ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਲਗਾਇਆ 'ਇਨਕਲਾਬ ਜ਼ਿੰਦਾਬਾਦ' ਦਾ ਨਾਹਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਸਿੰਘ ਬਾਦਲ, ਮਨੀਸ਼ ਤਿਵਾਰੀ, ਸਨੀ ਦਿਓਲ ਅਤੇ ਪਰਨੀਤ ਕੌਰ ਨੇ ਵੀ ਸਹੁੰ ਚੁੱਕੀ

Sunny Deol, Bhagwant Mann, Sukhbir Singh Badal take oath as Lok Sabha MPs

ਨਵੀਂ ਦਿੱਲੀ : 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਦੂਜੇ ਦਿਨ ਕਈ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ। ਸਹੁੰ ਚੁੱਕਣ ਵਾਲਿਆਂ 'ਚ ਭਾਜਪਾ ਦੇ ਓਮ ਬਿਡਲਾ, ਕਾਂਗਰਸ ਦੇ ਸ਼ਸ਼ੀ ਥਰੂਰ, ਆਪ ਦੇ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਗੁਰਦਾਸਪੁਰ ਸੀਟ ਤੋਂ ਭਾਜਪਾ ਦੇ ਸਨੀ ਦਿਓਲ ਮੁੱਖ ਸਨ। ਦੂਜੇ ਦਿਨ ਦੀ ਸ਼ੁਰੂਆਤ 'ਚ ਸੱਭ ਤੋਂ ਪਹਿਲਾਂ ਉਨ੍ਹਾਂ ਮੈਂਬਰਾਂ ਨੇ ਸਹੁੰ ਚੁੱਕੀ, ਜੋ ਸੋਮਵਾਰ ਨੂੰ ਕਿਸੇ ਕਾਰਨ ਗ਼ੈਰ-ਹਾਜ਼ਰ ਰਹਿਣ ਕਾਰਨ ਸਹੁੰ ਨਹੀਂ ਚੁੱਕ ਸਕੇ ਸਨ।

 


 

ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸਹੁੰ ਚੁਕਣ ਤੋਂ ਬਾਅਦ 'ਇਨਕਲਾਬ ਜ਼ਿੰਦਾਬਾਦ' ਦਾ ਨਾਹਰਾ ਲਗਾਇਆ। ਦੂਜੇ ਪਾਸੇ ਜਦੋਂ ਭਗਵੰਤ ਮਾਨ ਸਹੁੰ ਚੁੱਕ ਰਹੇ ਸਨ ਤਾਂ ਪਿੱਛੇ ਸੀਟਾਂ 'ਤੇ ਬੈਠੇ ਕਈ ਭਾਜਪਾ ਮੈਂਬਰਾਂ ਨੇ ਉਨ੍ਹਾਂ 'ਤੇ ਤੰਜ ਕਸਦਿਆਂ ਕਿਹਾ, "ਹੁਣ ਮਾਨ ਇਕੱਲੇ ਬਚੇ ਹਨ।" ਇਸ 'ਤੇ ਮਾਨ ਨੇ ਕਿਹਾ, "ਮੈਂ ਇਕੱਲਾ ਹੀ ਕਾਫ਼ੀ ਹਾਂ।"

ਉਧਰ ਕੇਰਲਾ ਦੀ ਤਿਰੁਵਨੰਤਪੁਰਮ ਸੀਟ ਤੋਂ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਬਣੇ ਸ਼ਸ਼ੀ ਥਰੂਰ ਨੇ ਸਹੁੰ ਚੁੱਕੀ। ਸ਼ਸ਼ੀ ਥਰੂਰ ਦੇਸ਼ ਤੋਂ ਬਾਹਰ ਹੋਣ ਕਾਰਨ ਬੀਤੇ ਦਿਨ ਸਹੁੰ ਨਹੀਂ ਚੁੱਕ ਸਕੇ ਸਨ। ਇਸ ਤੋਂ ਇਲਾਵਾ ਮਨੀਸ਼ ਤਿਵਾਰੀ ਅਤੇ ਪਰਨੀਤ ਕੌਰ ਨੇ ਵੀ ਸਹੁੰ ਚੁੱਕੀ।

ਗੁਰਦਾਸਪੁਰ ਦੀ ਸੀਟ ਤੋਂ ਜੇਤੂ ਭਾਜਪਾ ਉਮੀਦਵਾਰ ਸਨੀ ਦਿਓਲ ਦਾ ਨਾਂ ਜਦੋਂ ਸਹੁੰ ਚੁੱਕਣ ਲਈ ਪੁਕਾਰਿਆ ਗਿਆ ਤਾਂ ਸੱਤਾ ਧਿਰ ਦੇ ਕਈ ਮੈਂਬਰਾਂ ਨੇ 'ਭਾਰਤ ਮਾਤਾ ਦੀ ਜੈ' ਦੇ ਨਾਹਰੇ ਲਗਾਏ। ਸਨੀ ਦਿਓਲ ਨੇ ਅੰਗਰੇਜ਼ੀ 'ਚ ਸਹੁੰ ਚੁੱਕੀ।