ਪੰਜਾਬ 'ਚ ਨਸ਼ੇ ਨਾਲ ਹੋਣ ਲੱਗੀ ਰੋਜ਼ ਇਕ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਲੱਖ ਮਹਿਲਾਵਾਂ ਨੂੰ ਲੱਗ ਚੁੱਕੀ ਹੈ ਨਸ਼ੇ ਦੀ ਬੁਰੀ ਆਦਤ.........

Drugs

ਚੰਡੀਗੜ੍ਹ : ਪੰਜਾਬ ਵਿਚ ਨਸ਼ੇ ਨਾਲ ਹਰ ਰੋਜ ਇਕ ਮੌਤ ਹੋ ਰਹੀ ਹੈ। ਸੂਬੇ ਵਿਚ 31 ਲੱਖ ਪੁਰਸ਼ ਅਤੇ ਇਕ ਲੱਖ ਮਹਿਲਾਵਾਂ ਨੂੰ ਨਸ਼ੇ ਦੀ ਬੁਰੀ ਆਦਤ ਲੱਗ ਚੁੱਕੀ ਹੈ। ਪੀ.ਜੀ.ਆਈ. ਦੇ ਇਕ ਤਾਜ਼ਾ ਸਰਵੇਖਣ ਵਿਚ ਇਹ ਕੌੜਾ ਸੱਚ ਸਾਹਮਣੇ ਆਇਆ ਹੈ ਕਿ ਔਰਤਾਂ ਹੈਰੋਇਨ, ਸਮੈਕ, ਅਫ਼ੀਮ, ਪੋਸਤ ਅਤੇ ਭੁੱਕੀ ਲੈ ਰਹੀਆਂ ਹਨ। ਇਨ੍ਹਾਂ ਵਿਚ ਸਕੂਲ ਅਤੇ ਕਾਲਜ ਵਿਚ ਪੜ੍ਹਣ ਵਾਲੀਆਂ ਵਿਦਿਆਰਥਣਾਂ ਵੀ ਸ਼ਾਮਲ ਹਨ। ਨਸ਼ੇ ਕਰਕੇ ਸਾਲ 2017 ਵਿਚ 38 ਮੌਤਾਂ ਹੋਈਆਂ ਸਨ ਜਦ ਕਿ ਚਾਲੂ ਸਾਲ ਦੌਰਾਨ ਪਹਿਲੇ ਨੌ ਮਹੀਨਿਆਂ ਵਿਚ 90 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ।

ਇਸ ਤੋਂ ਇਕ ਸਾਲ ਪਹਿਲਾਂ 2016 ਵਿਚ ਨਸ਼ੇ ਨਾਲ ਹੋਈਆਂ ਮੌਤਾਂ ਦੀ ਗਿਣਤੀ 30 ਤੇ ਠਹਿਰ ਗਈ ਸੀ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲਾਂ ਦੌਰਾਨ ਪੰਜਾਬ ਵਿਚ ਕਰੀਬ 39,064 ਟੰਨ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਸਨ। ਸਾਲ 2012 ਵਿਚ 50,586 ਕਿੱਲੋ ਅਫ਼ੀਮ ਅਤੇ 406 ਕਿਲੋ ਹੈਰੋਇਨ ਫੜੀ ਗਈ ਸੀ। ਪੀ.ਜੀ.ਆਈ. ਦੀ ਰੀਪੋਰਟ ਵਿਚ ਨਸ਼ੇ ਦੀ ਵਰਤੋਂ ਬਾਰੇ ਸਨਸਨੀ ਖ਼ੇਜ਼ ਪ੍ਰਗਟਾਵਾ ਕੀਤਾ ਗਿਆ ਹੈ ਕਿ ਪੰਜਾਬ ਵਿਚ ਲਗਭਗ 41 ਲੱਖ ਅਜਿਹੇ ਲੋਕ ਹਨ ਜਿਹੜੇ ਨਾਜਾਇਜ਼ ਤੌਰ 'ਤੇ ਨਸ਼ੇ ਦਾ ਸੁਆਦ ਚਖ ਚੁੱਕੇ ਹਨ। ਦੂਜੇ ਪਾਸੇ ਨਸ਼ੇ ਦੇ ਆਦੀ ਹੋ ਚੁੱਕੇ 32 ਲੱਖ ਲੋਕਾਂ ਵਿਚ ਇਕ ਲੱਖ ਤੋਂ ਵੱਧ ਔਰਤਾਂ ਹਨ।

