6 ਸੜਕ ਹਾਦਸੇ: 36 ਘੰਟਿਆਂ 'ਚ 7 ਮੌਤਾਂ
ਪਿਛਲੇ ਸਿਰਫ਼ 36 ਘੰਟਿਆਂ 'ਚ ਹੁਸ਼ਿਆਰਪੁਰ 'ਚ ਵੱਖ-ਵੱਖ ਥਾਂਈ ਹੋਏ ਸੜਕ ਹਾਦਸਿਆਂ ਨੇ 7 ਲੋਕਾਂ ਦੀ ਜਾਨ ਲੈ ਕੇ ਫ਼ਿਜ਼ਾ ਨੂੰ ਮਾਤਮ ਵਿਚ ਬਦਲ ਕੇ ਰੱਖ ਦਿਤਾ ਹੈ............
ਹੁਸ਼ਿਆਰਪੁਰ : ਪਿਛਲੇ ਸਿਰਫ਼ 36 ਘੰਟਿਆਂ 'ਚ ਹੁਸ਼ਿਆਰਪੁਰ 'ਚ ਵੱਖ-ਵੱਖ ਥਾਂਈ ਹੋਏ ਸੜਕ ਹਾਦਸਿਆਂ ਨੇ 7 ਲੋਕਾਂ ਦੀ ਜਾਨ ਲੈ ਕੇ ਫ਼ਿਜ਼ਾ ਨੂੰ ਮਾਤਮ ਵਿਚ ਬਦਲ ਕੇ ਰੱਖ ਦਿਤਾ ਹੈ। ਮ੍ਰਿਤਕਾਂ ਚੋਂ 3 ਲੁਧਿਆਣਾ ਦੇ, ਦੋ ਜਲੰਧਰ ਦੇ ਅਤੇ ਇਕ ਨਸਰਾਲਾ ਦੇ ਨਿਵਾਸੀ ਹਨ ਜਦਕਿ ਅੱਜ ਸਵੇਰੇ ਫਿਰ ਇਕ ਹੋਰ ਲੁਧਿਆਣਾ ਨਿਵਾਸੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਜਦਕਿ ਉਸ ਦੇ ਤਿੰਨ ਸਾਥੀ ਬੇਹਦ ਗੰਭੀਰ ਹੋਣ ਕਾਰਨ ਪੀਜੀਆਈ ਰੈਫ਼ਰ ਕਰ ਦਿਤੇ ਗਏ ਹਨ। ਮਹਿਜ਼ 15 ਦਿਨ ਵਿਆਹੀ ਇੱਕ ਨਵ ਵਿਆਹੀ ਦੁਲਹਨ ਦੀ ਹਾਲੇ ਹੱਥਾਂ ਦੀ ਮਹਿੰਦੀ ਵੀ ਨਹੀਂ ਸੀ ਉਤਰੀ ਕਿ ਉਹ ਵੀ ਅਪਣੇ ਪਤੀ ਸਮੇਤ ਮੌਤ ਦਾ ਸ਼ਿਕਾਰ ਹੋ ਗਈ।
ਜਾਣਕਾਰੀ ਅਨੁਸਾਰ ਨਵ-ਵਿਆਹਿਆ ਜੋੜਾ ਲੁਧਿਆਣਾ ਦਾ ਸੀ ਅਤੇ ਉਹ ਅਪਣੀ ਹਾਂਡਾ ਅਮੇਜ਼ ਕਾਰ 'ਚ ਹੁਸ਼ਿਆਰਪੁਰ ਦੇ ਇਕ ਅਪਣੇ ਪਿਤਰੀ ਪਿੰਡ ਆ ਰਿਹਾ ਸੀ ਅਤੇ ਜਦੋਂ ਉਹ ਟਾਂਡਾ ਬਾਈਪਾਸ ਲਾਗੇ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਇਕ ਟਰਾਲੇ 'ਚ ਜਾ ਵੱਜੀ ਤੇ ਚਕਨਾਚੂਰ ਹੋ ਗਈ। ਮੌਕੇ 'ਤੇ ਹੀ ਦੋਵੇਂ ਦਮ ਤੋੜ ਗਏ। ਦੋਵਾਂ ਪਤੀ-ਪਤਨੀ ਦੀ ਪਹਿਚਾਣ ਸਿੱਧ ਰਾਜ ਅਤੇ ਉਸ ਦੀ ਪਤਨੀ ਅਨੀਤਾ ਦੇ ਰੂਪ 'ਚ ਹੋਈ ਹੈ। ਇਸ ਤੋਂ ਇਲਾਵਾ ਦੋ ਮੰਦਭਾਗੇ ਸ਼ਰਧਾਲੂ ਮਾਤਾ ਚਿੰਤਪੂਰਨੀ ਦੇ ਮੱਥਾ ਟੇਕਣ ਜਾ ਰਹੇ ਸਨ ਕਿ ਉੱਹ ਇਕ ਬੱਸ ਦੀ ਲਪੇਟ 'ਚ ਆ ਗਏ ਤੇ ਉਹ ਵੀ ਜ਼ਖ਼ਮਾਂ ਦੀ ਤਾਬ ਨਾ ਚਲਦੇ ਹੋਏ ਦਮ ਤੋੜ ਗਏ।
