ਪੰਜਾਬ 'ਚ ਮੋਹਲੇਧਾਰ ਮੀਂਹ ਨੇ ਢਾਹਿਆ ਕਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

81 ਪਿੰਡ ਖ਼ਾਲੀ ਕਰਵਾਉਣ ਦੇ ਹੁਕਮ ਜਾਰੀ

Heavy rainfall in Punjab, 81 Villages Evacuated in Punjab

ਚੰਡੀਗੜ੍ਹ : ਪੰਜਾਬ ਸਮੇਤ ਪੂਰੇ ਉੱਤਰ ਭਾਰਤ ਚ ਭਾਰੀ ਮੀਂਹ ਪੈ ਰਿਹਾ ਹੈ। ਦੋ ਦਿਨ ਪਹਿਲਾਂ ਮੌਸਮ ਵਿਭਾਗ ਵਲੋਂ ਇਸ ਸਬੰਧੀ ਚਿਤਾਵਨੀ ਦਿੱਤੀ ਸੀ ਕਿ ਆਉਣ ਵਾਲੇ 72 ਘੰਟਿਆਂ 'ਚ ਤੇਜ ਮੀਂਹ ਪੈ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਚੌਕਸ ਰਹਿਣ ਵੀ ਕਿਹਾ ਸੀ। ਉਧਰ ਹਿਮਾਚਲ ਤੇ ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਰੋਪੜ ਹੈੱਡ ਵਰਕਸ ਤੋਂ 2,40,000 ਕਿਊਸਿਕ ਪਾਣੀ ਛੱਡਣ ਨਾਲ ਦਰਿਆ ਦੀ ਮਾਰ ਹੇਠ ਆਉਂਦੇ ਪਿੰਡਾਂ 'ਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਰੇਲਵੇ ਟਰੈਕ 'ਤੇ ਪਾਣੀ ਭਰ ਜਾਣ ਕਾਰਨ ਪੰਜਾਬ ਤੋਂ ਹਿਮਾਚਲ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਬੰਦ ਹੋ ਚੁੱਕੀਆਂ ਹਨ। 

ਖ਼ਤਰੇ ਨੂੰ ਵੇਖਦਿਆਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਤੁਲਜ ਦਰਿਆ ਦੇ ਨਾਲ ਲਗਦੇ 81 ਪਿੰਡ ਖ਼ਾਲੀ ਕਰਵਾਉਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਵਿਚੋਂ 63 ਪਿੰਡ ਸ਼ਾਹਕੋਟ ਸਬ ਡਵੀਜ਼ਨ ਵਿੱਚ ਪੈਂਦੇ ਹਨ, 13 ਪਿੰਡ ਫਿਲੌਰ ਵਿਚ ਅਤੇ 5 ਨਕੋਦਰ ਸਬ ਡਵੀਜ਼ਨ ਵਿਚ ਪੈਂਦੇ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਬ-ਡਵੀਜ਼ਨਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਉਥੋਂ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਜਾਵੇ।