ਸਰਵੇ ਵਿਚ ਸ਼ਰਾਬ ਤੇ ਤਮਾਕੂ ਨੂੰ ਹੁਣ ਨਸ਼ਾ ਕਰਾਰ ਨਹੀਂ ਦਿਤਾ ਗਿਆ ਜਦ ਕਿ ਨਸ਼ੇ ਵਿਚ ਅਫ਼ੀਮ, ਹੈਰੋਇਨ, ਸਮੈਕ, ਭੁੱਕੀ, ਦਰਦ ਨਿਵਾਰਕ ਗੋਲੀਆਂ ਤੇ ਤਨਾਅ ਮੁਕਤ ਕਰਨ ਵਾਲੀ ਦਵਾਈ ਸ਼ਾਮਲ ਹੈ। ਸਰਵੇ ਮੁਤਾਬਕ 202817 ਪੁਰਸ਼ ਅਤੇ 1,0688 ਮਹਿਲਾਵਾਂ ਦੀ ਜ਼ਿੰਦਗੀ ਹੀ ਨਸ਼ੇ ਨਾਲ ਅੱਗੇ ਰੁੜ੍ਹ ਰਹੀ ਹੈ। ਇਨ੍ਹਾਂ ਵਿਚ 1,56,942 ਪੁਰਸ਼ਾਂ ਨੂੰ ਹੁਣੇ ਹੀ ਔਪੀਅਡ ਦੀ ਮਾੜੀ ਆਦਤ ਲੱਗੀ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਈ ਔਰਤਾਂ ਨੂੰ ਨਸ਼ੇ ਦੀ ਮਾੜੀ ਆਦਤ ਅਪਣੇ ਸ਼ਰਾਬੀ ਤੇ ਨਸ਼ਈ ਪਤੀਆਂ ਤੋਂ ਲੱਗੀ ਹੈ। ਦੂਜੇ ਪਾਸੇ ਕਾਲਜਾਂ ਵਿਚ ਨਸ਼ੇ ਆਸਾਨੀ ਨਾਲ ਮਿਲ ਰਹੇ ਹਨ।

ਪੀ.ਜੀ.ਆਈ. ਦੇ ਮਨੋਰੋਗ ਵਿਭਾਗ ਦੇ ਡਾਕਟਰ ਬੀ.ਐਸ. ਸੁਬੋਧ ਦਾ ਕਹਿਣਾ ਹੈ ਕਿ ਨਸ਼ੇ ਦੀ ਆਦਤ ਵਿਚ ਫਸੇ ਨਵੇਂ ਨਵੇਂ ਪੁਰਸ਼ਾਂ ਦੇ ਮੁਕਾਬਲੇ ਨਸ਼ੇ ਵਿਚ ਗ੍ਰਸਤ ਨਸ਼ਈ ਮਹਿਲਾਵਾਂ ਦੀ ਗਿਣਤੀ ਘਟ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਜਕੜ ਵਿਚ ਆ ਚੁਕੀਆਂ ਔਰਤਾਂ ਇਲਾਜ ਲਈ ਖੁਲ੍ਹ ਕੇ ਸਾਹਮਣੇ ਨਹੀਂ ਆ ਰਹੀਆਂ। ਇਹ ਤਾਂ ਅੰਕੜੇ ਦਸਦੇ ਹਨ ਪਰ ਇਨ੍ਹਾਂ ਵਿਚ ਉਹ ਔਰਤਾਂ ਵੀ ਸ਼ਾਮਲ ਹਨ ਜੋ ਸਰਵੇ ਵਿਚ ਨਹੀਂ ਆਈਆਂ। 

ਪੰਜਾਬ ਦੇ ਸ਼ਹਿਰ ਕਪੂਰਥਲਾ ਵਿਚ ਔਰਤਾਂ ਲਈ ਵਖਰਾ ਨਸ਼ਾ ਛੁਡਾਉ ਕੇਂਦਰ ਸਥਾਪਤ ਕੀਤਾ ਗਿਆ ਹੈ। ਇਹ ਵੀ ਖ਼ਬਰ ਮਿਲੀ ਹੈ ਕਿ ਸਰਹੱਦੀ ਖੇਤਰ ਦੀਆਂ ਔਰਤਾਂ ਨਸ਼ਾ ਛੁਡਾਊ ਕੇਂਦਰ ਵਿਚ ਪਹੁੰਚ ਰਹੀਆਂ ਹਨ। ਇਨ੍ਹਾਂ ਵਿਚੋਂ ਕਈ ਗਰਭਵਤੀ ਸਨ ਜਿਨ੍ਹਾਂ ਨੇ ਇਥੇ ਹੀ ਬੱਚੇ ਨੂੰ ਜਨਮ ਦਿਤਾ ਹੈ ਪਰ ਅਪਣਾ ਦੁਧ ਪਿਆਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਡਾ. ਮਿੱਤਲ ਦਾ ਕਹਿਣਾ ਹੈ ਕਿ ਹੈਰੋਇਨ ਦਾ ਅਸਰ ਬੱਚੇ ਦੇ ਦਿਮਾਗ਼ 'ਤੇ ਪੈਂਦਾ ਹੈ ਤੇ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ। ਬੱਚੇ ਦਾ ਵਿਕਾਸ ਨਹੀਂ ਹੁੰਦਾ ਤੇ ਉਹ ਦਿਨ ਰਾਤ ਸੁੱਤਾ ਪਿਆ ਰਹਿੰਦਾ ਹੈ। 

Related Stories