ਤਿੰਨ ਨਵੇਂ ਡੀ.ਜੀ.ਪੀਜ਼ ਨੂੰ ਮਿਲੇ ਅਹੁਦੇ ; ਮੁੜ ਸਿੱਧੂ ਨੂੰ ਐਸ.ਟੀ.ਐਫ਼ ਦਾ ਮੁਖੀ ਬਣਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਵਲੋਂ 27 ਆਈ.ਪੀ.ਐਸ. ਤੇ 5 ਪੀ.ਪੀ.ਐਸ ਅਫ਼ਸਰਾਂ ਦੇ ਤਬਾਦਲੇ

Three new DGPs gets postings, ADGP Harpreet Sidhu posted as STF chief

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਨਵੇਂ ਹੁਕਮ ਜਾਰੀ ਕਰ ਕੇ ਤਰੱਕੀ ਪ੍ਰਾਪਤ ਤਿੰਨ ਨਵੇਂ ਡੀਜੀਪੀਜ਼ ਨੂੰ ਅਹੁਦੇ ਦੇ ਦਿਤੇ ਹਨ ਜਦਕਿ 27 ਹੋਰ ਆਈ.ਪੀ.ਐਸ ਅਤੇ 5 ਪੀ.ਪੀ.ਐਸ.ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਪ੍ਰਬੋਧ ਕੁਮਾਰ ਨੂੰ ਵਿਸ਼ੇਸ਼ ਡੀਜੀਪੀ ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਲਾ ਦਿਤਾ ਹੈ ਰੋਹਿਤ ਚੌਧਰੀ ਨੂੰ ਡੀਜੀਪੀ ਨੀਤੀ ਅਤੇ ਨਿਯਮ ਜਦ ਕਿ ਇਕਬਾਲਪ੍ਰੀਤ ਸਹੋਤਾ ਨੂੰ ਵਿਸ਼ੇਸ਼ ਡੀਜੀਪੀ ਆਰਮਡ ਬਟਾਲੀਅਨ ਜਲੰਧਰ ਵਿਖੇ ਹੀ ਲਾ ਦਿਤਾ ਹੈ। ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਤੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਹੁਣ ਵਿਸ਼ੇਸ਼ ਟਾਸਕ ਫ਼ੋਰਸ ਦੇ ਮੁਖੀ ਹੋਣਗੇ। ਗੁਰਪ੍ਰੀਤ ਕੌਰ ਦਿਓ ਨੂੰ ਏਡੀਜੀਪੀ ਕ੍ਰਾਈਮ ਅਤੇ ਪ੍ਰਵੀਨ ਕੁਮਾਰ ਸਿਨ੍ਹਾ ਨੂੰ ਕਾਰਜਕਾਰੀ ਏਡੀਜੀਪੀ ਜੇਲਾਂ ਲਾ ਦਿਤਾ ਹੈ।

ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਆਈ.ਪੀ.ਐਸ ਅਧਿਕਾਰੀ  ਏ.ਡੀ.ਜੀ.ਪੀ. ਪ੍ਰਸ਼ਾਸਨ ਗੌਰਵ ਯਾਦਵ ਨੂੰ ਲਿਟੀਗੇਸ਼ਨ ਵਿੰਗ ਦਾ ਕਾਰਜਭਾਰ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਈਸ਼ਵਰ ਸਿੰਘ ਨੂੰ ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ, ਏ.ਡੀ.ਜੀ.ਪੀ. ਨੀਤੀ ਤੇ ਨਿਯਮ ਸ਼੍ਰੀ ਜਤਿੰਦਰ ਕੁਮਾਰ ਨੂੰ ਡਾਇਰੈਕਟਰ ਐਸ.ਸੀ.ਆਰ.ਬੀ. ਪੰਜਾਬ ਦਾ ਵਾਧੂ ਚਾਰਜ, ਏ.ਡੀ.ਜੀ.ਪੀ. ਸ਼ਸ਼ੀ ਪ੍ਰਭਾ ਦਿਵੇਦੀ ਨੂੰ ਇਸਤਰੀਆਂ ਸਬੰਧੀ ਮਾਮਲੇ ਪੰਜਾਬ ਦਾ ਵਾਧੂ ਚਾਰਜ, ਏ.ਡੀ.ਜੀ.ਪੀ. ਤਾਲਮੇਲ ਆਰ.ਐਨ. ਢੋਕੇ ਨੂੰ ਏ.ਡੀ.ਜੀ.ਪੀ. ਸੁਰੱਖਿਆ ਤੇ ਕਮਿਉਨਿਟੀ ਅਫ਼ੇਅਰਜ਼ ਤੇ ਐਨ.ਆਰ.ਆਈ. ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ।

