ਗਿਰਝਾਂ, ਕਾਂ ਅਤੇ ਚਿੜੀਆਂ ਸਮੇਤ ਹਰ ਕਿਸਮ ਦੇ ਪੰਛੀਆਂ ਦੀ ਹੋਂਦ ਨੂੰ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਅੱਜ ਕੌਮਾਂਤਰੀ ਚਿੜੀ ਦਿਵਸ 'ਤੇ ਵਿਸ਼ੇਸ਼'

Birds

ਕੋਟਕਪੂਰਾ : ਮਨੁੱਖੀ ਗ਼ਲਤੀਆਂ ਕਾਰਨ ਅੱਜ ਸਮੁੱਚੇ ਜੀਵ ਜੰਤੂਆਂ ਦੀ ਜ਼ਿੰਦਗੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਚਿੜੀਆਂ ਦੀ ਚੀਂ-ਚੀਂ, ਗਿਰਝਾਂ ਦੇ ਅਸਮਾਨ ਵਿਚ ਗੋਲ ਝੁੰਡ, ਬਨੇਰਿਆਂ 'ਤੇ ਬੋਲਦੇ ਕਾਂ ਹੁਣ ਬੀਤੇ ਜਮਾਨੇ ਦੀ ਗੱਲ ਬਣ ਗਏ ਹਨ। ਹਰ ਸਾਲ 20 ਮਾਰਚ ਨੂੰ ਚਿੜੀਆਂ ਦੀ ਘੱਟਦੀ ਗਿਣਤੀ ਕਾਰਨ ਚਿੜੀ ਦਿਵਸ ਮਨਾਇਆ ਜਾਂਦਾ ਹੈ। ਚਿੜੀ ਦੀ ਹੋਂਦ ਬਰਕਰਾਰ ਰੱਖਣ ਲਈ ਪਹਿਲੀ ਵਾਰ 2010 'ਚ ਕੌਮਾਂਤਰੀ ਚਿੜੀ ਦਿਵਸ ਮਨਾਇਆ ਗਿਆ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਪੰਛੀਆਂ ਦੇ ਰੈਣ ਬਸੇਰੇ ਖ਼ਤਮ ਹੋ ਗਏ ਹਨ। ਜਿਸ ਕਾਰਨ ਗਿਰਝਾਂ, ਕਾਂ ਅਤੇ ਚਿੜੀਆਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ। 

ਪਿਛਲੇ 15 ਸਾਲਾਂ ਤੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਪੰਛੀਆਂ ਲਈ ਨਿਰਸਵਾਰਥ ਕੋਸ਼ਿਸ਼ ਕਰ ਰਹੀ ਸੁਸਾਇਟੀ ਫ਼ਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ) ਜਨਵਰੀ 2019 ਤੋਂ ਰੋਜ਼ਾਨਾ ਇਕ ਪਿੱਪਲ ਜਾਂ ਬੋਹੜ ਦਾ ਪੌਦਾ ਲਾ ਕੇ 365 ਪਿੱਪਲ ਬੋਹੜ ਪਾਲੇ ਜਾ ਰਹੇ ਹਨ ਤਾਂ ਜੋ ਜੀਵ-ਜੰਤੂਆਂ ਦੇ ਰੈਣ ਬਸੇਰੇ ਕਾਇਮ ਰਹਿ ਸਕਣ। ਅੱਜ ਚਿੜੀ ਦਿਵਸ 'ਤੇ ਪੇਸ਼ ਹਨ ਵੱਖ-ਵੱਖ ਵਾਤਾਵਰਣ ਪ੍ਰੇਮੀਆਂ ਦੇ ਵਿਚਾਰ।

