ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਨੂੰ ਮਿਲਿਆ ਇਨਸਾਫ਼, ਜਾਣੋ ਕੀ ਹੋਇਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਗਵੰਤ ਮਾਨ ਨੇ ਸੰਸਦ ‘ਚ ਚੁੱਕਿਆ ਸੀ ਮੁੱਦਾ...

Captain

ਸੰਗਰੂਰ: ਸੰਗਰੂਰ ਦੇ ਪਿੰਡ ਚੰਗਾਲੀਵਾਲ ਦੇ ਜਗਮੇਲ ਸਿੰਘ ਉਰਫ਼ ਜੱਗੂ ਦੀ ਹੱਤਿਆ ਮਾਮਲੇ ਵਿਚ ਸਰਕਾਰ ਤੇ ਪਰਿਵਾਰ ਵਿਚਾਲੇ ਸਮਝੌਤਾ ਹੋ ਗਿਆ ਹੈ। ਸਰਕਾਰ ਨੇ ਪਰਿਵਾਰ ਦੀ ਮੰਗ ਨੂੰ ਮੰਨਦਿਆਂ ਮੁਆਵਜ਼ੇ ਵਜੋਂ 20 ਲੱਖ ਰੁਪਏ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਸਮਝੌਤੇ ਤੋਂ ਬਾਅਦ ਪਰਿਵਾਰ ਮ੍ਰਿਤਕ ਜਗਮੇਲ ਸਿੰਘ ਦੇ ਪੋਸਟਮਾਰਟਮ ਲਈ ਵੀ ਤਿਆਰ ਹੋ ਗਿਆ ਹੈ। ਦੱਸ ਦਈਏ ਪਹਿਲਾਂ ਪਰਿਵਾਰਕ ਮੈਂਬਰ 50 ਲੱਖ ਰੁਪਏ ਮੁਆਵਜ਼ੇ ਤੇ ਸਰਕਾਰੀ ਨੌਕਰੀ ਲਈ ਅੜੇ ਹੋਏ ਸਨ।

ਕਿਸਾਨ ਤੇ ਸਮਾਜਿਕ ਜਥੇਬੰਦੀਆਂ ਵੀ ਪਰਿਵਾਰ ਦੇ ਹੱਕ ਵਿਚ ਨਿੱਤਰ ਆਈਆਂ ਸਨ। ਪਰਿਵਾਰ ਨੇ ਐਲਾਨ ਕੀਤਾ ਸੀ ਕਿ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਮ੍ਰਿਤਕ ਜਗਮੇਲ ਦਾ ਸੰਸਕਾਰ ਕਰਨਗੇ। ਇਸ ਲਈ ਲਾਸ਼ ਅਜੇ ਵੀ PGI ਵਿੱਚ ਹੀ ਪਈ ਸੀ। ਪਰਿਵਾਰ ਨਾਲ ਕੈਪਟਨ ਸੰਧੂ ਦੀ ਹੋਈ ਮੀਟਿੰਗ ਤੋਂ ਬਾਅਦ ਇੱਕ ਹੋਰ ਮੀਟਿੰਗ ਹੋਈ ਜਿਸ ਵਿੱਚ ਕੈਪਟਨ ਸੰਦੀਪ ਸੰਧੂ, ਤ੍ਰਿਪਤ ਰਜਿੰਦਰ ਬਾਜਵਾ, ਵਿਜੇ ਇੰਦਰ ਸਿੰਗਲਾ, ਚਰਨਜੀਤ ਚੰਨੀ, ਵਿਧਾਇਕ ਕੁਲਬੀਰ ਜੀਰਾ, ਲਖਬੀਰ ਲੱਖਾ, ਬਰਿੰਦਰਮੀਤ ਪਾੜਾ ਮੌਜੂਦ ਰਹੇ।

ਇੱਥੇ ਦੱਸਣਯੋਗ ਹੈ ਕਿ ਪਿੰਡ ਚੰਗਾਲੀਵਾਲਾ ਦੇ ਅਨੁਸੂਚਿਤ ਜਾਤੀ ਦੇ ਨੌਜਵਾਨ ਜਗਮੇਲ ਸਿੰਘ ਦਾ ਪਰਿਵਾਰ ਨੇ ਮੰਗਾਂ ਮੰਨੇ ਜਾਣ ਤੱਕ ਪੀਜੀਆਈ 'ਚ ਪੋਸਟਮਾਰਟ ਤੇ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਲਾ ਸੰਗਰੂਰ ਦੇ ਪਿੰਡ ਚੰਗਾਲੀਵਾਲ ਵਿਖੇ ਕੁਝ ਵਿਅਕਤੀਆਂ ਵਲੋਂ ਦਲਿਤ ਨੌਜਵਾਨ ਦੀ ਕੁੱਟਮਾਰ ਮਗਰੋਂ ਹੋਈ ਮੌਤ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਧਰਮਸੌਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ 'ਤੇ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਉੱਚ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸੀ। ਧਰਮਸੌਤ ਨੇ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ ਦੇਣ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਸੀ ਕਿ ਸਰਕਾਰ ਵੱਲੋਂ ਐੱਸ.ਸੀ/ਐੱਸ.ਟੀ. ਐਕਟ ਅਧੀਨ ਪੀੜਤ ਪਰਿਵਾਰ ਨੂੰ 8.15 ਲੱਖ ਰੁਪਏ ਦੀ ਰਾਸ਼ੀ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਕ ਪਰਿਵਾਰਕ ਮੈਂਬਰ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪ੍ਰਦਾਨ ਕੀਤੀ ਜਾਵੇਗੀ।