ਰੋਟੀ ਦਾ ਪ੍ਰਬੰਧ ਕਰਨ ਲਈ ਦਿਹਾੜੀ ਕਰ ਰਿਹੈ ਭਾਈ ਮਰਦਾਨਾ ਜੀ ਦਾ ਪਰਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਘਰ ਦੀਆਂ ਔਰਤਾਂ ਲੋਕਾਂ ਦੇ ਘਰਾਂ ਦੇ ਕੰਮ ਕਰ ਕੇ ਕਰਦੀਆਂ ਹਨ ਗੁਜ਼ਾਰਾ 

Family of Bhai Mardana

ਨਨਕਾਣਾ ਸਾਹਿਬ (ਚਰਨਜੀਤ ਸਿੰਘ): ਹੁਣ ਜਦਕਿ ਸਿੱਖ ਪੰਥ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਨਾਨਕ ਨਿਰਮਲ ਪੰਥ ਲਈ ਇਕ ਦੁਖ ਦੀ ਖ਼ਬਰ ਇਹ ਵੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਨੇੜੇ ਦੇ ਸਾਥੀ ਭਾਈ ਮਰਦਾਨਾ ਜੀ ਦਾ ਪਰਵਾਰ 2 ਵਕਤ ਦੀ ਰੋਟੀ ਦਾ ਜੁਗਾੜ ਕਰਨ ਲਈ ਦਿਹਾੜੀ ਕਰ ਰਿਹਾ ਹੈ। ਇਥੇ ਹੀ ਬੱਸ ਨਹੀਂ, ਭਾਈ ਮਰਦਾਨਾ ਦੇ ਪਰਵਾਰ ਦੀਆਂ ਔਰਤਾਂ ਵੀ ਲੋਕਾਂ ਦੇ ਘਰਾਂ ਦਾ ਕੰਮ ਕਰ ਰਹੀਆਂ ਹਨ।

ਨਨਕਾਣਾ ਸਾਹਿਬ ਵਿਖੇ ਗੱਲ ਕਰਦਿਆਂ ਭਾਈ ਸਰਫ਼ਾਰਜ਼ ਨੇ ਦਸਿਆ ਕਿ ਭਾਈ ਮਰਦਾਨਾ ਦੀ ਕੁਲ ਦੇ 17 ਵੇ ਵਾਰਸ ਭਾਈ ਮੁਹੰਮਦ ਹੁਸੈਨ ਦੇ ਦੰਦ ਖ਼ਰਾਬ ਹੋ ਚੁੱਕੇ ਹਨ। ਇਲਾਜ ਲਈ ਪੈਸੇ ਨਹੀਂ ਹਨ। ਭਾਈ ਮੁਹੰਮਦ ਹੁਸੈਨ ਘਰ ਦਾ ਖ਼ਰਚ ਚਲਾਉਣ ਲਈ ਰੰਗ ਰੋਗਨ ਤੇ ਕਲੀ ਕਰਨ ਦਾ ਕਿੱਤਾ ਕਰਦਾ ਹੈ। 18ਵੇਂ ਵਾਰਸ ਭਾਈ ਨਾਇਮ ਤਾਹਿਰ ਬਾਰੇ ਉਨ੍ਹਾਂ ਦਸਿਆ ਕਿ ਉਹ ਪੁਰਾਣੇ ਕਪੜੇ ਵੇਚਦਾ ਹੈ ਪਰ ਜਦ ਕੰਮ ਬੰਦ ਹੋ ਜਾਂਦੇ ਤੇ ਉਹ ਅਪਣੇ ਪਿਤਾ ਨਾਲ ਰੰਗ ਕਲੀ ਦੇ ਕੰਮ ਤੇ ਲੱਗ ਜਾਂਦੇ ਹਨ।

19ਵੇਂ ਵਾਰਸ ਭਾਈ ਸਰਫ਼ਰਾਜ਼ ਨੇ ਦਸਿਆ ਕਿ ਉਹ ਰੇਹੜਾ ਚਲਾ ਕੇ ਅਪਣੇ ਪਰਵਾਰ ਲਈ 2 ਵਕਤ ਦੀ ਰੋਟੀ ਦਾ ਪ੍ਰਬੰਧ ਕਰ ਰਿਹਾ ਹੈ। ਜਦਕਿ ਸਾਡੇ ਘਰ ਦੀਆਂ ਔਰਤਾਂ ਲੋਕਾਂ ਦੇ ਘਰਾਂ ਦੇ ਕੰਮ ਕਰ ਕੇ ਗੁਜ਼ਾਰਾ ਕਰਦੀਆਂ ਹਨ। ਭਾਈ ਸਰਫ਼ਰਾਜ਼ ਨੇ ਕਿਹਾ ਕਿ ਜੇ ਅਸੀਂ ਇਸਲਾਮਿਕ ਨ੍ਹਾਤ ਗਾਉਣ ਦਾ ਕੰਮ ਕਰੀਏ ਤਾਂ ਸਾਨੂੰ ਆਮਦਨ ਬਹੁਤ ਵਧ ਸਕਦੀ ਹੈ। ਅਸੀਂ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹਾਂ।

ਦੇਖੋ ਵੀਡੀਓ: