ਪ੍ਰਨੀਤ ਕੌਰ ਤੇ ਮਨੀਸ਼ ਤਿਵਾੜੀ ਨੇ ਪੰਜਾਬੀ 'ਚ ਚੁੱਕੀ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਮੈਂਬਰਾਂ ਦਾ ਸਹੁੰ ਚੁਕ ਸਮਾਗਮ ; ਸੰਨੀ ਦਿਓਲ ਵਲੋਂ ਵਰਤੀ ਭਾਸ਼ਾ 'ਤੇ ਉਠੇ ਸਵਾਲ 

Preneet Kaur and Manish Tewari took oath in Punjabi

ਚੰਡੀਗੜ੍ਹ : ਬੀਤੇ ਕਲ ਤੋਂ ਸੰਸਦ ਭਵਨ ਵਿਚ ਚਲ ਰਹੀ ਸਹੁੰ ਚੁਕ ਸਮਾਗਮ ਮੌਕੇ, ਆਰਜ਼ੀ ਸਪੀਕਰ ਵਲੋਂ ਮਨਾ ਕਰਨ ਦੇ ਬਾਵਜੂਦ ਵੀ ਕਈ ਲੋਕ ਸਭਾ ਮੈਂਬਰਾਂ ਨੇ ਸੰਵਿਧਾਨ ਪ੍ਰਤੀ ਦ੍ਰਿੜ ਇਰਾਦਾ ਅਤੇ ਮੁਲਕ ਦੀ ਪ੍ਰਭੂਸੱਤਾ ਪ੍ਰਤੀ ਪ੍ਰਤਿੱਗਿਆ ਦੇ ਸ਼ਬਦਾਂ ਨੂੰ ਕਹਿਣ ਉਪਰੰਤ, ਵਾਧੂ ਸ਼ਬਦਾਂ ਦਾ ਪ੍ਰਯੋਗ ਕੀਤਾ। ਇਨ੍ਹਾਂ ਵਿਚ 'ਭਾਰਤ ਮਾਤਾ ਦੀ ਜੈ', 'ਬੋਲੇ ਸੋ ਨਿਹਾਲ...', ਵੰਦੇ ਮਾਤਰਮ, 'ਜੈ ਭੀਮ', 'ਜੈ ਹਿੰਦ, ਜੈ ਬੰਗਾਲ, ਜੈ ਤਾਮਿਲ ਅਤੇ ਹੋਰ ਕਈ ਜੈਕਾਰੇ ਤੇ ਕਈ ਸ਼ਬਦ ਸ਼ਾਮਲ ਸਨ।

ਅੱਜ ਦੂਜੇ ਦਿਨ ਸਹੁੰ ਚੁਕ ਸਮਾਗਮ ਮੌਕੇ ਪੰਜਾਬ ਤੋਂ ਚੁਣੇ ਕੇ ਗਏ ਲੋਕ ਸਭਾ ਮੈਂਬਰਾਂ ਨੇ ਸਹੁੰ ਚੁੱਕੀ। ਗੁਰਦਾਸਪੁਰ ਸੀਟ ਤੋਂ ਫ਼ਿਲਮੀ ਸਿਤਾਰੇ ਸੰਨੀ ਦਿਉਲ ਨੇ ਅੰਗਰੇਜ਼ੀ ਭਾਸ਼ਾ ਵਿਚ ਹਲਫ਼ ਲਿਆ ਜਿਸ 'ਤੇ ਲੋਕਾਂ ਦੀ ਟਿਪਣੀ ਤੁਰਤ ਸੁਣਨ ਨੂੰ ਮਿਲੀ ਕਿ 'ਇਹ ਪੰਜਾਬ ਤੇ ਪੰਜਾਬੀਅਤ, ਪੰਜਾਬੀ ਭਾਸ਼ਾ ਵਾਸਤੇ ਕੁਝ ਵੀ ਕਰਨ ਜੋਗਾ ਨਹੀਂ'। ਕਿਸੇ ਵੇਲੇ ਪੰਜਾਬ ਯੂਨੀਵਰਸਟੀ ਦੇ ਉੱਘੇ ਪ੍ਰੋਫ਼ੈਸਰ ਅਤੇ ਪੰਜਾਬੀ ਭਾਸ਼ਾ ਦੇ ਅਲੰਬਰਦਾਰ ਰਹੇ ਵਿਸ਼ਵਨਾਥ ਤਿਵਾੜੀ ਦੇ ਸਪੁੱਤਰ ਮਨੀਸ਼ ਤਿਵਾੜੀ ਨੇ ਜਦੋਂ ਪੰਜਾਬ ਵਿਚ ਸਹੁੰ ਚੁੱਕੀ ਤਾਂ ਪੰਜਾਬੀਆਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਖ਼ਾਲਸਾ ਪੰਥ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਸੀਟ ਤੋਂ ਇਹ ਪੰਡਤ-ਬ੍ਰਾਹਮਣ ਜ਼ਰੂਰ ਹੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਰਖੇਗਾ।

ਜਦੋਂ ਸੁਖੀਬੀਰ ਬਾਦਲ ਨੇ ਸਹੁੰ ਚੁਕਣ ਵੇਲੇ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਅਤੇ ਮਗਰੋਂ 'ਵਾਹਿਗੁਰੂ ਜੀ ਕਾ ਖ਼ਾਲਸਾ ਤੇ ਵਾਹਿਗੁਰੂ ਜੀ ਕੀ ਫ਼ਤਿਹ' ਦਾ ਜੈਕਾਰਾ ਬੁਲਾਇਆ  ਗਿਆ ਤਾਂ ਵੀ ਟੀ.ਵੀ. ਵੇਖ ਰਹੇ ਲੋਕਾਂ ਨੂੰ ਕਾਫ਼ੀ ਭਰੋਸਾ ਤੇ ਤਸੱਲੀ ਪ੍ਰਗਟ ਹੋਈ। ਸੰਗਰੂਰ ਤੋਂ ਭਗਵੰਤ ਮਾਨ ਨੇ ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਲਾਇਆ ਤਾਂ ਸੰਸਦ ਭਵਨ ਵਿਚ ਬੈਠੇ ਕਈ ਭਾਜਪਾ ਮੈਂਬਰਾਂ ਨੇ ਮਖੌਲ ਕੀਤਾ ਤੇ ਪੁਛਿਆ ਕਿ ਤੁਹਾਡਾ ਇਨਕਲਾਬ ਕਿਸ ਦੇ ਵਿਰੋਧ ਵਿਚ ਹੈ ?

ਭਗਵੰਤ ਮਾਨ ਨੇ ਪੀਲੀ ਪਗੜੀ ਪਹਿਨੀ ਹੋਈ ਸੀ ਤੇ ਕਿਹਾ ਮੈ ਇਕੋ ਹੀ ਕਾਫ਼ੀ ਹਾਂ, ਟੀ.ਵੀ. ਚੈਨਲ ਵੇਖ ਰਹੇ ਕਈ ਦਰਸ਼ਕਾਂ ਨੇ ਪੁਛਿਆ ਕਿ ਇਸ ਵਾਰ ਵੀ ਭਗਵੰਤ ਨਸ਼ੇ ਵਿਚ ਹੀ ਸੰਸਦ ਦੀ ਬੈਠਕ ਵਿਚ ਹਾਜ਼ਰੀ ਭਰਿਆ ਕਰੇਗਾ ਜਾਂ ਸਹੀ ਤੌਰ 'ਤੇ ਉਸ ਨੇ ਸ਼ਰਾਬ ਛਡ ਦਿਤੀ ਹੈ। ਇਹ ਇਸ ਲਈ ਕਿ ਕਈ ਵਾਰ ਭਗਵੰਤ ਮਾਨ 'ਤੇ ਸ਼ਰਾਬ ਪੀਣ ਦੇ ਦੋਸ਼ ਲੱਗੇ ਸਨ।

ਇਸ ਤੋਂ ਇਲਾਵਾ ਪ੍ਰਨੀਤ ਕੌਰ ਨੇ ਪੰਜਾਬੀ ਵਿਚ ਸਹੁੰ ਚੁੱਕੀ ਪਰ ਪੰਜਾਬੀ ਭਾਸ਼ਾ ਅਟਕ ਅਟਕ ਪੜ੍ਹੀ, ਨਾ ਕੋਈ ਜੈਕਾਰਾ ਤੇ ਨਾ ਨਾਹਰਾ ਵੱਜਾ। ਅੰਮ੍ਰਿਤਸਰ ਤੋਂ ਕਾਂਗਰਸੀ ਮੈਂਬਰ ਗੁਰਜੀਤ ਔਜਲਾ, ਫ਼ਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਲੁਧਿਆਣਾ ਤੋਂ ਰਵਨੀਤ ਬਿੱਟੂ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਫ਼ਰੀਦਕੋਟ ਤੋਂ ਮੁਹੰਮਦ ਸਦੀਕ ਅਤੇ ਹੋਰਨਾਂ ਨੇ ਵੀ ਪੰਜਾਬੀ ਵਿਚ ਸਹੁੰ ਚੁੱਕੀ।