ਬੇਟ ਖੇਤਰ ਦੇ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਦਿਨ ਪਈ ਲਗਾਤਾਰ ਬਾਰਿਸ਼ ਕਾਰਨ ਜਿਥੇ ਕਈ ਕਿਸਾਨਾਂ ਨੇ ਰਾਹਤ ਮਹਿਸੂਸ ਕੀਤੀ ਉਥੇ ਹਲਕਾ ਸਾਹਨੇਵਾਲ ਦੇ ਬੇਟ ਖੇਤਰ ਦੇ ਇਕ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ..........

Crop in Water

ਮਾਛੀਵਾੜਾ ਸਾਹਿਬ : ਦੋ ਦਿਨ ਪਈ ਲਗਾਤਾਰ ਬਾਰਿਸ਼ ਕਾਰਨ ਜਿਥੇ ਕਈ ਕਿਸਾਨਾਂ ਨੇ ਰਾਹਤ ਮਹਿਸੂਸ ਕੀਤੀ ਉਥੇ ਹਲਕਾ ਸਾਹਨੇਵਾਲ ਦੇ ਬੇਟ ਖੇਤਰ ਦੇ ਇਕ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਸਿੰਚਾਈ ਵਿਭਾਗ ਵਲੋਂ ਡਰੇਨਾਂ ਦੀ ਸਫ਼ਾਈ ਨਾ ਕੀਤੇ ਜਾਣ ਕਾਰਨ ਪਾਣੀ ਵਿਚ ਡੁੱਬ ਗਈ ਜਿਸ ਕਾਰਨ ਕਿਸਾਨਾਂ ਦਾ ਭਾਰੀ ਆਰਥਕ ਨੁਕਸਾਨ ਹੋਇਆ। ਅੱਜ ਪੱਤਰਕਾਰਾਂ ਵਲੋਂ ਜਦੋਂ ਹਲਕਾ ਸਾਹਨੇਵਾਲ ਦੇ ਪਿੰਡ ਕਾਲਸ ਕਲਾਂ, ਸਤਿਆਣਾ, ਘੁਮਾਣਾ, ਮੰਡ ਉਧੋਵਾਲ, ਬੌੜੇ, ਮਿਓਂਵਾਲ, ਮਾਛੀਆਂ ਖੁਰਦ, ਬੌਂਕੜ ਗੁੱਜਰਾਂ, ਕੜਿਆਣਾ ਕਲਾਂ, ਹਵਾਸ, ਜੀਵਨਪੁਰ ਦਾ ਜਾਇਜ਼ਾ ਲਿਆ ਤਾਂ ਦੇਖਿਆ ਕਿ ਕਿਸਾਨਾਂ ਦੀ ਤਾਜ਼ਾ ਬੀਜੀ ਝੋਨੇ ਦੀ ਫ਼ਸਲ ਬਿਲੁਕਲ

ਪਾਣੀ ਵਿਚ ਡੁੱਬ ਗਈ ਸੀ ਅਤੇ ਉਨ੍ਹਾਂ ਦੇ ਖੇਤਾਂ ਵਿਚ 2 ਤੋਂ 3 ਫੁੱਟ ਪਾਣੀ ਚਲ ਰਿਹਾ ਹੈ। ਕਾਲਸ ਕਲਾਂ ਦੇ ਕਿਸਾਨਾਂ ਮੱਖਣ ਸਿੰਘ, ਜਸਵੀਰ ਸਿੰਘ, ਮੰਗਤ ਸਿੰਘ, ਗੁਰਜੀਤ ਸਿੰਘ, ਬਲਦੇਵ ਰਾਜ, ਕੇਵਲ ਕ੍ਰਿਸ਼ਨ, ਰਾਜਪਾਲ ਸਿੰਘ, ਮੁਖਤਿਆਰ ਸਿੰਘ, ਕਰਨੈਲ ਸਿੰਘ ਨੇ ਪੱਤਰਕਾਰਾਂ ਨੂੰ ਬੜੇ ਹੀ ਭਰੇ ਮਨ ਨਾਲ ਦਸਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਮਜ਼ਦੂਰਾਂ ਤੋਂ 3 ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚ ਕੇ ਝੋਨੇ ਲਗਾਇਆ ਸੀ ਅਤੇ ਡੀਜ਼ਲ, ਦਵਾਈਆਂ ਦਾ ਹੋਰ ਖ਼ਰਚਾ ਪਾ ਕੇ ਕਰੀਬ 7 ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚਾ ਆ ਗਿਆ ਪਰ 2 ਦਿਨ ਪਏ ਮੀਂਹ ਨੇ ਉਨ੍ਹਾਂ ਦੇ ਪਿੰਡਾਂ 'ਚੋਂ ਲੰਘਦੀ ਡਰੇਨ ਓਵਰ ਫਲੋਅ ਹੋ ਗਈ ਅਤੇ ਸਾਰੇ ਖੇਤਾਂ 'ਚ ਪਾਣੀ ਹੀ

ਪਾਣੀ ਹੋ ਗਿਆ ਜਿਸ ਕਾਰਨ ਉਨ੍ਹਾਂ ਦੀ ਫ਼ਸਲ ਡੁੱਬ ਕੇ ਤਬਾਹ ਹੋ ਗਈ।  ਇਨ੍ਹਾਂ ਕਿਸਾਨਾਂ ਨੇ ਦਸਿਆ ਕਿ ਉਨ੍ਹਾਂ ਦੀ ਫ਼ਸਲ ਡੁੱਬਣ ਕਾਰਨ ਜੋ ਆਰਥਕ ਨੁਕਸਾਨ ਹੋਇਆ ਹੈ ਉਸ ਦਾ ਜ਼ਿੰਮੇਵਾਰ ਸਿੰਚਾਈ ਵਿਭਾਗ ਹੈ ਕਿਉਂਕਿ ਇਨ੍ਹਾਂ ਪਿੰਡਾਂ 'ਚੋਂ ਲੰਘਦੀ ਡਰੇਨਾਂ ਦੀ ਨਾ ਤਾਂ ਸਫ਼ਾਈ ਹੋਈ ਅਤੇ ਨਾ ਹੀ ਡਰੇਨਾਂ 'ਤੇ ਕੁੱਝ ਕਿਸਾਨਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ ਜਿਸ ਕਾਰਨ ਪਾਣੀ ਦਾ ਵਹਾਅ ਰੁਕ ਗਿਆ ਅਤੇ ਉਨ੍ਹਾਂ ਦੀ ਫ਼ਸਲ ਡੁੱਬ ਗਈ।

ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹਲਕਾ ਸਾਹਨੇਵਾਲ ਦੇ ਬੇਟ ਖੇਤਰ ਵਿਚ ਤੁਰਤ ਡਰੇਨਾਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਜੋ ਉਨ੍ਹਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਉਸ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿਤਾ ਜਾਵੇ।