ਵਰ੍ਹਦੇ ਮੀਂਹ 'ਚ ਵੀ ਆਂਗਨਵਾੜੀ ਵਰਕਰਾਂ ਦਾ ਧਰਨਾ ਜਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੀਆਂ ਮੰਗਾਂ ਨੂੰ ਲੈ ਕੇ ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਸ਼ੁਰੂ ਕੀਤਾ ਧਰਨਾ ਅੱਜ ਵਰਦੇਂ ਮੀਂਹ ਵਿਚ ਵੀ ਜਾਰੀ....

Aangwari Workers strike

ਬਠਿੰਡਾ,  ਅਪਣੀਆਂ ਮੰਗਾਂ ਨੂੰ ਲੈ ਕੇ ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਸ਼ੁਰੂ ਕੀਤਾ ਧਰਨਾ ਅੱਜ ਵਰਦੇਂ ਮੀਂਹ ਵਿਚ ਵੀ ਜਾਰੀ ਰਿਹਾ। ਬੀਤੀ ਸ਼ਾਮ ਤੋਂ ਰੁਕ-ਰੁਕ ਬਾਰਸ਼ ਹੁੰਦੀ ਰਹੀ ਪ੍ਰੰਤੂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਇੱਥੇ ਡਟੀਆਂ ਰਹੀਆਂ। ਇਸਤੋਂ ਇਲਾਵਾ ਅੱਜ ਧਰਨੇ ਵਾਲੀ ਥਾਂ ਉਪਰ ਖ਼ੀਰ-ਪੂੜਿਆਂ ਦਾ ਲੰਘਰ ਵੀ ਲਗਾਇਆ ਗਿਆ। ਧਰਨੇ ਵਾਲੀ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਬਿਨ੍ਹਾਂ ਮੰਗਾਂ ਪੂਰੀਆਂ ਕੀਤੀਆਂ ਸੰਘਰਸ਼ ਨੂੰ ਅੱਧ ਵਿਚਾਲੇ ਨਹੀਂ ਛੱਡਣਗੀਆਂ।

ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਆਂਗਨਵਾੜੀ ਸੈਂਟਰਾਂ ਵਿਚ ਛੁੱਟੀਆਂ ਹੋਣ ਦੇ ਬਾਵਜੂਦ ਵਰਕਰਾਂ ਤੇ ਹੈਲਪਰਾਂ ਨੂੰ ਧਰਨੇ ਵਾਲੀ ਜਗ੍ਹਾਂ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਮੰਤਰੀ ਦੁਆਰਾ ਦਿੱਤੇ ਭਰੋਸੇ ਦੇ ਚੱਲਦਿਆਂ ਉਨ੍ਹਾਂ ਮਰਨ ਵਰਤ ਦਾ ਐਲਾਨ ਮੁਲਤਵੀ ਕੀਤਾ ਹੈ ਪ੍ਰੰਤੂ ਇਸਨੂੰ ਰੱਦ ਨਹੀਂ ਕੀਤਾ। ਆਂਗਨਵਾੜੀ ਵਰਕਰਾਂ ਨੇ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਸਰਕਾਰ ਨੇ ਕੀਤੇ ਵਾਅਦੇ ਤੋਂ ਭੱਜਣ ਦੀ ਕੋਸ਼ਿਸ਼ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। 

ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ਅਤੇ ਯੂਨੀਅਨ ਦੀਆਂ ਬਾਕੀ ਮੰਗਾਂ ਮੰਨੀਆ ਜਾਣ। ਇਸ ਮੌਕੇ ਬਲਾਕ ਪ੍ਰਧਾਨ ਅੰਮ੍ਰਿਤਪਾਲ ਕੌਰ ਬੱਲੂਆਣਾ , ਸਿੰਦਰਦਾਲ ਕੌਰ, ਰੂਪ ਕੌਰ, ਜਸਵੀਰ ਕੌਰ, ਗੁਰਅੰਮ੍ਰਿਤ ਕੌਰ, ਮਨਜੀਤ ਕੌਰ, ਬਿਮਲਾ ਦੇਵੀ, ਰੁਪਿੰਦਰ ਕੌਰ ਬਹਿਮਣ ਦੀਵਾਨਾ, ਰਜਨੀ ਬਾਲਾ, ਨਸੀਬ ਕੌਰ ਭੁੱਟੀਵਾਲਾ ਅਤੇ ਸ਼ਿੰਦਰਪਾਲ ਕੌਰ ਆਦਿ ਮੌਜੂਦ ਸਨ।