ਵਿਸਾਖੀ ਮਨਾਉਣ ਲਈ ਭਾਈ ਮਰਦਾਨਾ ਸੁਸਾਇਟੀ ਦਾ ਜੱਥਾ ਪਾਕਿਸਤਾਨ ਲਈ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿ 'ਚ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਕੇ ਜੱਥਾ ਵਾਪਸ 21 ਅਪ੍ਰੈਲ ਨੂੰ ਭਾਰਤ ਆਵੇਗਾ

Pic

ਫ਼ਿਰੋਜ਼ਪੁਰ : ਗੁਰਦਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦਾ 245 ਮੈਂਬਰਾਂ ਦਾ ਜੱਥਾ ਅੱਜ ਜਥੇਦਾਰ ਸੰਤਾ ਸਿੰਘ ਮੱਲਾਂਵਾਲਾਂ ਦੀ ਅਗਵਾਈ ਹੇਠ ਸੁਸਾਇਟੀ ਪ੍ਰਧਾਨ ਹਰਪਾਲ ਸਿੰਘ ਭੁੱਲਰ ਅਤੇ ਸਾਥੀਆਂ ਵਲੋਂ ਰਵਾਨਾ ਕੀਤਾ ਗਿਆ।

ਇਸ ਮੌਕੇ ਸੁਸਾਇਟੀ ਪ੍ਰਧਾਨ ਨੇ ਪੱਤਰਕਾਰਾਂ ਨੂੰ ਦਸਦੇ ਆਖਿਆ ਕਿ ਭਾਈ ਮਰਦਾਨਾ ਸੁਸਾਇਟੀ ਸੰਨ 1999 ਤੋਂ ਪਾਕਿਸਤਾਨ ਵਿਖੇ ਸਿੱਖ ਜਥੇ ਭੇਜਦੀ ਆ ਰਹੀ ਹੈ ਅਤੇ ਪਾਕਿਸਤਾਨ ਦੇ ਸਿੱਖ ਗੁਰਧਾਮਾਂ ਵਿਖੇ ਲੰਗਰਾਂ ਲਈ ਬਰਤਨਾਂ ਦੀ ਸੇਵਾ ਕਮਰਿਆਂ ਵਿਖੇ ਦਰੀਆਂ, ਕੰਬਲਾਂ ਦੀ ਸੇਵਾ ਲੰਗਰਾਂ ਦੇ ਥਾਲ ਤੇ ਗਲਾਸ, ਵੱਡੇ ਪਤੀਲੇ, ਦੇਗਚੇ ਕੜਾਹੇ ਅਤੇ ਹੋਰ ਵੀ ਸੇਵਾ ਭੇਜਦੀ ਆ ਰਹੀ ਹੈ।  ਸੁਸਾਇਟੀ ਸਾਲ ਵਿਚ ਚਾਰ ਜਥੇ ਭੇਜਦੀ ਆ ਰਹੀ ਹੈ। ਇਸ ਸਾਲ ਗੁਰੂ ਨਾਨਕ ਸਾਹਿਬ ਦੇ ਆ ਰਹੇ 550 ਸਾਲਾ ਮਨਾਉਣ ਲਈ ਭਾਰਤ ਤੋਂ ਵੱਧ ਤੋਂ ਵੱਧ ਸਿੱਖ ਯਾਤਰੀਆਂ ਨੂੰ ਪਾਕਿਸਤਾਨ ਵਿਖੇ ਭੇਜਣ ਲਈ ਉਪਰਾਲਾ ਕਰ ਰਹੀ ਹੈ।

ਭਾਈ ਮਰਦਾਨਾ ਸੁਸਾਇਟੀ ਫ਼ਿਰੋਜ਼ਪੁਰ ਤੋਂ ਨਨਕਾਣਾ ਸਾਹਿਬ ਤਕ ਨਗਰ ਕੀਰਤਨ ਲੈ ਕੇ ਜਾਣ ਲਈ ਵੀ ਔਕਾਫ਼ ਬੋਰਡ ਪਾਕਿਸਤਾਨ ਨੂੰ ਲਿਖ ਕੇ ਦਿਤਾ ਹੋਇਆ ਹੈ ਅਤੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਜਲੇਬੀਆਂ, ਪਕੌੜਿਆਂ ਦੇ ਲੰਗਰਾਂ ਲਈ ਤਿਆਰੀ ਕੀਤੀ ਜਾ ਰਹੀ ਹੈ। ਵਿਸਾਖੀ ਦਿਹਾੜਾ ਮਨਾਉਣ ਤੋਂ ਬਾਅਦ ਜੱਥਾ ਨਨਕਾਣਾ ਸਾਹਿਬ, ਸੱਚਾ ਸੌਦਾ ਦੇ ਦਰਸ਼ਨ ਕਰ ਕੇ ਲਾਹੌਰ ਪੁੱਜੇਗਾ, ਇਥੋਂ ਗੁਰਦਆਰਾ ਕਰਤਾਰਪੁਰ ਸਾਹਿਬ ਏਮਾਨਾਬਾਦ ਅਤੇ ਲਾਹੌਰ ਦੇ ਗੁਰਧਾਮਾਂ ਦੇ ਦਰਸ਼ਨ ਕਰ ਕੇ 21 ਅਪ੍ਰੈਲ ਨੂੰ ਵਾਪਸ ਭਾਰਤ ਪਰਤ ਆਵੇਗਾ।