱਢੀ ਮੁਹਿੰਮ ਲਈ ਸਨਮਾਨਿਤ ਕੀਤਾ ਗਿਆ। 

ਉਦਯੋਗਪਤੀ ਸੰਜੀਵ ਅਰੋੜਾ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਵੱਲੋਂ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਕਰਨ ਦੇ ਨਾਲ-ਨਾਲ ਸਾਲ 2005 ਤੋਂ ਗਰੀਬ ਪਰਿਵਾਰਾਂ ਨਾਲ ਸਬੰਧਤ 100 ਤੋਂ ਵੱਧ ਕੈਂਸਰ ਮਰੀਜਾਂ ਦਾ ਇਲਾਜ ਮੁਫ਼ਤ ਕਰਾਇਆ ਜਾ ਰਿਹਾ ਹੈ। ਨਗਰ ਕੌਂਸਲ ਫਿਰੋਜ਼ਪੁਰ ਦੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਨੂੰ ਵੀ ਸਨਮਾਨਿਤ ਕੀਤਾ। ਗੋਬਿੰਦਰ ਸੋਹਲ ਪਟਿਆਲੇ ਤੋਂ ਪੇਸ਼ੇ ਵਜੋਂ ਚਿੱਤਰਕਾਰ ਹਨ, ਨੂੰ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਨਾਲ ਸਬੰਧਤ ਵਿਲੱਖਣ ਚਿੱਤਰ ਬਣਾਉਣ ਬਦਲੇ ਸਨਮਾਨਿਤ ਕੀਤਾ ਗਿਆ। 

ਇੰਟਰਨੈਸ਼ਨ ਸਬ-ਜੂਨੀਅਰ ਏਸ਼ੀਅਨ ਪਾਵਰ ਲਿਫਟਿੰਗ ਚੈਂਪਿਅਨਸ਼ਿਪ-2018 ਵਿੱਚ ਸੋਨ ਤਮਗਾ ਜਿੱਤਣ ਵਾਲੀ ਬਠਿੰਗ ਦੀ ਜਸਮੀਨ ਕੌਰ ਅਤੇ ਇਸੇ ਸਾਲ ਜੁਲਾਈ ਵਿੱਚ ਇੰਗਲੈਂਡ ਵਿੱਚ ਹੋਏ ਤਲਵਾਰਬਾਜ਼ੀ ਮੁਕਾਬਲੇ ਵਿੱਚ ਚਾਂਦੀ ਤੇ ਸੋਨ ਤਮਗੇ ਜਿੱਤਣ ਵਾਲੀ ਫਤਹਿਗੜ੍ਹ ਸਾਹਿਬ ਵਿੱਚ ਪਿੰਡ ਚੜੀ ਦੀ ਹੁਸਨਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।  ਮੁੱਖ ਮੰਤਰੀ ਨੇ ਇੰਗਲੈਂਡ ਵਿੱਚ ਹੋਈ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਮੁਮਤਾਜ਼ ਨੂੰ ਵੀ ਸਨਮਾਨਿਤ ਕੀਤਾ।

ਹੁਸ਼ਿਆਰਪੁਰ ਦੇ ਪਿੰਡ ਬੁੱਲੋਵਾਲ ਦੇ ਬਹਾਦਰ ਸਿੰਘ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਨੇ 44 ਵਾਰ ਖੂਨਦਾਨ ਕੀਤਾ। ਪਟਿਆਲਾ ਜ਼ਿਲ੍ਹੇ ਵਿੱਚ ਮੈਡੀਕਲ ਖੇਤਰ 'ਚ ਬੇਹਤਰੀਨ ਸੇਵਾਵਾਂ ਨਿਭਾਉਣ ਬਦਲੇ ਡਾਕਟਰ ਰਜਨੀਸ਼ ਕਪੂਰ ਅਤੇ ਸਾਈਬਰ ਕਰਾਈਮ ਨਾਲ ਨਜਿੱਠਣ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਨਿਭਾਉਣ ਵਾਲੇ ਡੀ.ਐਸ.ਪੀ. ਗੁਰਜੋਤ ਸਿੰਘ ਕਲੇਰ ਦਾ ਵੀ ਸਨਮਾਨ ਕੀਤਾ। 

Related Stories