ਭਾਖੜਾ ਤੇ ਪੌਂਗ ਡੈਮਾਂ ਵਿਚ ਪਾਣੀ ਦੀ ਭਾਰੀ ਕਮੀ : ਡੀ ਕੇ ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਤਲੁਜ ਦਰਿਆ 'ਤੇ ਬਣੇ ਭਾਖੜਾ ਡੈਮ, ਬਿਆਸ ਦਰਿਆ 'ਤੇ ਬਣੇ ਪੌਂਗ ਡੈਮ ਤੇ ਹੋਰ ਝੀਲਾਂ ਵਿਚ ਪਾਣੀ ਦਾ ਪੱਧਰ ਇੰਨਾ ਨੀਵਾਂ ਚਲਾ ਲਿਆ ਗਿਆ ਹੈ...........

Bhakra Dam

ਚੰਡੀਗੜ੍ਹ :  ਸਤਲੁਜ ਦਰਿਆ 'ਤੇ ਬਣੇ ਭਾਖੜਾ ਡੈਮ, ਬਿਆਸ ਦਰਿਆ 'ਤੇ ਬਣੇ ਪੌਂਗ ਡੈਮ ਤੇ ਹੋਰ ਝੀਲਾਂ ਵਿਚ ਪਾਣੀ ਦਾ ਪੱਧਰ ਇੰਨਾ ਨੀਵਾਂ ਚਲਾ ਲਿਆ ਗਿਆ ਹੈ ਕਿ 40 ਸਾਲ ਪਹਿਲਾਂ ਮਾਰਚ ਮਹੀਨੇ ਦਾ ਸੱਭ ਤੋਂ ਨੀਵਾਂ ਰੀਕਾਰਡ ਵੀ ਇਸ ਸਾਲ ਟੁੱਟ ਗਿਆ। ਭਾਖੜਾ ਡੈਮ ਦੀ ਗੋਬਿੰਦ ਸਾਗਰ ਪਾਦੀ ਦੀ ਸੈਂਕੜੇ ਕਿਲੋਮੀਟਰ ਝੀਲ ਵਿਚ ਪਾਣੀ ਦਾ ਪੱਧਰ ਅੱਜ 1517 ਫ਼ੁਟ ਹੈ ਜਦਕਿ ਅੱਜ ਦੇ ਦਿਨ ਪਿਛਲੇ ਸਾਲ ਇਹ ਪੱਧਰ 1594 ਫੁਟ ਸੀ ਯਾਨੀ ਐਤਕੀਂ 77 ਫੁਟ ਹੇਠਾਂ ਹੈ। ਇਵੇਂ ਹੀ ਤਲਵਾੜਾ ਦੇ ਪੌਂਗ ਡੈਮ ਦਾ ਲੈਵਲ 1285 ਫੁਟ ਹੈ ਜੋ ਅੱਜ ਦੇ ਦਿਨ ਪਿਛਲੇ ਸਾਲ 1319 ਫੁਟ ਸੀ, ਯਾਨੀ ਐਤਕੀਂ 34 ਫ਼ੁਟ ਥੱਲੇ ਹੈ।

ਇਸ ਸੰਕਟਮਈ ਅਤੇ ਪਾਣੀ ਕਮੀ ਦੀ ਹਾਲਤ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਮੁਲਾਕਾਤ ਕਰਦੇ ਹੋਏ ਭਾਖੜਾ ਬਿਆਸ ਪ੍ਰਬੰਧ ਬੋਰਡ, ਬੀ ਬੀ ਐਮ ਬੀ ਦੇ ਚੇਅਰਮੈਨ ਡੀ ਕੇ ਸ਼ਰਮਾ ਨੇ ਦਸਿਆ ਕਿ ਅਪ੍ਰੈਲ, ਮਈ ਤੇ ਜੂਨ ਵਿਚ ਪਹਾੜਾਂ 'ਤੇ ਗਲੇਸ਼ੀਅਰ ਨਹੀਂ ਪਿਘਲੇ, ਬਰਫ਼ ਦਾ ਪਾਣੀ ਘੱਟ ਥੱਲੇ ਆਇਆ ਅਤੇ ਹੁਣ ਮਾਨਸੂਨ ਦੀ ਬਾਰਸ਼ ਕੈਚਮੈਂਟ ਏਰੀਆ ਵਿਚ ਘੱਟ ਹੋ ਰਹੀ ਹੈ ਤਾਂ ਕਸਰਤ ਦਾ ਪਾਣੀ ਦਰਿਆਵਾਂ ਵਿਚ ਘੱਟ ਆਉਣ ਕਰ ਕੇ ਡੈਮਾਂ ਵਿਚ ਲੈਵਲ, ਫਿਲਹਾਲ ਬਹੁਤ ਘੱਟ ਹੈ। 

