ਬਾਬਾ ਨਾਨਕ ਦੇ 550ਵੇਂ ਆਗਮਨ ਪੂਰਬ ਦਾ ਗੈਰ ਸਿੱਖ ਨੌਜਵਾਨਾਂ ਚ ਭਾਰੀ ਉਤਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸਾਲ 23 ਨਵੰਬਰ ਤੋਂ ਸ਼ੁਰੂ ਹੋ ਰਹੇ ਬਾਬਾ ਨਾਨਕ ਦੇ 550ਵੇਂ ਆਗਮਨ ਪੂਰਬ ਨੂੰ ਲੈ ਕੇ ਗੈਰ ਸਿੱਖ ਨੌਜਵਾਨਾਂ ‘ਚ...

Baba Nanak's 550th Arrival Progress was a huge boost among non Sikh youth

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਇਸ ਸਾਲ 23 ਨਵੰਬਰ ਤੋਂ ਸ਼ੁਰੂ ਹੋ ਰਹੇ ਬਾਬਾ ਨਾਨਕ ਦੇ 550ਵੇਂ ਆਗਮਨ ਪੂਰਬ ਨੂੰ ਲੈ ਕੇ ਗੈਰ ਸਿੱਖ ਨੌਜਵਾਨਾਂ ‘ਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਪ੍ਰਚਾਰਨ ਦੇ ਮਨੋਰਥ ਨਾਲ ਨੈਸ਼ਨਲ ਯੂਥ ਪ੍ਰੋਜੈਕਟ, ਨਵੀਂ ਦਿੱਲੀ ਦੀ ਪੰਜਾਬ ਇਕਾਈ ਵਲੋਂ ਨਿਵੇਕਲਾ ਪ੍ਰੋਗਰਾਮ ਆਯੋਜਿਤ ਕਰਨ ਦੀ ਵਿਉਂਤ ਬਣਾਈ ਗਈ ਹੈ।

ਇਸ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਸਬੇ ਸੁਲਤਾਨਪੁਰ ਲੋਧੀ ਵਿਚ 3 ਤੋਂ 10 ਦਸੰਬਰ 2018 ਤੱਕ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਵੱਖ ਵੱਖ ਧਰਮਾਂ ਦੇ 5500 ਨੌਜਵਾਨਾਂ ਦਾ ਕੈਂਪ ਲਾਇਆ ਜਾਵੇਗਾ। ਨੈਸ਼ਨਲ ਯੂਥ ਪ੍ਰੋਜੈਕਟ ਦੇ ਟਰੱਸਟੀ ਡਾਕਟਰ ਗੁਰਦੇਵ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਕੈਂਪਰਾਂ ਦੇ ਠਹਿਰਨ ਅਤੇ ਲੰਗਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਈ ਹੈ। ਜਦਕਿ ਪੰਜਾਬ ਸਰਕਾਰ ਵਲੋਂ ਹਰ ਤਰ੍ਹਾਂ ਦੇ ਪ੍ਰਸ਼ਾਸ਼ਕ ਕੰਮਾਂ ਦੀ ਜ਼ਿੰਮੇਵਾਰੀ ਲਈ ਗਈ ਹੈ।

ਕੈਂਪ ਦੀ ਰੋਜ਼ਾਨਾ ਤਵਸੀਲ ਵਿਚ ਦਿਨੇ ਸਵੇਰ ਵੇਲੇ ਇਹ ਨੌਜਵਾਨ ਗੁਰੂ ਨਾਨਕ ਦੇਵ ਜੀ ਵਲੋਂ ਕਿਰਤ ਕਰਨ ਦੇ ਉਪਦੇਸ਼ ਨੂੰ ਗ੍ਰਹਿਣ ਕਰਨ ਲਈ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬਾਨ, ਸੁਲਤਾਨਪੁਰ ਸ਼ਹਿਰ, ਵੇਈ ਨਦੀ ਆਦਿ ਦੀ ਸਫਾਈ ਲਈ ਸੇਵਾ ਕਰਿਆ ਕਰਨਗੇ, ਇਹਨਾਂ ਨੂੰ ਗੁਰਮਤਿ ਅਤੇ ਗੁਰ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਸਤੇ ਦੁਪਹਿਰ ਪਿੱਛੋਂ ਸਿੱਖ ਵਿਦਵਾਨਾਂ ਤੋਂ ਭਾਸ਼ਨ ਕਰਵਾਏ ਜਾਇਆ ਕਰਨਗੇ।

