ਪ੍ਰੀਖਿਆ ਦੇਣ ਗਏ ਸਿੱਖ ਵਿਦਿਆਰਥੀਆਂ ਨੂੰ ਕੜੇ ਤੇ ਕ੍ਰਿਪਾਨਾਂ ਬਾਹਰ ਉਤਾਰਨ ਲਈ ਕਿਹਾ
ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਬੀਤੇ ਦਿਨ ਹੋਈਆਂ ਆਰ ਏ ਐਸ-ਪੀ ਆਰ ਈ ਦੀ ਪ੍ਰੀਖਿਆ ਦੇਣ ਗਏ ਸਿੱਖ ਵਿਦਿਆਰਥੀਆਂ ਨੂੰ ਕੜੇ ਤੇ ਕ੍ਰਿਪਾਨਾਂ.............
ਤਰਨਤਾਰਨ : ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਬੀਤੇ ਦਿਨ ਹੋਈਆਂ ਆਰ ਏ ਐਸ-ਪੀ ਆਰ ਈ ਦੀ ਪ੍ਰੀਖਿਆ ਦੇਣ ਗਏ ਸਿੱਖ ਵਿਦਿਆਰਥੀਆਂ ਨੂੰ ਕੜੇ ਤੇ ਕ੍ਰਿਪਾਨਾਂ ਪ੍ਰੀਖਿਆ ਕੇਂਦਰ ਦੇ ਬਾਹਰ ਉਤਾਰਨ ਦੇ ਤੁਗਲਕੀ ਫ਼ੁਰਮਾਨ ਜਾਰੀ ਕੀਤੇ ਗਏ ਜਿਸ ਕਾਰਨ ਰਾਜਸਥਾਨ ਦੇ ਸਿੱਖਾਂ ਵਿਚ ਰੋਸ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਰਾਜਸਥਾਨ ਦੇ ਸਿੱਖ ਹਨੂੰਮਾਨਗੜ੍ਹ ਦੇ ਕੁਲੈਕਟਰ ਦੇ ਦਫ਼ਤਰ ਗਏ। ਰਾਜਸਥਾਨ ਦੇ ਸਿੱਖ ਆਗੂ ਤੇਜਿੰਦਰ ਪਾਲ ਸਿੰਘ ਟੀਮਾ ਨੇ ਦਸਿਆ ਕਿ ਕੁਲੈਕਟਰ ਨੇ ਨਿਯਮਾਂ ਦਾ ਹਵਾਲਾ ਦੇ ਕੇ ਸਿੱਖਾਂ ਦੇ ਪੈਰਾਂ 'ਤੇ ਪਾਣੀ ਹੀ ਨਹੀਂ ਪੈਣ ਦਿਤਾ, ਪਰ ਜਦ ਸਿੱਖਾਂ ਨੇ ਅਪਣਾ ਪੱਖ ਦਲੀਲ ਨਾਲ ਪੇਸ਼ ਕੀਤਾ
ਤੇ ਕੁਲੈਕਟਰ ਸਾਹਿਬ ਅਪਣੇ ਸਟੈਂਡ ਤੋਂ ਪਿੱਛੇ ਹਟ ਗਏ। ਕੁਲੈਕਟਰ ਨੇ ਮੀਡੀਆ ਸਾਹਮਣੇ ਮੰਨਿਆ ਕਿ ਗ਼ਲਤੀ ਹੋਈ ਹੈ ਤੇ ਸਿੱਖ ਵਿਦਿਆਰਥੀਆਂ ਦੇ ਕਕਾਰ ਨਹੀਂ ਸਨ ਲੁਹਾਣੇ ਚਾਹੀਦੇ। ਸਿੱਖ ਆਗੂਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਅਜਿਹੀ ਗ਼ਲਤੀ ਕਰਨ ਵਾਲੇ ਨੂੰ ਤੁਰਤ ਮੁਅੱਤਲ ਕਰ ਕੇ ਜਾਂਚ ਕਮੇਟੀ ਬਿਠਾਈ ਜਾਵੇ ਜਿਸ ਨੂੰ ਕੁਲੈਕਟਰ ਨੇ ਸਵੀਕਾਰ ਕਰ ਲਿਆ। ਇਸ ਮੌਕੇ ਬਾਬਾ ਬਲਕਾਰ ਸਿੰਘ, ਇੰਦਰ ਸਿੰਘ, ਮੋਹਨ ਸਿੰਘ ਪਟਵਾਰੀ, ਬਲਜਿੰਦਰ ਸਿੰਘ, ਰਾਜਿੰਦਰ ਸਿੰਘ ਰੋਮਾਣਾ, ਬਲਦੇਵ ਸਿੰਘ ਆਦਿ ਹਾਜ਼ਰ ਸਨ।