ਚੇਅਰਮੈਨ ਨੇ ਦਸਿਆ ਕਿ ਪਿਛਲੇ ਸਾਲ ਬਰਸਾਤ ਵਿਚ ਅੱਜ ਦੇ ਦਿਨ ਬਾਰਸ਼ ਦੇ ਪਾਣੀ ਦਾ ਵਾਹਾਅ ਜੋ 57727 ਕਿਊਸਕ ਸੀ, ਉਹ ਬੀਤੇ ਕਲ ਕੇਵਲ 37460 ਕਿਊਸਕ ਅਤੇ ਅੱਜ 15757 ਕਿਊਸਕ ਹੈ ਜੋ 20,000 ਕਿਊਸਕ ਰੋਜ਼ਾਨਾ ਘੱਟ ਆ ਰਿਹਾ ਹੈ। ਇਸੇ ਤਰ੍ਹਾਂ ਪੌਂਗ ਡੈਮ ਦੀ ਤਲਵਾੜਾ ਝੀਲ ਵਿਚ ਅੱਜ ਦਾ ਪਾਦੀ ਵਹਾਅ 26000 ਕਿਊਸਕ ਹੈ ਜਦੋਂ ਕਿ ਇਹੀ ਇਨਫਲੋਅ ਪਿਛਲੇ ਸਾਲ 41000 ਕਿਊਸਕ ਸੀ। ਮੁਲਕ ਦੇ ਸੱਭ ਤੋਂ ਵੱਡੇ ਪਣ ਬਿਜਲੀ ਪ੍ਰਾਜੈਕਟ ਜਿਸ ਦੀ ਪਾਣੀ ਤੋਂ ਬਿਜਲੀ ਬਣਾਉਣ ਦੀ ਕੁਲ ਸਮਰਥਾ 2918.73 ਮੈਗਾਵਾਟ ਹੈ,

ਵਾਸਤੇ ਦੋਨਾਂ ਡੈਮਾਂ ਵਿਚ ਪਾਣੀ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਆ ਜਾਣ ਕਰ ਕੇ ਕੇਂਦਰ ਸਰਕਾਰ ਨੂੰ ਚਿੰਤਾ ਹੋਈ। ਕੇਂਦਰ ਸਰਕਾਰ ਦੇ ਊਰਜਾ ਸਕੱਤਰ ਏ ਕੇ ਭੱਲਾ ਨੇ ਨੰਗਲ ਡੈਮ ਦਾ 2 ਦਿਨ ਪਹਿਲਾਂ ਦੌਰਾ ਕੀਤਾ ਅਤੇ ਗੰਭੀਰ ਸਥਿਤੀ ਦਾ ਜਾਇਜ਼ਾ ਲਿਆ। ਚੇਅਰਮੈਨ ਡੀ ਕੇ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਭਾਖੜਾ ਤੇ ਪੌਂਗ ਤੋਂ ਪਾਣੀ ਵਰਤ ਰਹੇ ਸੂਬੇ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਨਾਲ ਮਈ ਤੇ ਜੂਨ ਮਹੀਨੇ ਹਰ 10 ਦਿਨਾਂ ਬਾਅਦ ਬੈਠਕ ਕੀਤੀ ਜਾਂਦੀ ਸੀ ਅਤੇ ਦਸਿਆ ਜਾਂਦਾ ਰਿਹਾ ਕਿ ਪਾਣੀ ਦੀ ਵਰਤੋਂ ਵਿਚ ਬਚਤ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਹੁਣ ਵੀ ਜੁਲਾਈ ਵਿਚ ਭਾਖੜਾ ਤੋਂ ਰੋਜ਼ਾਨਾ 20,000 ਕਿਊਸਕ ਅਤੇ ਪੌਂਗ ਤੋਂ ਹਰ ਰੋਜ਼ 8500 ਕਿਊਸਕ ਪਾਣੀ ਹੀ ਰਿਲੀਜ਼ ਕੀਤਾ ਜਾਂਦਾ ਹੈ ਤਾਕਿ ਬਰਸਾਤਾਂ ਤੋਂ ਬਾਅਦ ਸਰਦੀਆਂ ਦੌਰਾਨ ਅਕਤੂਬਰ ਤੋਂ ਫ਼ਰਵਰੀ ਅਤੇ ਅੱਗੋਂ ਮਾਰਚ ਤੋਂ ਜੂਨ ਤਕ ਬਹੁਤਾ ਗੰਭੀਰ ਸੰਕਟ ਨਾ ਆਵੇ। ਸਵਾ ਸਾਲ ਪਹਿਲਾਂ ਬਤੌਰ ਚੇਅਰਮੈਨ ਨਿਯੁਕਤ ਹੋਏ ਇੰਜੀਨੀਅਰ ਡੀ ਕੇ ਸ਼ਰਮਾ ਨੇ ਦਸਿਆ ਕਿ ਲਗਾਤਾਰ ਦਿਨ ਰਾਤ ਮਿਹਨਤ ਕਰ ਕੇ ਬੋਰਡ ਦੇ ਮੈਂਬਰਾਂ, ਚੀਫ਼ ਇੰਜੀਨੀਅਰਾਂ, ਤਕਨੀਕੀ ਤੇ ਹੋਰ ਸਾਰੇ ਸਟਾਫ਼ ਦੇ ਸਹਿਯੋਗ ਨਾਲ ਭਾਖੜਾ ਦੇ ਖੱਬੇ ਕੰਢੇ ਦੀਆਂ 5 ਮਸ਼ੀਨਾਂ ਦੀ ਚੱਲ ਰਹੀ ਅਪਰੇਟਿੰਗ ਦੀ ਮੁਰੰਮਤ ਪੂਰੀ ਕਰਵਾ ਦਿਤੀ ਗਈ।

