ਬਠਿੰਡਾ ਤੇ ਫ਼ਿਰੋਜ਼ਪੁਰ ਬਾਰੇ ਕਾਂਗਰਸੀ ਉਮੀਦਵਾਰਾਂ ਬਾਰੇ ਫ਼ੈਸਲਾ ਇਸੇ ਹਫ਼ਤੇ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮਰਿੰਦਰ ਐਤਵਾਰ ਮਿਲਣਗੇ ਰਾਹੁਲ ਨੂੰ

Captain Amrinder Singh And Rahul Gandhi

ਚੰਡੀਗੜ੍ਹ : ਬਠਿੰਡਾ ਅਤੇ ਫਿਰੋਜ਼ਪੁਰ ਲੋਕ ਸਭਾ ਹਲਕਿਆਂ ਲਈ ਕਾਂਗਰਸੀ ਉਮੀਦਵਾਰਾਂ ਦੀ ਚੋਣ ਇਸੇ ਹਫ਼ਤੇ ਲਗਭਗ ਤੈਅ ਮੰਨੀ ਜਾ ਰਹੀ ਹੈ। ਅਤਿ ਭਰੇਸੋਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੌਮੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਸੱਦ ਲਿਆ ਹੈ। ਕੈਪਟਨ ਸ਼ਨਿਚਰਵਾਰ ਸ਼ਾਮ ਜਾਂ ਐਤਵਾਰ ਸਵੇਰੇ ਦਿੱਲੀ ਵਿਖੇ ਕੌਮੀ ਕਾਂਗਰਸ ਪ੍ਰਧਾਨ ਅਤੇ ਹੋਰਨਾਂ ਆਹਲਾ ਕਮਾਨ ਆਗੂਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ।

ਵਖਰੇ ਤੌਰ 'ਤੇ ਮਿਲ ਰਹੀ ਜਾਣਕਾਰੀ ਮੁਤਾਬਕ ਪਾਰਟੀ ਬਠਿੰਡਾ ਲਈ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਫਿਰੋਜ਼ਪੁਰ ਲਈ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਤਰਜੀਹੀ ਤੌਰ 'ਤੇ ਵਿਚਾਰ ਰਹੀ ਹੈ ਪਰ ਇਕ ਹੋਰ ਜਾਣਕਾਰੀ ਮੁਤਾਬਕ ਪਾਰਟੀ ਹਾਲੇ ਵੀ ਇਨ੍ਹਾਂ ਦੋਹਾਂ ਸੀਟਾਂ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਇੱਛਾ ਬਰਕਰਾਰ ਰੱਖ ਰਹੀ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਸਰ ਕਰਨਾ ਚਾਹੁੰਦੀ ਹੈ ਜਿਸ ਲਈ ਬਠਿੰਡਾ ਅਤੇ ਫ਼ਿਰੋਜ਼ਪੁਰ ਸੀਟਾਂ ਨੂੰ ਸੱਭ ਤੋਂ ਵੱਧ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਉੱਧਰ ਦੂਜੇ ਪਾਸੇ ਸਾਬਕਾ ਸੀਨੀਅਰ ਕਾਂਗਰਸੀ ਨੇਤਾ ਜਗਮੀਤ ਸਿੰਘ ਬਰਾੜ ਦਾ ਝੁਕਾਅ ਅਕਾਲੀ ਦਲ ਵੱਲ ਹੋ ਜਾਣ ਕਾਰਨ ਵੀ ਪਾਰਟੀ ਘੱਟੋ ਘੱਟ ਫ਼ਿਰੋਜ਼ਪੁਰ ਸੀਟ ਤੋਂ ਕਿਸੇ ਵੱਡ-ਅਕਾਰੀ ਕਾਂਗਰਸੀ ਨੇਤਾ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਕੋਸ਼ਿਸ਼ ਵਿਚ ਹੈ। ਜਿਸ ਵਾਸਤੇ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਖ਼ੁਦ ਸ਼੍ਰੋਮਣੀ ਅਕਾਲੀ ਵਿਚੋਂ ਹੀ ਕਾਂਗਰਸ ਵਿਚ ਆਏ ਇਕ ਵੱਡੇ ਨੇਤਾ ਨੂੰ ਫ਼ਿਰੋਜ਼ਪੁਰ ਤੋਂ ਚੋਣ ਲੜਾਉਣ ਦੀ ਕੋਸ਼ਿਸ਼ ਵਿਚ ਹਨ ਪਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਪਿਛਲੀ ਵਾਰ ਅਕਾਲੀ ਦਲ ਦੀ ਟਿਕਟ ਉਤੇ ਜਿੱਤੇ ਮੌਜੂਦਾ ਐਮ.ਪੀ. ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਲਈ ਸਿਖ਼ਰਲੇ 2 ਸੰਭਾਵੀ ਉਮੀਦਵਾਰਾਂ ਵਿਚੋਂ ਹਾਲ ਦੀ ਘੜੀ ਬਾਹਰ ਰਖਿਆ ਜਾ ਰਿਹਾ ਹੈ। ਦੂਜੇ ਪਾਸੇ ਬਠਿੰਡਾ ਲਈ ਪਾਰਟੀ ਦੇ ਅੰਦਰੂਨੀ ਸਰਵੇਖਣਾਂ ਤੋਂ ਸੰਕੇਤ ਲੈਂਦਿਆਂ ਕਾਂਗਰਸ ਚੋਣ ਕਮੇਟੀ ਉਤੋਂ ਕਿਸੇ ਤੇਜ਼ ਤਰਾਰ ਅਤੇ ਬੇਦਾਗ਼ ਉਮੀਦਵਾਰ ਦੀ ਭਾਲ ਵਿਚ ਹੈ। ਕੁੱਲ ਮਿਲਾ ਕੇ ਇਨ੍ਹਾਂ ਦੋਹਾਂ ਸੀਟਾਂ ਬਾਰੇ ਕਾਂਗਰਸੀ ਉਮੀਦਵਾਰਾਂ ਦੇ ਨਾਵਾਂ ਸਬੰਧੀ ਸਥਿਤੀ ਐਤਵਾਰ ਤਕ ਸਪੱਸ਼ਟ ਹੋਣ ਜਾ ਰਹੀ ਹੈ।