ਬੁਲਾਰੇ ਨੇ ਦਸਿਆ ਕਿ ਬੀ. ਚੰਦਰ ਸ਼ੇਖਰ ਨੂੰ ਆਈ.ਜੀ ਕਰਾਈਮ (ਬੀਓਆਈ) ਪੰਜਾਬ, ਪਰਮੋਦ ਬਾਨ ਨੂੰ ਆਈ.ਜੀ, ਸੂਚਨਾ ਤਕਨਾਲੋਜੀ ਤੇ ਦੂਰਸੰਚਾਰ ਪੰਜਾਬ, ਜੀ ਨਾਗੇਸ਼ਵਰ ਰਾਓ ਨੂੰ ਆਈ.ਜੀ, ਐਸ.ਟੀ.ਐਫ਼, ਪੰਜਾਬ, ਬਲਕਾਰ ਸਿੰਘ ਨੂੰ ਆਈ.ਜੀ ਵਿਸ਼ੇਸ਼ ਜਾਂਚ (ਬੀਓਆਈ) ਪੰਜਾਬ, ਐਲ.ਕੇ ਯਾਦਵ ਨੂੰ ਆਈ.ਜੀ-ਕਮ- ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ, ਮੋਹਨੀਸ਼ ਚਾਵਲਾ ਨੂੰ ਆਈ.ਜੀ-ਕਮ-ਡਾਇਰੈਕਟਰ ਈ.ਓ.ਡਬਲਿਊ, ਵਿਜੀਲੈਂਸ ਬਿਊਰੋ ਪੰਜਾਬ, ਸ਼ਿਵੇ ਕੁਮਾਰ ਵਰਮਾ ਨੂੰ ਆਈ.ਜੀ ਕਰਾਈਮ (ਬੀਓਆਈ) ਪੰਜਾਬ, ਆਈ.ਜੀ, ਪੀ.ਏ.ਪੀ ਜਲੰਧਰ ਜਸਕਰਨ ਸਿੰਘ ਨੂੰ ਆਈ.ਜੀ ਆਫ਼ਤ ਪ੍ਰਬੰਧਨ ਪੰਜਾਬ ਦਾ ਵਾਧੂ ਚਾਰਜ, ਗੁਰਪ੍ਰੀਤ ਸਿੰਘ ਤੂਰ ਨੂੰ ਡੀਆਈਜੀ ਐਸਟੀਐਫ਼ ਪੰਜਾਬ, ਵਿਵੇਕ ਸ਼ੀਲ ਨੂੰ ਐਸ.ਐਸ.ਪੀ ਫ਼ਿਰੋਜ਼ਪੁਰ, ਕੁਲਦੀਪ ਸਿੰਘ ਨੂੰ ਐਸਐਸਪੀ ਐਸ.ਏ.ਐਸ ਨਗਰ, ਦੀਪਕ ਹਿਲੋਰੀ ਨੂੰ ਐਸ.ਐਸ.ਪੀ ਪਠਾਨਕੋਟ, ਗੌਰਵ ਗਰਗ ਨੂੰ ਐਸ.ਐਸ.ਪੀ ਹੁਸ਼ਿਆਰਪੁਰ, ਧਰੁਵ ਦਾਈਆ ਨੂੰ ਐਸ.ਐਸ.ਪੀ. ਤਰਨ ਤਾਰਨ, ਗੁਲਨੀਤ ਸਿੰਘ ਖ਼ੁਰਾਨਾ ਨੂੰ ਏ.ਆਈ.ਜੀ. ਸੀਆਈ ਪੰਜਾਬ ਐਸ.ਏ.ਐਸ ਨਗਰ, ਜੇ.ਐਲਨਚੇਜ਼ੀਅਨ ਨੂੰ ਏ.ਆਈ.ਜੀ ਨੂੰ ਅਮਲਾ-2, ਸੀਪੀਓ ਪੰਜਾਬ ਅਤੇ ਹਰਚਰਨ ਸਿੰਘ ਭੁੱਲਰ ਨੂੰ ਵਿਜੀਲੈਂਸ ਬਿਊਰੋ  ਪੰਜਾਬ ਵਿਖੇ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਪੀਪੀਐਸ ਅਧਿਕਾਰੀਆਂ ਵਿਚ ਸੰਦੀਪ ਗੋਇਲ ਨੂੰ ਐਸ.ਐਸ.ਪੀ ਲੁਧਿਆਣਾ (ਦਿਹਾਤੀ), ਭੁਪਿੰਦਰ ਸਿੰਘ ਨੂੰ ਐਸ.ਐਸ.ਪੀ ਫ਼ਾਜ਼ਿਲਕਾ, ਵਰਿੰਦਰ ਸਿੰਘ ਬਰਾੜ ਅਤੇ ਪਰਮਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਪੰਜਾਬ ਅਤੇ ਨਰਿੰਦਰ ਭਾਰਗਵ ਨੂੰ ਐਸਐੇਸਪੀ ਮਾਨਸਾ ਲਗਾਇਆ ਗਿਆ ਹੈ।