ਸ਼ਾਹਕੋਟ ਸਬ ਡਵੀਜ਼ਨ ਦੇ ਪਿੰਡਾਂ ਵਿਚ ਰਾਮੇ, ਤੇਹਰਪੁਰ, ਚੱਕ ਬਾਹਮਣੀਆਂ, ਰਾਜਾਵਾਲੀ, ਜਨੀਆਂ, ਚੱਕ ਵਡਾਲਾ, ਗੱਟਾ ਮੁੰਡੀ ਕਾਸੂ, ਮੰਡੀ ਸ਼ੇਰੀਆਂ, ਸੰਡ, ਫਕਰੂਵਾਲ, ਭੋਏਪੁਰ, ਬਾਜਵਾ ਖੁਰਦ, ਅਲਦਾਲਪੁਰ, ਤਲਵੰਡੀ ਬੂਟੀਆਂ, ਨਵਾਂ ਪਿੰਡ ਖਲੇਵਾਲ, ਰੋਹੜੂ, ਕਮਾਲਪੁਰ, ਜਤੌਰ ਕਲਾਂ, ਚੱਕ ਗੱਡੀਆਂਪੁਰ, ਭਗਵਾਨ, ਗੱਟ ਰਾਏਪੁਰ, ਜਨੀਆਂ, ਚਾਹਲ, ਮਹਾਰਾਜਵਾਲਾ, ਮੁੰਡੀ ਚੋਲੀਆਂ, ਕੋਠਾ, ਕੌਂਤ ਬੱਗਾ, ਫਜ਼ਲਵਾਲਾ, ਸੰਧਨਵਾਲ ਸ਼ਾਮਲ ਹਨ। ਇਸ ਦੇ ਨਾਲ ਹੀ ਲੌਂਗੋਵਾਲ, ਸਹਿਲਪੁਰ, ਬੁੱਢਾ ਵਾਲਾ, ਬਾਜਵਾ ਕਲਾਂ, ਸਾਰੰਗਵਾਲ, ਕਿੱਲੀ, ਸੰਗਤਪੁਰ, ਤੇਹਾਰਪੁਰ, ਪੱਤੋ ਕਲਾਂ, ਪੱਤੋ ਖੁਰਦ, ਕੋਹਾਰ ਖੁਰਦ, ਜਾਫੋਰਵਾਲ, ਮਾਣਕਪੁਰ, ਕੱਕੜ ਕਲਾਂ, ਕੱਕੜ ਖੁਰਦ, ਕੋਟਲੀ ਕੰਬੋਆਂ, ਹੇਰਾਂ, ਮੋਬਰੀਵਾਲ, ਰਾਏਪੁਰ, ਗੱਤੀ ਪੀਰਬਕਸ਼, ਕੰਗ ਖੁਰਦ, ਤੇਹ ਖੁਸ਼ਹਾਲਗੜ, ਜਲਾਲਪੁਰ ਖੁਰਦ, ਗਿੱਦੜਪਿੰਡੀ, ਦਰੇਵਾਲ, ਕੁਤਬੇਵਾਲ, ਮੰਡਾਲਾ ਛਾਨਾ, ਹੱਠੀਆਂ, ਦਾਨੇਵਾਲ, ਬਾਓਪੁਰ, ਲੋਹਗੜ੍ਹ ਤੇ ਮਨੋਮੱਛੀ ਪਿੰਡ ਖਾਲੀ ਕਰਵਾਏ ਜਾ ਰਹੇ ਹਨ।

ਫਿਲੌਰ ਤਹਿਸੀਲ ਤਹਿਤ ਆਉਂਦੇ ਪਿੰਡਾਂ ਵਿਚ ਅਚਾਨਚੱਕ, ਸ਼ੋਲੇ ਬਾਜ਼ਾਰ, ਕਾਦੀਆਂ, ਗੰਨਾ ਪਿੰਡ, ਮੀਓਵਾਲ, ਮੌ ਸਾਹਿਬ, ਖੈਰਾ ਬੇਟ, ਲਸਾੜਾ, ਰਾਏਪੁਰ ਅਰਾਈਆਂ, ਸੇਲਕੀਆਣਾ, ਝੰਡੇਪੀਰ, ਭੋਲੇਵਾਲ ਅਤੇ ਭੋਡਾ ਸ਼ਾਮਲ ਹਨ। ਨਕੋਦਰ ਤਹਿਸੀਲ ਤਹਿਤ ਆਉਂਦੇ ਪਿੰਡਾਂ 'ਚ ਬੂਟੇ ਦਾ ਛੰਨਾ, ਮਾਦੇਪੁਰ, ਸੰਗੋਵਾਲ, ਗਡਰਾ ਬੋਡਾ ਅਤੇ ਨਿੱਕੀਆਂ ਸ਼ਾਮਲ ਹਨ।

ਡਿਪਟੀ ਕਮਿਸ਼ਨ ਨੇ ਦੱਸਿਆ ਕਿ  ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਕਾਰਨ ਰੋਪੜ ਹੈੱਡ ਵਰਕਸ ਤੋਂ ਛੱਡੇ ਗਏ ਵਾਧੂ ਪਾਣੀ ਨਾਲ ਹੜ੍ਹਾਂ ਦਾ ਖ਼ਤਰਾ ਵਧਣ ਜਾਣ ਕਾਰਨ ਉਕਤ ਪਿੰਡਾਂ ਦੇ ਲੋਕਾਂ ਤੇ ਉਨ੍ਹਾਂ ਦੇ ਮਾਲ-ਡੰਗਰ ਨੂੰ ਸੁਰੱਖਿਅਤ ਥਾਵਾਂ ਪਹੁੰਚਾਉਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਸਤਲੁਜ ਵਿਚੋਂ ਛੱਡਿਆ ਗਿਆ ਪਾਣੀ ਅੱਜ ਜ਼ਿਲ੍ਹੇ ਦੇ ਖੇਤਰ 'ਚ ਪੁੱਜ ਗਿਆ ਹੈ, ਜਿਸ ਨਾਲ ਇਨ੍ਹਾਂ ਪਿੰਡਾਂ ਵਿਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਸੇ ਲਈ ਉਕਤ ਪਿੰਡ ਖ਼ਾਲੀ ਕਰਵਾਏ ਜਾ ਰਹੇ ਹਨ।

