ਵਿਦਿਆਰਥੀਆਂ ਨੇ ਕੀਤਾ 'ਚੱਕਾ' ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੰਗਲਾਦੇਸ਼ ਦੇ ਵਿਦਿਆਰਥੀ ਰਾਜਧਾਨੀ ਢਾਕਾ ਦੀਆਂ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ਵਲੋਂ ਇਹ ਪ੍ਰਦਰਸ਼ਨ ਦੇਸ਼ ਦੀਆਂ ਸੜਕਾਂ...........

Students Protesting

ਢਾਕਾ : ਬੰਗਲਾਦੇਸ਼ ਦੇ ਵਿਦਿਆਰਥੀ ਰਾਜਧਾਨੀ ਢਾਕਾ ਦੀਆਂ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ਵਲੋਂ ਇਹ ਪ੍ਰਦਰਸ਼ਨ ਦੇਸ਼ ਦੀਆਂ ਸੜਕਾਂ 'ਤੇ ਟ੍ਰੈਫ਼ਿਕ ਵਿਵਸਥਾ ਦੀ ਮਾੜੀ ਹਾਲਤ ਵਿਰੁਧ ਹੋ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੇ ਨੌਜਵਾਨ ਵਿਦਿਆਰਥੀ ਸੜਕ ਹਾਦਸੇ 'ਚ ਦੋ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਦੋਹਾਂ ਵਿਦਿਆਰਥੀਆਂ ਦੀ ਮੌਤ ਤੇਜ਼ ਰਫ਼ਤਾਰ ਬੱਸ ਦੀ ਲਪੇਟ 'ਚ ਆਉਣ ਕਾਰਨ ਹੋਈ ਸੀ। ਵਿਰੋਧ ਪ੍ਰਦਰਸ਼ਨ ਉਸ ਸਮੇਂ ਹਿੰਸਕ ਹੋ ਗਿਆ, ਜਦੋਂ ਕੁਝ ਵਿਦਿਆਰਥੀਆਂ ਨੇ ਪੁਲਿਸ 'ਤੇ ਪੱਥਰਬਾਜ਼ੀ ਕੀਤੀ।

ਇਸ ਵਿਰੋਧ ਪ੍ਰਦਰਸ਼ਨ 'ਚ ਕੁਝ ਵਿਦਿਆਰਥੀ ਵੀ ਜ਼ਖ਼ਮੀ ਹੋ ਗਏ। ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਨੇ ਵਾਹਨਾਂ ਨੂੰ ਰੋਕ ਦਿਤਾ, ਜਿਸ 'ਚ ਜੱਜਾਂ ਅਤੇ ਉੱਚ ਅਧਿਕਾਰੀਆਂ ਦੇ ਵਾਹਨ ਵੀ ਸ਼ਾਮਲ ਸਨ। ਵਿਦਿਆਰਥੀਆਂ ਦੀ ਮੰਗ ਹੈ ਕਿ ਸੜਕਾਂ ਸੁਰੱਖਿਅਤ ਹੋਣ। ਚਸ਼ਮਦੀਦਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਪੁਲਿਸ ਨੇ ਰਬੜ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ।

ਜ਼ਿਕਰਯੋਗ ਹੈ ਕਿ ਬੰਗਲਾਦੇਸ਼ 'ਚ ਹਰ ਸਾਲ ਲਗਭਗ 12 ਹਜ਼ਾਰ ਲੋਕ ਸੜਕ ਹਾਦਸਿਆਂ 'ਚ ਮਾਰੇ ਜਾਂਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਘਟਨਾਵਾਂ ਖ਼ਰਾਬ ਵਾਹਨਾਂ, ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਟ੍ਰੈਫ਼ਿਕ ਦੇ ਢਿੱਲੇ ਨਿਯਮਾਂ ਕਾਰਨ ਨਾਲ ਹੋ ਰਹੀਆਂ ਹਨ। ਟਰਾਂਸਪੋਰਟ ਸੈਕਟਰ 'ਚ ਭ੍ਰਿਸ਼ਟਾਚਾਰ ਇਸ ਕਦਰ ਹੈ ਕਿ ਬਿਨਾਂ ਲਾਇਸੈਂਸ ਵਾਲੇ ਡਰਾਈਵਰਾਂ ਅਤੇ ਗ਼ੈਰ-ਰਜਿਸਟਰਡ ਵਾਹਨਾਂ ਨੂੰ ਸੜਕਾਂ 'ਤੇ ਚਲਾਉਣਾ ਬੇਹੱਦ ਆਸਾਨ ਹੋ ਗਿਆ ਹੈ। (ਪੀਟੀਆਈ)