ਮੁੜ ਸਿੱਧੂ ਨੂੰ ਐਸ.ਟੀ.ਐਫ਼ ਦਾ ਮੁਖੀ ਬਣਾਇਆ :
ਪੰਜਾਬ ਵਿਚ ਲਗਾਤਾਰ ਵੱਧ ਰਹੀ ਨਸ਼ਿਆਂ ਦੀ ਵਿਕਰੀ ਨੂੰ ਠੱਲ੍ਹ ਪਾਉਣ ਲਈ ਮੁੜ ਤੋਂ ਸੀਨੀਅਰ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਸਪੈਸ਼ਲ ਟਾਸਕ ਫ਼ੋਰਸ (ਐਸ.ਟੀ.ਐਫ਼) ਦਾ ਮੁਖੀ ਨਿਯੁਕਤ ਕਰ ਦਿਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਹਰਪ੍ਰੀਤ ਸਿੰਘ ਸਿੱਧੂ ਨੂੰ ਮੁੜ ਤੋਂ ਨਸ਼ਿਆਂ ਦੀ ਵਿਕਰੀ 'ਤੇ ਕਾਬੂ ਪਾਉਣ ਲਈ ਐਸ.ਟੀ.ਐਫ਼ ਦਾ ਮੁਖੀ ਬਣਾ ਦਿਤਾ ਹੈ। ਅਸਲ ਵਿਚ ਜਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਆਉਂਦਿਆਂ ਹੀ ਨਸ਼ਿਆਂ ਦੀ ਤਸਕਰੀ 'ਤੇ ਕਾਬੂ ਪਾਉਣ ਲਈ ਹਰਪ੍ਰੀਤ ਸਿੰਘ ਸਿੱਧੂ ਨੂੰ ਡੈਪੂਟੇਸ਼ਨ ਤੋਂ ਵਾਪਸ ਬੁਲਾ ਕੇ ਉਨ੍ਹਾਂ ਨੂੰ ਐਸ.ਟੀ.ਐਫ਼ ਦਾ ਮੁਖੀ ਲਗਾ ਦਿਤਾ।

ਸ. ਸਿੱਧੂ ਸਿੱਧੇ ਹੀ ਮੁੱਖ ਮੰਤਰੀ ਨੂੰ ਰੀਪੋਰਟ ਕਰਦੇ ਸਨ। ਉਹ ਡੀ.ਜੀ.ਪੀ. ਦੇ ਅਧੀਨ ਨਹੀਂ ਸਨ। ਪੰਜਾਬ ਵਿਚ ਆਉਣ ਤੋਂ ਪਹਿਲਾਂ ਉਹ ਛੱਤੀਸਗੜ੍ਹ ਵਿਚ ਡੈਪੂਟੇਸ਼ਨ ਉਪਰ ਸਨ ਅਤੇ ਇਸ ਸੂਬੇ ਵਿਚ ਨਕਸਲਵਾੜੀਆਂ ਨੂੰ ਨੱਥ ਪਾਉਣ ਲਈ ਸ. ਸਿੱਧੂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਹ ਬਹੁਤ ਹੀ ਸਖ਼ਤ ਅਤੇ ਇਮਾਨਦਾਰ ਅਫ਼ਸਰ ਮੰਨੇ ਹੋਏ ਹਨ। ਪੰਜਾਬ ਆਉਣ 'ਤੇ ਉਨ੍ਹਾਂ ਨੇ ਪੁਲਿਸ ਦੇ ਕਈ ਅਧਿਕਾਰੀਆਂ ਨੂੰ ਨਸ਼ਿਆਂ ਦੇ ਧੰਦੇ ਵਿਚ ਲਿਪਤ ਹੋਣ ਕਾਰਨ ਹੱਥ ਪਾਇਆ ਅਤੇ ਪੂਰੀ ਕਾਰਵਾਈ ਕੀਤੀ। ਮੋਗਾ ਜ਼ਿਲ੍ਹੇ ਦੇ ਸਾਬਕਾ ਐਸ.ਪੀ. ਰਾਜਜੀਤ ਸਿੰਘ ਨੂੰ ਵੀ ਸ. ਸਿੱਧੂ ਨੇ ਨਸ਼ਿਆਂ ਦੇ ਧੰਦੇ ਵਿਚ ਲਿਪਤ ਹੋਣ ਕਾਰਨ ਹੱਥ ਪਾਇਆ। ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋਈ। ਤਲਾਸ਼ੀ ਸਮੇਂ ਉਨ੍ਹਾਂ ਦੇ ਨਿਵਾਸ ਤੋਂ ਨਾਜਾਇਜ਼ ਅਸਲਾ ਅਤੇ ਨਸ਼ੇ ਵੀ ਪਕੜੇ ਗਏ।