ਮ੍ਰਿਤਕਾਂ ਦੀ ਪਹਿਚਾਣ ਜਲੰਧਰ ਨਿਵਾਸੀ ਨਰਿੰਦਰ ਸ਼ਰਮਾ ਅਤੇ ਅਨਿਲ ਕੁਮਾਰ ਵਜੋਂ ਹੋਈ ਹੈ। ਇੰਨਾ ਤੋਂ ਅਲਾਵਾ ਹੁਸ਼ਿਆਰਪੁਰ ਦੇ ਨਸਰਾਲਾ ਅੱਡੇ 'ਤੇ ਕੁੱਝ ਔਰਤਾਂ ਆਟੋ ਦੇ ਇੰਤਜ਼ਾਰ 'ਚ ਖੜੀਆਂ ਸਨ ਕਿ ਉਲਟ ਦਿਸ਼ਾ ਤੋਂ ਆ ਰਿਹਾ ਇਕ ਵਾਹਨ ਚਾਲਕ ਅਪਣਾ ਸੰਤੁਲਨ ਗਵਾ ਬੈਠਾ ਤੇ ਇਨ੍ਹਾਂ ਨਾਲ ਜਾ ਟਕਰਾਇਆ ਸਿੱਟੇ ਵਜੋਂ ਇਨਾਂ 'ਚੋਂ ਇਕ ਔਰਤ ਸੁਰਿੰਦਰ ਕੌਰ ਨਿਵਾਸੀ ਨਸਰਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨ ਔਰਤਾਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈਆਂ।
ਉਧਰ ਮੁਕੇਰੀਆਂ 'ਚ ਮੁੱਖ ਸੜਕ 'ਤੇ ਹੀ ਇਕ ਮੋਟਰਸਾਈਕਲ ਸਵਾਰ ਗਗਨਦੀਪ ਸਿੰਘ ਨਿਵਾਸੀ ਪਿੰਢ ਚਨੌਰ ਇਕ ਟਿੱਪਰ ਦੀ ਲਪੇਟ 'ਚ ਆ ਗਿਆ ਤੇ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਅੱਜ ਸਵੇਰੇ ਗੌਰਮਿੰਟ ਕਾਲਜ ਚੌਂਕ 'ਚ ਵੀ ਮੋਟਰਸਾਈਕਲ ਸਵਾਰ ਲੁਧਿਆਣਾ ਵਾਸੀ ਰਮਨ ਸਿਡਾਣਾ ਦੀ ਵੀ ਇਕ ਵਾਹਨ ਨਾਲ ਭਿਆਨਕ ਟੱਕਰ ਹੋਣ ਕਾਰਨ ਮੌਤ ਹੋ ਗਈ ਜਦਕਿ ਉਸ ਦੇ ਤਿੰਨ ਸਾਥੀ ਗੰਭੀਰ ਜ਼ਖ਼ਮੀ ਹੋਣ ਕਾਰਨ ਅੱਗੇ ਰੈਫ਼ਰ ਕਰ ਦਿਤੇ ਗਏ ਹਨ। ਉਪਰੋਕਤ ਹੋਈਆਂ ਤੇਜ਼ੀ ਨਾਲ ਇਨ੍ਹਾਂ ਗਈਆਂ ਕੀਮਤੀ ਜਾਨਾਂ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਗਮ 'ਚ ਡੋਬ ਕੇ ਰੱਖ ਦਿਤਾ ਹੈ।