ਇਕ ਰਹਿੰਦੀ ਮਸ਼ੀਨ ਨੂੰ ਵੀ ਇਸ ਸਾਲ ਚਾਲੂ ਕਰ ਦਿਤਾ ਜਾਵੇਗਾ। ਖੱਬੇ ਪਾਸੇ ਵਾਲੇ 4 ਜਨਰੇਟਰਾਂ ਦੀ ਸਮਰੱਥਾ 108-108 ਮੈਗਾਵਾਟ ਤੋਂ ਵਧਾ ਕੇ 126-126 ਹੋ ਗਈ ਹੈ, 5ਵੇਂ ਦੀ ਵੀ ਛੇਤੀ ਹੀ 108 ਤੋਂ ਚੁੱਕ ਕੇ 126 ਹੋ ਜਾਵੇਗੀ। ਇਸੇ ਤਰ੍ਹਾ ਗੰਗੂਵਾਲ ਕੋਟਲ ਦੀਆਂ 2 ਮਸ਼ੀਨਾਂ ਨੂੰ ਵੀ 76.39 ਤੇ 77.34 ਮੈਗਾਵਾਟ ਦੀ ਸਮਰੱਥਾਂ 'ਤੇ ਲੈ ਆਂਦਾ ਹੈ। ਭਾਖੜਾ ਦੇ ਸੱਜੇ ਕੰਢੇ ਦੀਟਾ ਸਾਰੀਆਂ 5 ਮਸ਼ੀਨਾਂ ਦੀ ਸਮਰੱਥਾ ਵਧਾ ਕੇ ਪਹਿਲਾਂ ਹੀ 785 ਮੈਗਾਵਾਟ ਕਰ ਦਿਤੀ ਹੈ। ਯਾਨੀ ਹਰ ਇਕ ਜਨਰੇਟਰ 157 ਮੈਗਾਵਾਟ ਬਿਜਲੀ ਬਣਾਉਣ ਦੇ ਯੋਗ ਹੋ ਗਿਆ ਹੇ।

ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਲੋਕਾਂ 'ਤੇ ਵਿਸ਼ੇਸ਼ ਕਰ ਕਿਸਾਨਾਂ ਨੂੰ ਪਾਣੀ ਦੀ ਬੱਚਤ ਕਰਨ ਦੀ ਅਪੀਲ ਕਰਦੇ ਹੋਏ ਚੇਅਰਮੈਨ ਨੇ ਕਿਹਾ ਕਿ ਪਾਣੀ ਕੁਦਰਤੀ ਸੋਮਾ ਹੈ, ਇਸ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਬਰਸਾਤ ਦਾ ਪਾਣੀ ਜੋ ਜੁਲਾਈ ਅਗੱਸਤ ਵਿਚ ਅਜਾਈਂ ਰੁੜ੍ਹ ਜਾਂਦਾ ਹੈ, ਨੂੰ ਸੰਭਾਲਣ ਵਾਸਤੇ ਇਨ੍ਹਾਂ ਤਿੰਨੋ ਰਾਜਾਂ ਦੇ ਲੋਕਾਂ ਨੂੰ ਬੇਨਤੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੀਬੀਐਮਬੀ ਨੇ ਕੇਂਦਰ ਦੀ ਮਦਦ ਤੇ ਸਹਿਯੋਗ ਨਾਲ ਕਿਸਾਨਾਂ ਨੂੰ ਝੋਨੇ ਦੀ ਚੱਕਰ ਵਿਚੋਂ ਕੱਢ ਕੇ ਹੋਰ ਫ਼ਸਲਾਂ ਬੀਜਣ ਵਾਸਤੇ ਕਾਫ਼ੀ ਪ੍ਰੇਰਿਤ ਕੀਤਾ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਨੂੰ ਉਤਸ਼ਾਹਤ ਕਰੇ।