ਟੋਲ ਟੈਕਸ ਤੋਂ ਲੰਘਣ ਵਾਲਿਆਂ ਨੂੰ ਸੜਕ ਟਰਾਂਸਪੋਰਟ ਮੰਤਰਾਲੇ ਵਲੋਂ ਇਕ ਹੋਰ ਝਟਕਾ

ਏਜੰਸੀ

ਖ਼ਬਰਾਂ, ਪੰਜਾਬ

ਫ਼ਾਸਟੈਗ ਤੋਂ ਬਿਨਾਂ ਟੋਲ ਤੋਂ ਜਿੰਨੀ ਵਾਰ ਲੰਘੋਗੇ ਤਾਂ ਕਟਵਾਉਣੀ ਪਵੇਗੀ ਹਰ ਵਾਰ ਨਵੀਂ ਪਰਚੀ

File Photo

ਪਟਿਆਲਾ : ਕੇਂਦਰ ਸਰਕਾਰ ਦੇ ਰਾਸ਼ਟਰੀ ਮਾਰਗ 'ਤੇ ਸੜਕ ਟਰਾਂਸਪੋਰਟ ਮੰਤਰਾਲਾ ਨੇ ਟੋਲ ਟੈਕਸ ਤੋਂ ਅਪ ਡਾਊਨ ਦੀ ਪਰਚੀ ਕਟਵਾ ਕੇ ਲੰਘਣ ਵਾਲਿਆਂ ਨੂੰ ਇਕ ਹੋਰ ਵੱਡਾ ਝਟਕਾ ਦਿਤਾ ਹੈ। ਹੁਣ ਕੋਈ ਵੀ ਵਿਅਕਤੀ ਟੋਲ ਤੋਂ ਲੰਘਣ ਸਮੇਂ ਆਉਣ ਜਾਣ ਦੀ ਪਰਚੀ ਨਹੀਂ ਕਟਵਾ ਸਕੇਗਾ, ਬਲਕਿ ਹਰ ਵਾਰ ਨਵੀਂ ਪਰਚੀ ਕਟਵਾਉਣੀ ਪਏਗੀ।

ਇਹ ਹੁਕਮ ਤੁਰਤ ਪ੍ਰਭਾਵ ਨਾਲ ਲਾਗੂ ਕਰ ਦਿਤਾ ਗਿਆ ਹੈ ਕਿ ਜਿਸ ਵਾਹਨ 'ਤੇ ਫ਼ਾਸਟੈਗ ਨਹੀਂ ਲੱਗਾ ਹੋਵੇਗਾ, ਉਸ ਤੋਂ ਵਾਰ ਵਾਰ ਟੋਲ ਵਸੂਲ ਕੀਤਾ ਜਾਵੇਗਾ ਕਿਉਂਕਿ ਜੋ ਵਾਹਨ ਕੈਸ਼ ਲੈਣ ਨਾਲ ਗੁਜ਼ਰਦੇ ਸੀ ਪਹਿਲਾਂ ਉਹ ਟੋਲ ਤੋਂ ਗੁਜ਼ਰਨ ਲਈ ਆਉਣ ਜਾਣ ਦੀ ਪਰਚੀ ਕਟਵਾ ਲੈਂਦੇ ਸੀ ਪਰ ਅੱਜ ਤੋਂ ਸਾਰੇ ਟੋਲ ਪਲਾਜ਼ਿਆਂ 'ਤੇ ਇਹ ਅਪ ਡਾਊਨ ਦੀ ਪਰਚੀ ਸਿਸਟਮ ਬੰਦ ਕਰ ਦਿਤਾ ਗਿਆ ਹੈ। ਹੁਣ ਜੋ ਵਾਹਨ ਫ਼ਾਸਟੈਗ ਤੋਂ ਬਿਨਾਂ ਟੋਲ ਤੋਂ ਲੰਘੇਗਾ, ਉਸ ਨੂੰ ਓਨੀ ਵਾਰ ਹੀ ਟੋਲ ਦੇਣਾ ਪਵੇਗਾ।

ਜਦਕਿ ਕੇਂਦਰ ਸਰਕਾਰ ਦੇ ਰਾਸ਼ਟਰੀ ਰਾਜ ਮਾਰਗ ਵਿਭਾਗ ਨੇ ਵਾਹਨ ਚਾਲਕਾਂ ਨੂੰ ਫ਼ਾਸਟੈਗ ਲਾਉਣ ਦੀ ਪਹਿਲਾਂ 15 ਜਨਵਰੀ ਤਕ ਤਰੀਕ ਦਿਤੀ ਹੋਈ ਸੀ ਪਰ ਹੁਣ ਤੱਕ ਸਾਰੇ ਵਾਹਨਾਂ 'ਤੇ ਫ਼ਾਸਟੈਗ ਨਾ ਲੱਗਣ ਕਾਰਨ ਵਿਭਾਗ ਨੇ ਇਹ ਤਰੀਕ 15 ਫ਼ਰਵਰੀ ਤੱਕ ਵਧਾ ਦਿਤੀ ਹੈ ਤੇ ਟੋਲ ਪਲਾਜ਼ਿਆਂ 'ਤੇ ਫ਼ਾਸਟੈਗ ਲਾਈਨਾਂ 'ਚ ਕੋਈ ਵੀ ਤਬਦੀਲੀ ਨਹੀਂ ਕੀਤੀ। ਫ਼ਾਸਟਟੇਗ ਤਹਿਤ ਜਿਸ ਵਾਹਨ ਨੇ ਟੋਲ ਬੂਥ ਤੋਂ ਲੰਘਣਾ ਹੋਵੇਗਾ, ਉਸ ਨੂੰ ਰੁਕ ਕੇ ਕੈਸ਼ ਭੁਗਤਾਨ ਕਰਨ ਦੀ ਹੁਣ ਲੋੜ ਨਹੀਂ।