ਕੈਂਪ ਦੌਰਾਨ 550 ਯੂਨਿਟ ਖ਼ੂਨ ਦਾਨ ਕਰਨ ਦਾ ਟੀਚਾ ਹੈ। ਕਿਸੇ ਇਕ ਦਿਨ ਇਹਨਾਂ ਨੂੰ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਕੌਤਕ ਵਿਖਾਉਣ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਸਿੱਖ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਤੋਂ ਜਾਣੂ ਕਰਵਾਉਣ ਵਾਸਤੇ ਇਹਨਾਂ ਸੰਸਥਾਵਾਂ ਬਾਰੇ ਡਾਕੂਮੈਂਟਰੀ ਫਿਲਮਾਂ ਵਿਖਾਈਆਂ ਜਾਣਗੀਆਂ ਤਾਂ ਜੋ ਕੈਂਪ ਸਮਾਪਤੀ ਪਿੱਛੋਂ ਜਾਣ ਸਮੇਂ ਤੱਕ ਇਹਨਾਂ ਦੇ ਮਨ ਵਿਚ ਸਿੱਖ ਧਰਮ ਬਾਰੇ ਜਾਨਣ ਦੀ ਜਗਿਆਸਾ ਹੋਵੇ ਜਿਸ ਦੀ ਪੂਰਤੀ ਹਿਤ ਇਹਨਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਛਪੀਆਂ ਪੁਸਤਕਾਂ ਦਿੱਤੀਆਂ ਜਾਣਗੀਆਂ।

ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਬਾਣੀ ਸਬੰਧੀ ਮਾਹਰ ਵਿਦਵਾਨ ਡਾ. ਸਰਬਜੀਤ ਸਿੰਘ ਰੇਣੂਕਾ, ਕਰਨਲ ਦਵਿੰਦਰ ਲੁਧਿਆਣਾ ਅਤੇ ਬੀਬੀ ਰਵੀਨਾ ਮਲੇਰਕੋਟਲਾ ਵੀ ਸੈਮੀਨਾਰ ਨੂੰ ਸੰਬੋਧਨ ਕਰਨਗੇ। ਇਸ ਕੈਂਪ ਦੀ ਮੁੱਢਲੀ ਤਿਆਰੀ ਲਈ ਐਸ.ਜੀ.ਪੀ.ਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਮੁੱਖ ਸਕੱਤਰ ਡਾ. ਰੂਪ ਸਿੰਘ, ਸਿੱਖਿਆ ਨਿਰਦੇਸ਼ਕ ਡਾ. ਜਤਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਜਸਬੀਰ ਸਿੰਘ ਆਨੰਦਪੁਰ ਸਾਹਿਬ, ਜਰਨੈਲ ਸਿੰਘ ਮੈਨੇਜਰ,

ਗੁ.ਬੇਰ ਸਾਹਿਬ ਸੁਲਤਾਨਪੁਰ ਲੋਧੀ, ਬੀਬੀ ਗੁਰਪ੍ਰੀਤ ਕੌਰ, ਨੈਸ਼ਨਲ ਯੂਥ ਪ੍ਰੋਜੈਕਟ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ. ਅਮਰੀਕ ਸਿੰਘ ਕਲੇਰ, ਮੀਡੀਆ ਕੋਆਰਡੀਨੇਟਰ ਸਤਪਾਲ ਅਸੀਮ, ਜਤਵਿੰਦਰ ਗਰੇਵਾਲ, ਹਰਦੀਪ ਸਿੰਘ, ਡਾ. ਰਣ ਸਿੰਘ ਪਰਮਾਰ, ਡਾ. ਸਵਰਨ ਸਿੰਘ ਅਤੇ ਸੰਜੇ ਕੁਮਾਰ ਸਥਾਨਕ ਸ਼ਹਿਰ ਵਾਸੀਆਂ ਅਤੇ ਜ਼ਿਲ੍ਹਾ ਪ੍ਰਸਾਸ਼ਨ ਨਾਲ ਤਾਲ ਮੇਲ ਕਰਕੇ ਕੈਂਪ ਦੀ ਸਫ਼ਲਤਾ ਲਈ ਦਿਨ ਰਾਤ ਜੁਟੇ ਹੋਏ ਹਨ।