ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਦਰਿਆ ਦੇ ਪਾਣੀ ਨੇ ਕਈ ਪਿੰਡ ਲਏ ਅਪਣੀ ਲਪੇਟ ‘ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲ਼ਗਾਤਾਰ ਵੱਧ ਰਹੇ ਪਾਣੀ ਕਾਰਨ ਲੋਕਾਂ 'ਚ ਡਰ...

Satluj River

ਸ੍ਰੀ ਅਨੰਦਪੁਰ ਸਾਹਿਬ: ਮੋਸਮ ਵਿਭਾਗ ਵਲੋਂ ਅਗਲੇ 48 ਘੰਟੇ ਭਾਰੀ ਬਾਰਿਸ਼ ਪੈਣ ਦੀ ਦਿੱਤੀ ਖਬਰ ਤੋਂ ਬਾਅਦ ਭਾਖੜਾ ਡੈਮ ਦੇ ਪ੍ਰਬੰਧਕਾਂ ਵਲੋਂ ਪੈਦਾ ਹੋਣ ਵਾਲੇ ਖਤਰੇ ਨੂੰ ਭਾਂਪਦਿਆਂ ਡੈਮ ਚੋਂ ਛੱਡੇ ਪਾਣੀ ਨੇ ਸਤਲੁਜ ਦਰਿਆ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਨਾਲ ਲੱਗਦੇ ਪਿੰਡ ਲੋਦੀਪੁਰ ਸਮੇਤ ਤਕਰੀਬਨ ਅੱਧੀ ਦਰਜਨ ਪਿੰਡਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਲਗਾਤਾਰ ਪੈ ਰਹੀ ਬਾਰਿਸ਼ ਅਤੇ ਸਤਲੁਜ ਦਰਿਆ 'ਚ ਲਗਾਤਾਰ ਵਧ ਰਹੇ ਪਾਣੀ ਨੇ ਦਰਿਆ ਦੇ ਨਾਲ ਰਹਿੰਦੇ ਲੋਕਾਂ 'ਚ ਸਹਿਮ ਦਾ ਮਾਹੋਲ ਪੈਦਾ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਭਾਖੜਾ ਡੈਮ ਵਲੋਂ ਛੱਡੇ ਜਾ ਰਹੇ 53000 ਕਿਊਸਿਕ ਪਾਣੀ 'ਚੋਂ 30700 ਕਿਊਸਿਕ ਪਾਣੀ ਇਕੱਲੇ ਸਤਲੁਜ ਦਰਿਆ 'ਚ ਆ ਰਿਹਾ ਹੈ ਤੇ ਬਾਕੀ ਪਾਣੀ ਨਾਲ ਲੱਗਦੀਆਂ ਦੋ ਨਹਿਰਾਂ 'ਚ ਜਾ ਰਿਹਾ ਹੈ। ਸਤਲੁਜ ਦਰਿਆ ਦੇ ਨਾਲ ਲੱਗਦੇ ਕੱਚੇ ਬੰਨ ਨੂੰ ਪਾਰ ਕਰਦਿਆਂ ਭਾਰੀ ਮਾਤਰਾ 'ਚ ਪਾਣੀ ਨੇ ਪਿੰਡ ਲੋਦੀਪੁਰ, ਲੋਦੀਪੁਰ ਬਰੋਟੂ ਬਾਸ, ਮਟੋਰ, ਨਿੱਕੂਵਾਲ, ਮੈਹੰਦਲੀ ਕਲਾਂ, ਗੱਜਪੁਰ, ਚੰਦਪੁਰ, ਮੀਂਢਵਾ ਲੋਅਰ, ਕੋਟਲਾ ਲੋਅਰ, ਸ਼ਾਹਪੁਰ ਬੇਲਾ ਆਦਿ ਪਿੰਡਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ।

ਸਤਲੁਜ ਦਰਿਆ ਦਾ ਦੋਰਾ ਕਰਨ ਤੇ ਪਿੰਡ ਵਾਸੀ ਹਰਦੀਪ ਸਿੰਘ ਬਬਲੀ, ਸਰਪੰਚ ਹਰਜਾਪ ਸਿੰਘ, ਸੁੱਚਾ ਸਿੰਘ, ਬਲਦੇਵ ਸਿੰਘ, ਮਲਕੀਤ ਸਿੰਘ ਆਦਿ ਨੇ ਦੱਸਿਆਂ ਕਿ ਲੋਦੀਪੁਰ ਅਤੇ ਲੋਦੀਪੁਰ ਬਰੋਟੂ ਬਾਸ ਪਿੰਡਾਂ 'ਚ ਵੜੇ ਇਸ ਪਾਣੀ ਕਾਰਨ ਸਾਡੀ ਤਕਰੀਬਨ 150 ਏਕੜ ਫਸਲ ਪਾਣੀ 'ਚ ਡੁੱਬ ਗਈ ਹੈ ਅਤੇ ਇਸ ਕਾਰਨ ਪਾਣੀ ਨਾਲ ਆਉਂਦੀ ਰੇਤ ਫਸਲਾਂ ਤੇ ਪੈਣ ਕਾਰਨ ਸਾਡੀ ਸਾਰੀ ਫਸਲ ਨੁਕਸਾਨੀ ਗਈ ਹੈ। ਉਨ੍ਹਾਂ ਦੱਸਿਆਂ ਕਿ ਇਹ ਤਾਂ ਸਿਰਫ ਸਾਡੇ ਦੋ ਪਿੰਡਾਂ ਦਾ ਹਾਲ ਹੈ ਜਦਕਿ ਬਾਕੀ ਅਗਲੇ ਪਿੰਡਾਂ ਦੀ ਵੀ ਹਜਾਰਾਂ ਕਿੱਲੇ ਜਮੀਨ ਇਸ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ।

ਪਿੰਡ ਵਾਸੀ ਬਜੁਰਗ ਅੋਰਤ ਹਾਕਮੀ ਦੇਵੀ ਨੇ ਇਸ ਮੋਕੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਇਸ ਕਹਿਰ ਦਾ ਸਾਹਮਣਾ ਕਰਦੇ ਆ ਰਹੇ ਹਾਂ ਪ੍ਰੰਤੂ ਸਮੇਂ ਦੀਆਂ ਸਾਰੀਆਂ ਸਰਕਾਰਾਂ ਨੇ ਸਾਨੂੰ ਸਿਰਫ ਲਾਰਿਆਂ ਤੱਕ ਹੀ ਸੀਮਿਤ ਰੱਖਿਆਂ ਪਰ ਸਾਡੀ ਇਸ ਸਮੱਸਿਆਂ ਦਾ ਕਦੇ ਕੋਈ ਹੱਲ ਨਹੀਂ ਕੀਤਾ। ਅੱਜ ਆਏ ਇਸ ਪਾਣੀ ਕਾਰਨ ਕਈ ਪਿੰਡਾਂ ਦਾ ਆਪਸ ਵਿੱਚ ਸੰਪਰਕ ਟੁੱਟ ਗਿਆ ਹੈ।