ਫ਼ਾਸਟਟੈਗ ਰਾਹੀਂ ਉਸ ਦੇ ਖਾਤੇ 'ਚੋਂ ਅਪਣੇ ਆਪ ਇਸ ਦੇ ਪੈਸੇ ਕੱਟੇ ਜਾਣਗੇ। ਸਾਰੇ ਫ਼ਾਸਟਟੈਗ ਕਾਰਡ ਵਾਹਨ ਚਾਲਕ ਦੇ ਕਾਰਡ ਨਾਲ ਜੁੜੇ ਹੋਣਗੇ, ਜਿਵੇਂ ਵਾਹਨ ਚਾਲਕ ਟੋਲ ਬੂਥ ਤੋਂ ਲੰਘੇਗਾ, ਟੋਲ ਬੂਥ 'ਤੇ ਲੱਗੀ ਹਾਈ ਫ੍ਰਿਕਵੈਂਸੀ ਮਸ਼ੀਨ ਉਸ ਫ਼ਾਸਟਟੈਕ ਨੂੰ ਪੜ੍ਹ ਲਵੇਗੀ ਤੇ ਖਾਤੇ 'ਚੋਂ ਪੈਸੇ ਕੱਟ ਜਾਣਗੇ। ਇਸ ਤਰ੍ਹਾਂ ਟੋਲ ਪਲਾਜ਼ਿਆਂ 'ਤੇ ਜਾਮ ਨਹੀਂ ਲੱਗੇਗਾ ਤੇ ਵਾਹਨ ਚਾਲਕਾਂ ਦਾ ਸਮਾਂ ਬਰਬਾਦ ਹੋਣ ਤੋਂ ਬਚ ਜਾਵੇਗਾ। ਇਸ ਪ੍ਰੇਸ਼ਾਨੀ ਤੋਂ ਬੱਚਣ ਲਈ ਕਈ ਵਾਹਨ ਚਾਲਕਾਂ ਤਾਂ ਫ਼ਾਸਟਟੈਗ ਲੈਣ ਲਈ ਲਾਇਨਾਂ 'ਚ ਲੱਗਣੇ ਸ਼ੁਰੂ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਫਾਸਟੈਗ ਲਈ ਟੋਲ ਪਲਾਜ਼ਾ 'ਤੇ ਪਿਛਲੇ ਕਰੀਬ 2 ਮਹੀਨਿਆਂ ਤੋਂ ਵਾਹਨ ਚਾਲਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਬਿਨਾ ਫਾਸਟੈਗ ਦੇ ਵਾਹਨ ਲੈ ਕੇ ਲੰਘ ਰਹੇ ਵਾਹਨਾਂ ਨੂੰ ਦੁੱਗਣਾ ਟੋਲ ਦੋਣਾ ਹੋਵੇਗਾ ਪਰ ਵਾਹਨ ਚਾਲਕਾਂ ਦੇ ਫਾਸਟੈਗ ਨਾ ਲਗਾਉਣ ਕਾਰਨ ਹਰ ਰੋਜ਼ ਕੈਸ਼ ਲੈਣ 'ਚ ਭਾਰੀ ਜਾਮ ਲੱਗਾ ਰਹਿੰਦਾ ਹੈ ਅਤੇ ਕਈ-ਕਈ ਘੰਟੇ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ।ਕਈ ਵਾਰ ਵਾਹਨ ਚਾਲਕ ਫਾਸਟੈਗ ਦੇ ਮੁੱਦੇ 'ਤੇ ਚੁੱਪੀ ਸਾਧ ਲੈਂਦੇ ਹਨ ਪਰ ਵਾਹਨ ਚਾਲਕਾਂ ਨੂੰ ਝਟਕਾ ਦੇਣ ਲਈ ਵਿਭਾਗ ਨੇ ਵਾਰ-ਵਾਰ ਟੋਲ ਵਸੂਲ ਕਰਨ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਜਦੋਂ ਵਾਹਨ ਚਾਲਕ ਨੂੰ ਵਾਰ-ਵਾਰ ਟੋਲ ਦੇਣਾ ਪਵੇਗਾ ਤਾਂ ਫਾਸਟੈਗ ਜ਼ਰੂਰ ਲਗਵਾਏਗਾ।