ਸਮਜਾਸੇਵੀ ਤੇ ਵਾਤਾਵਰਣ ਪ੍ਰੇਮੀ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਸੰਦੀਪ ਅਰੋੜਾ ਨੇ ਕਿਹਾ ਕਿ ਕੋਈ ਸਮਾਂ ਸੀ ਜਦ ਦਿਨ ਚਾੜਨ ਤੋਂ ਪਹਿਲਾਂ ਹੀ ਪੰਛੀਆਂ ਦੀਆਂ ਚੀਂ-ਚੀਂ ਦੀਆਂ ਅਵਾਜਾਂ 'ਤੇ ਚਹਿਕ ਮਹਿਕ ਸ਼ੁਰੂ ਹੋ ਜਾਂਦੀ ਸੀ। ਪੰਛੀ ਸੋਹਣੀਆਂ-ਸੋਹਣੀਆਂ ਆਵਾਜਾਂ ਕੱਢਦੇ ਸਨ। ਹੁਣ ਪਹਿਲਾਂ ਵਾਲੀਆਂ ਰੌਣਕਾਂ ਕਿਧਰੇ ਵੀ ਨਹੀਂ ਰਹੀਆਂ। ਕਿਉਂਕਿ ਇਹਨਾਂ ਪੰਛੀਆਂ ਦੀ ਗਿਣਤੀ ਪਹਿਲਾਂ ਨਾਲੋਂ ਕਾਫ਼ੀ ਘੱਟ ਗਈ ਹੈ। ਹੁਣ ਕੋਠਿਆਂ ਦੇ ਬਨੇਰਿਆਂ 'ਤੇ ਬਹਿ ਕੇ ਪਹਿਲਾਂ ਵਾਂਗ ਪੰਛੀ ਨਹੀਂ ਬੋਲਦੇ। ਘੁੱਗੀਆਂ, ਕਬੂਤਰਾਂ, ਗਟਾਰਾਂ ਅਤੇ ਚਿੜੀਆਂ ਆਦਿ ਪੰਛੀਆਂ ਦੀ ਗਿਣਤੀ ਕਾਫੀ ਘਟ ਗਈ ਹੈ। ਵੇਖਿਆ ਜਾਵੇ ਤਾਂ ਪੰਛੀ ਘਰਾਂ ਦੀਆਂ ਰੋਣਕਾਂ ਸਨ। ਬੱਚੇ ਵੀ ਪੰਛੀਆਂ ਨਾਲ ਖੇਡਦੇ ਸਨ। 

ਲੈਕਚਰਾਰ ਕਰਮਜੀਤ ਸਿੰਘ ਅਤੇ ਸ਼ਿਵਜੀਤ ਸਿੰਘ ਸੰਘਾ ਅਨੁਸਾਰ ਪਿੱਪਲ, ਬੋਹੜ ਤੇ ਹੋਰ ਵੱਡੇ ਦਰਖੱਤ ਅਲੋਪ ਹੋ ਰਹੇ ਹਨ। ਪਹਿਲਾਂ ਪਿੱਪਲਾਂ ਤੇ ਬੋਹੜਾਂ ਆਦਿ ਦੀ ਗਿਣਤੀ ਬਹੁਤ ਜਿਆਦਾ ਹੁੰਦੀ ਸੀ ਤੇ ਇਹਨਾਂ ਵੱਡੇ ਦਰੱਖਤਾਂ ਤੇ ਦਰਜਨਾਂ ਦੀ ਗਿਣਤੀ ਵਿਚ ਪੰਛੀ ਰਹਿੰਦੇ ਸਨ। ਅਜਿਹੇ ਦਰਖੱਤਾਂ ਤੇ ਪੰਛੀਆਂ ਨੇ ਆਪਣੇ ਆਲਣੇ ਪਾਏ ਹੁੰਦੇ ਸਨ ਤੇ ਆਲਣਿਆਂ ਵਿਚ ਆਂਡੇ ਦੇ ਕੇ ਪੰਛੀ ਆਪਣੇ ਬੱਚੇ ਕੱਢਦੇ ਤੇ ਪਾਲਦੇ ਸਨ। ਲਗਭਗ ਹਰੇਕ ਘਰ 'ਚ ਪੰਛੀਆਂ ਦੇ ਆਲਣੇ ਸਨ। ਕਈ ਤਰਾਂ ਦੇ ਪੰਛੀ ਇਹਨਾਂ ਆਲਣਿਆਂ 'ਚੋਂ ਉਡਾਰੀਆਂ ਭਰਦੇ। ਉਨਾਂ ਕਿਹਾ ਕਿ ਸੀਰ ਸੋਸਾਇਟੀ ਦੀ ਸਾਲ 2019 'ਚ 365 ਪਿੱਪਲ ਤੇ ਬੋਹੜ ਲਾਉਣ ਦੀ ਮੁਹਿੰਮ ਪੰਛੀਆਂ ਦੇ ਘੱਟ ਰਹੇ ਰੈਣ ਬਸੇਰੇ ਕਾਰਨ ਹੀ ਵਿੱਢੀ ਗਈ ਸੀ। ਜਿਸ ਤਹਿਤ ਹੁਣ ਤੱਕ ਪਿੱਪਲ-ਬੋਹੜ ਦੇ 105 ਪੌਦੇ ਲਾ ਕੇ ਟ੍ਰੀਗਾਰਡ ਫਿੱਟ ਕੀਤੇ ਗਏ ਹਨ ਅਤੇ ਸਮੇਂ ਸਿਰ ਇਨਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਤਾਂ ਜੋ ਇਹ ਪੌਦੇ ਦਰੱਖਤ ਬਣ ਸਕਣ। ਉਨਾਂ ਲੋਕਾਂ ਨੂੰ ਇਸ ਮੁਹਿੰਮ 'ਚ ਆਪੋ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਅਧਿਆਪਕ ਭਰਪੂਰ ਸਿੰਘ ਅਤੇ ਸੁਰਿੰਦਰ ਪੁਰੀ ਨੇ ਆਖਿਆ ਕਿ ਤੋਤੇ, ਚਿੜੀਆਂ, ਕਾਂ ਕਬੂਤਰ ਅਤੇ ਗਿਰਝਾਂ ਆਦਿ ਪੰਛੀ ਹੁਣ ਲੋਕਾਂ ਨੂੰ ਕਦੇ-ਕਦੇ ਹੀ ਦਿਖਾਈ ਦਿੰਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਦਰੱਖਤਾਂ-ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੈ। ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਵਲੋਂ ਆਪਣੇ ਕਾਰਜਕਾਲ ਦੌਰਾਨ 7 ਹਜ਼ਾਰ ਏਕੜ 'ਚ ਵਿਕਸਿਤ ਕੀਤੇ ਜੰਗਲ 'ਚ ਹੁਣ ਇਕ ਵੀ ਰੁੱਖ ਸੁਰੱਖਿਅਤ ਨਹੀਂ ਬਚਿਆ, ਇੱਕ ਇੱਕ ਕਰਕੇ ਇੱਥੇ ਰੁੱਖ ਲਗਭਗ ਖਤਮ ਹੋ ਗਏ ਹਨ। ਹੁਣ ਇੱਥੇ ਰੁੱਖ ਨਹੀ ਕੰਡੇਦਾਰ ਝਾੜੀਆਂ ਅਤੇ ਪਹਾੜੀ ਕਿੱਕਰਾਂ ਹੀ ਨਜਰ ਆਉਂਦੀਆਂ ਹਨ। ਖੇਤਾਂ ਵਿੱਚ ਫਸਲਾਂ ਦਾ ਵੱਧ ਝਾੜ ਲੈਣ ਲਈ ਕਈ ਤਰਾਂ ਦੇ ਕੀਟਨਾਸ਼ਕ ਵਰਤੇ ਜਾਂਦੇ ਹਨ। ਖੇਤੀ ਸੈਕਟਰ ਲਈ ਵਰਤੀਆਂ ਜਾ ਰਹੀਆਂ ਜ਼ਹਿਰੀਲੀਆਂ ਰਸਾਇਣਕ ਖਾਦਾਂ-ਸਪਰੇਆਂ ਕਾਰਨ ਕਈ ਪੰਛੀਆਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ, ਵੱਧ ਝਾੜ ਲੈਣ ਲਈ ਕਿਸਾਨਾਂ ਵਲੋਂ ²ਫ਼ਸਲਾਂ ਲਈ ਕੀੜੇਮਾਰ ਦਵਾਈਆਂ, ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਜਿਥੇ ਕਈ ਮਿੱਤਰ-ਕੀੜੇ ਮਰਦੇ ਹਨ, ਉਥੇ ਹੀ ਖੇਤਾਂ ਵਿੱਚੋ ਆਪਣਾ ਭੋਜਨ ਪ੍ਰਾਪਤ ਕਰਨ ਵਾਲੇ ਇਹ ਪੰਛੀ ਜਹਿਰੀਲੇ ਭੋਜਨ ਕਾਰਨ ਮੌਤ ਦੇ ਮੂੰਹ ਜਾਂ ਪੈਂਦੇ ਹਨ। 

ਕੇਵਲ ਕ੍ਰਿਸ਼ਨ ਕਟਾਰੀਆ ਪ੍ਰਧਾਨ ਅਤੇ ਪ੍ਰਦੀਪ ਕੁਮਾਰ ਚਮਕ ਸਕੱਤਰ ਸੀਰ ਸੁਸਾਇਟੀ ਦਾ ਕਹਿਣਾ ਹੈ ਕਿ 'ਸੀਰ ਸੁਸਾਇਟੀ' ਪਿਛਲੇ ਲੰਮੇ ਸਮੇਂ ਤੋ ਵਾਤਾਵਰਣ ਤੇ ਪੰਛੀਆ ਲਈ ਨਿਰਸਵਾਰਥ ਕੰਮ ਕਰ ਰਹੀ ਹੈ। ਸੀਰ ਸੁਸਾਇਟੀ ਨੇ ਸਾਲ 2019 ਵਿੱਚ 365 ਪਿੱਪਲ ਬੋਹੜ ਅਤੇ ਇਸੇ ਸਾਲ 550 ਫਲਦਾਰ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਵਿੱਚ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸੀਰ ਨੇ ਪਿਛਲੇ ਲੰਮੇ ਸਮੇਂ ਵਿੱਚ ਨਹਿਰਾਂ ਅਤੇ ਖਾਲੀ ਥਾਵਾਂ 'ਤੇ ਪੌਦੇ ਲਾਏ ਸਨ, ਜੋ ਅੱਜ ਦਰੱਖਤ ਬਣ ਚੁੱਕੇ ਹਨ। ਉਨਾਂ ਕਿਹਾ ਕਿ ਸੀਰ ਸੁਸਾਇਟੀ ਦੇ ਮੈਂਬਰ ਸਵੇਰੇ 5-6 ਵਜੇ ਤੋਂ 9-10 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਵੱਖ-ਵੱਖ ਟੀਮਾਂ ਬਣਾ ਕੇ ਕੰਮ ਕਰਦੇ ਹਨ। ਸੀਰ ਸੁਸਾਇਟੀ ਆਪਣੇ ਕਿਸੇ ਵੀ ਪੌਦੇ ਨੂੰ ਮਰਨ ਨਹੀਂ ਦਿੰਦੀ। ਪਾਣੀ ਅਤੇ ਟਰੀਗਾਰਡਾਂ ਤੋ ਇਲਾਵਾ ਸਮੇਂ ਸਮੇਂ ਤੇ ਕਾਂਟ ਛਾਂਟ ਵੀ ਕਰਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਅੱਜ ਪੰਛੀਆਂ ਦੇ ਬੱਚਿਆਂ ਅਤੇ ਸਮਾਜ ਦੀ ਭਲਾਈ ਲਈ ਚਲਾਈ ਉਕਤ ਨਿਰਸਵਾਰਥ ਮੁਹਿੰਮ ਦਾ ਹਿੱਸਾ ਬਣੀਏ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਕੁੱਝ ਚੰਗਾ ਕੰਮ ਕਰਕੇ ਜਾਈਏ।