ਧਰਮਸੋਤ ਦੀ ਬਰਖਾਸਤੀ ਨੂੰ ਲੈ ਕੇ ਰੋਸ ਮਾਰਚ ਕੱਢ ਰਹੇ ਬੈਂਸ ਭਰਾਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਿਹਾਈ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਸ ਮਾਰਚ ਕੱਢਣ ਦੀ ਅਗਾਊਂ ਇਜਾਜ਼ਤ ਨਾ ਲੈਣ ਕਾਰਨ ਰੋਕਿਆ ਮਾਰਚ

Simrjit Singh Bains

ਜਲੰਧਰ : ਵਜੀਫ਼ਾ ਘਪਲੇ ਦੇ ਦੋਸ਼ਾਂ 'ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਬਰਖਾਸਤੀ ਦੀ ਮੰਗ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਅੱਜ ਜਲੰਧਰ ਦੇ ਜਲੰਧਰ ਦੇ ਲੰਮਾ ਪਿੰਡ ਚੌਕ 'ਚ ਰੋਸ ਮਾਰਚ ਕੱਢਿਆ ਗਿਆ।

ਇਸੇ ਦੌਰਾਨ ਪੁਲਿਸ ਨੇ ਰੋਸ ਮਾਰਚ ਕੱਢਣ ਦੀ ਇਜ਼ਾਜਤ ਨਾ ਲੈਣ ਦੀ ਗੱਲ ਕਹਿੰਦਿਆਂ ਬੈਂਸ ਸਮੇਤ ਉਨ੍ਹਾਂ ਦੇ ਸਮਰਥਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਹਿਰਾਸਤ 'ਚ ਲੈ ਗਏ ਆਗੂਆਂ 'ਚ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੀ ਸ਼ਾਮਲ ਸਨ। ਪੁਲਿਸ ਨੇ ਬਾਅਦ 'ਚ ਦੋਵਾਂ ਬੈਂਸ ਭਰਾਵਾਂ ਨੂੰ ਰਿਹਾਅ ਕਰ ਦਿਤਾ।

ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਰੋਸ ਮਾਰਚ ਨੂੰ ਲੈ ਕੇ ਰੋਡ ਮੈਪ ਤਿਆਰ ਕੀਤਾ ਗਿਆ ਸੀ ਅਤੇ ਉਸੇ ਹਿਸਾਬ ਦੇ ਨਾਲ ਹੀ ਮਾਰਚ ਕਰਨ ਦਿਤਾ ਜਾਣਾ ਚਾਹੀਦਾ ਹੈ ਪਰ ਪੰਜਾਬ ਪੁਲਿਸ ਵਲੋਂ ਉਨ੍ਹਾਂ ਨੂੰ ਰਸਤੇ 'ਚ ਰੋਕ ਕੇ ਥਾਣੇ ਲੈ ਗਈ ਸੀ। ਦੱਸਣਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਵਲੋਂ ਦਲਿਤ ਵਿਦਿਆਰਥੀ ਬਚਾਓ ਯਾਤਰਾ ਦੀ ਸ਼ੁਰੂਆਤ ਬੀਤੇ ਦਿਨ ਭਗਤ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਗਈ ਸੀ।

ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਵਿਧਾਇਕ ਨੇ ਕਿਹਾ ਸੀ ਕਿ ਸਾਧੂ ਸਿੰਘ ਧਰਮਸੋਤ ਦੀ ਬਰਖ਼ਾਸਤੀ ਅਤੇ ਇਸ ਘਪਲੇ ਦੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਕਰਵਾਉਣ ਲਈ ਇਹ ਯਾਤਰਾ ਪਾਰਟੀ ਵਲੋਂ ਕੱਢੀ ਜਾ ਰਹੀ ਹੈ, ਜਿਸ ਦਾ ਨਾਅਰਾ 'ਤਿੰਨ ਟੈਰ, ਦੋ ਪੈਰ, ਸਾਧੂ ਤੇਰੀ ਨਹੀਂ ਖ਼ੈਰ ਹੈ'।

ਸਿਮਰਜੀਤ ਸਿੰਘ ਬੈਂਸ ਮੁਤਾਬਕ ਯਾਤਰਾ ਪਹਿਲੇ ਪੜਾਅ 'ਚ ਦੋਆਬੇ ਦੇ ਚਾਰ ਹਲਕਿਆਂ 'ਚ ਨਵਾਂਸ਼ਹਿਰ, ਜਲੰਧਰ, ਫਗਵਾੜਾ ਅਤੇ ਭੁਲੱਥ ਹਲਕੇ 'ਚ ਕੱਢੀ ਜਾ ਰਹੀ ਹੈ, ਜਿਸ 'ਚ ਆਟੋ ਰਿਕਸ਼ਾ ਰਾਹੀਂ ਲੋਕਾਂ ਦੇ ਸਨਮੁੱਖ ਹੋਇਆ ਜਾਵੇਗਾ। ਉਨ੍ਹਾਂ ਦੱਸਿਆ ਉਪਰੰਤ ਇਸ ਦੇ ਮਾਝੇ ਅਤੇ ਮਾਲਵੇ 'ਚ ਇਹ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੌਰਾਨ ਆਮ ਲੋਕਾਂ ਨੂੰ ਕਾਂਗਰਸ ਦਾ ਬਾਈਕਾਟ ਕਰਨ ਦਾ ਸੁਨੇਹਾ ਦਿਤਾ ਜਾਵੇਗਾ।