NEET: ਦੇਸ਼ ਭਰ 'ਚ 15ਵਾਂ ਰੈਂਕ ਹਾਸਲ ਕਰ ਗੁਰਕੀਰਤ ਸਿੰਘ ਬਣੇ Tricity ਟਾਪਰ 

ਏਜੰਸੀ

ਖ਼ਬਰਾਂ, ਪੰਜਾਬ

ਪੜ੍ਹਾਈ ਤੋਂ ਇਲਾਵਾ ਖੇਡਾਂ ਅਤੇ ਭੰਗੜੇ ਦਾ ਸ਼ੌਂਕ ਵੀ ਰੱਖਦੇ ਹਨ ਗੁਰਕੀਰਤ ਸਿੰਘ 

Gurkirat tops Chandigarh in NEET

ਚੰਡੀਗੜ੍ਹ: ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ (NEET) ਦੇ ਨਤੀਜੇ ਬੀਤੀ ਸ਼ਾਮ ਜਾਰੀ ਹੋਏ। ਦਾਖਲਾ ਪ੍ਰੀਖਿਆ ਵਿਚ ਗੁਰਕੀਰਤ ਸਿੰਘ ਨੇ ਟ੍ਰਾਈਸਿਟੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹਨਾਂ ਨੇ 720 ਵਿਚੋਂ 710 ਅੰਕ ਹਾਸਲ ਕੀਤੇ। ਉਹ ਸਿਰਸਾ ਦੇ ਰਹਿਣ ਵਾਲੇ ਹਨ, ਪਰ ਉਹਨਾਂ ਨੇ ਅਪਣੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਹੈ।

ਟ੍ਰਾਈਸਿਟੀ ਟਾਪਰ ਅਤੇ ਆਲ ਇੰਡੀਆ ਵਿਚ 15ਵੀਂ ਰੈਂਕਿੰਗ ਹਾਸਲ ਕਰਨ ਵਾਲੇ ਗੁਰਕੀਰਤ ਸਿੰਘ ਨੇ ਅਪਣੀ ਪੜ੍ਹਾਈ ਚੰਡੀਗੜ੍ਹ ਦੇ ਸੈਕਟਰ 37 ਸਥਿਤ ਸੈਂਟ ਪੀਟਰਸ ਸਕੂਲ ਤੋਂ ਕੀਤੀ ਹੈ। ਸੈਕਟਰ-16 ਵਿਚ ਰਹਿ ਕੇ ਉਹਨਾਂ ਨੇ ਨੀਟ ਪ੍ਰੀਖਿਆ ਦੀ ਤਿਆਰੀ ਕੀਤੀ। ਉਹਨਾਂ ਨੂੰ ਡਾਕਟਰ ਬਣਨ ਦੀ ਪ੍ਰੇਰਣਾ ਅਪਣੀ ਭੈਣ ਨਵਪ੍ਰੀਤ ਕੌਰ ਤੋਂ ਮਿਲੀ ਹੈ, ਜੋ ਕਿ ਐਮਬੀਬੀਐਸ ਕਰ ਰਹੀ ਹੈ।

ਸਿਰਸਾ ਦੇ ਰਹਿਣ ਵਾਲੇ ਗੁਰਕੀਰਤ ਸਿੰਘ ਨੇ ਦੱਸਿਆ ਕਿ 11ਵੀਂ ਕਲਾਸ ਵਿਚ ਪਹੁੰਚਦੇ ਹੀ ਉਹਨਾਂ ਨੇ ਅਪਣਾ ਪੂਰਾ ਧਿਆਨ ਨੀਟ ਦੀ ਤਿਆਰੀ 'ਤੇ ਲਗਾਇਆ। 
ਪੜ੍ਹਾਈ ਤੋਂ ਇਲਾਵਾ ਗੁਰਕੀਰਤ ਸਿੰਘ ਖੇਡਾਂ ਵਿਚ ਵੀ ਕਾਫ਼ੀ ਅੱਗੇ ਹੈ। ਇਸ ਤੋਂ ਇਲਾਵਾ ਗੁਰਕੀਰਤ ਨੂੰ ਭੰਗੜੇ ਦਾ ਵੀ ਬਹੁਤ ਸ਼ੌਂਕ ਹੈ।

ਉਹਨਾਂ ਨੇ ਦੱਸਿਆ ਕਿ ਪ੍ਰੀਖਿਆ ਦੀ ਤਿਆਰੀ ਦੌਰਾਨ ਜਦੋਂ ਵੀ ਉਹ ਥੱਕ ਜਾਂਦੇ ਤਾਂ ਉਹ ਭੰਗੜਾ ਪਾਉਂਦੇ ਸੀ। ਉਹਨਾਂ ਦੱਸਿਆ ਕਿ ਪ੍ਰੀਖਿਆ ਦੀ ਤਿਆਰੀ ਲਈ ਉਹ ਰੋਜ਼ 12 ਘੰਟੇ ਪੜ੍ਹਾਈ ਕਰਦੇ ਸਨ। ਗੁਰਕੀਰਤ ਸਿੰਘ ਦੇ ਪਿਤਾ ਸਰਕਾਰੀ ਕਰਮਚਾਰੀ ਹਨ ਅਤੇ ਉਹਨਾਂ ਦੀ ਮਾਂ ਇਕਬਾਲ ਕੌਰ ਵਿਗਿਆਨ ਦੀ ਅਧਿਆਪਕ ਹੈ।