ਉਕਤ ਪਿੰਡਾਂ ਦੇ ਲੋਕਾਂ ਨੂੰ ਠਹਿਰਾਉਣ ਲਈ ਸੁਰੱਖਿਅਤ ਥਾਵਾਂ ਦੀ ਪਹਿਲਾਂ ਹੀ ਸ਼ਨਾਖਤ ਕੀਤੀ ਜਾ ਚੁੱਕੀ ਹੈ। ਡੀਸੀ ਸ਼ਰਮਾ ਨੇ ਕਿਹਾ ਕਿ ਪਸ਼ੂਆਂ ਲਈ ਚਾਰੇ ਦੇ ਪ੍ਰਬੰਧਕ ਕੀਤਾ ਜਾ ਚੁੱਕਾ ਹੈ ਅਤੇ ਜੇ ਫਿਰ ਵੀ ਲੋੜ ਪਈ ਤਾਂ ਮੰਡੀਆਂ ਨੂੰ ਰਾਹਤ ਕੇਂਦਰਾਂ ਵਜੋਂ ਵਰਤਿਆ ਜਾਵੇਗੇਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਸਿਹਤ ਟੀਮਾਂ ਤਿਆਰ ਰੱਖਣ ਅਤੇ ਪਾਵਰਕਾਮ ਨੂੰ ਰਾਹਤ ਕੇਂਦਰਾਂ ਵਿਚ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਗੋਤਾਖੋਰਾਂ ਨੂੰ ਕਿਸੇ ਵੀ ਹੰਗਾਮੀ ਸਥਿਤੀ ਲਈ ਤਿਆਰ ਰਹਿਣ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ। ਡੀਸੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਫੌਜ, ਨੈਸ਼ਨਲ ਕੁਦਰਤੀ ਆਫਤ ਰਾਹਤ ਫੋਰਸ (ਐਨਡੀਆਰਐਫ) ਅਤੇ ਸੂਬਾ ਕੁਦਰਤੀ ਆਫਤ ਰਾਹਤ ਫੋਰਸ (ਐਸਡੀਆਰਐਫ) ਦੇ ਸੰਪਰਕ ਵਿਚ ਹੈ।

ਘਰ ਦੀ ਛੱਤ ਡਿੱਗੀ, 3 ਜੀਆਂ ਦੀ ਮੌਤ
ਖੰਨਾ : ਦੋ ਦਿਨ ਤੋਂ ਪੈ ਰਹੇ ਮੀਂਹ ਕਾਰਨ ਖੰਨਾ ਦੇ ਪਿੰਡ ਹੋਲ ਵਿਖੇ ਇਕ ਦਰਦਨਾਕ ਹਾਦਸਾ ਵਾਪਰਿਆ। ਸਨਿਚਰਵਾਰ ਰਾਤ ਇਕ ਘਰ ਦੀ ਛੱਤ ਡਿੱਗਣ ਕਾਰਨ ਰੋਟ ਖਾ ਰਿਹਾ ਪਰਵਾਰ ਮਲਬੇ 'ਚ ਦੱਬ ਗਿਆ, ਜਿਸ ਕਾਰਨ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਸੁਰਜੀਤ ਸਿੰਘ (40), ਉਸ ਦੀ ਪਤਨੀ ਬਲਵਿੰਦਰ ਕੌਰ (37), ਇਕ ਲੜਕਾ ਗੁਰਪ੍ਰੀਤ ਸਿੰਘ (8) ਤੇ ਲੜਕੀ ਸਿਮਰਨਜੀਤ ਕੌਰ (10) ਵਜੋਂ ਹੋਈ ਹੈ, ਜਦਕਿ ਲੜਕੀ ਸਿਮਰਨਜੀਤ ਕੌਰ (10) ਗੰਭੀਰ ਜ਼ਖ਼ਮੀ ਹੈ। ਜਦੋਂ ਘਰ ਦੀ ਛੱਤ ਡਿੱਗੀ ਤਾਂ ਪਰਵਾਰ ਦੇ ਚਾਰੇ ਜੀਅ ਰੋਟੀ ਖਾ ਰਹੇ ਸਨ ਜਿਸ ਕਾਰਨ ਉਨ੍ਹਾਂ ਨੂੰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ। ਘਟਨਾ ਦਾ ਪਤਾ ਲੱਗਦਿਆਂ ਆਸਪਾਸ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਪਰਵਾਰ ਨੂੰ ਮਲਬੇ 'ਚੋਂ ਕੱਢਿਆ। ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਸੁਰਜੀਤ ਸਿੰਘ, ਬਲਵਿੰਦਰ ਕੌਰ ਅਤੇ ਬੇਟੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਲੜਕੀ ਸਿਮਰਨਜੀਤ ਕੌਰ ਬੱਚ ਗਈ।