ਲੋਕ ਸਭਾ ਚੋਣਾਂ 2019: ਪੰਜਾਬ 'ਚ ਉਮੀਦਵਾਰਾਂ ਦਾ ਐਲਾਨ ਕਰਨ ‘ਚ ਭਾਜਪਾ ਦੀ ਉਲਝੀ ਤਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਅੰਦਰ ਉਮੀਦਵਾਰ ਤੈਅ ਕਰਨ ਦੇ ਮਾਮਲੇ ਨੂੰ ਲੈ ਕੇ ਅੰਦਰੂਨੀ ਜੰਗ ਤੇਜ਼ੀ ਨਾਲ ਚੱਲ ਰਹੀ ਹੈ...

BJP Party

ਚੰਡੀਗੜ੍ਹ : ਭਾਜਪਾ ਅੰਦਰ ਉਮੀਦਵਾਰ ਤੈਅ ਕਰਨ ਦੇ ਮਾਮਲੇ ਨੂੰ ਲੈ ਕੇ ਅੰਦਰੂਨੀ ਜੰਗ ਤੇਜ਼ੀ ਨਾਲ ਚੱਲ ਰਹੀ ਹੈ। ਇਨ੍ਹਾਂ ਤਿੰਨਾਂ ਸੀਟਾਂ ‘ਤੇ ਭਾਜਪਾ ਕੋਲ ਆਪਸੀ ਸਹਿਮਤੀ ਵਾਲੇ ਉਮੀਦਵਾਰ ਅਜੇ ਤੱਕ ਸਾਹਮਣੇ ਨਹੀਂ ਆਏ ਜਿਸ ਕਾਰਨ ਪਾਰਟੀ ਦੇ ਅਕਸ਼ ‘ਤੇ ਮਾੜਾ ਅਸਰ ਪੈਂਦਾ ਨਜ਼ਰ ਆ ਰਿਹਾ ਹੈ। ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਵੀ ਨੋਟੀਫਿਕੇਸ਼ਨ ਜਾਰੀ ਹੋਣ ਦਾ ਸਮਾਂ ਨੇੜੇ ਆ ਗਿਆ ਹੈ ਪਰ ਪੰਜਾਬ ਭਾਜਪਾ ਅਜੇ ਤੱਕ ਅਪਣੀਆਂ ਤਿੰਨ ਲੋਕ ਸਭਾ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਲਈ ਉਮੀਦਵਾਰ ਤੈਅ ਨਹੀਂ ਕਰ ਸਕੀ।

ਇਨ੍ਹਾਂ ਸੀਟਾਂ ‘ਤੇ ਕਾਂਗਰਸ ਪਹਿਲਾਂ ਹੀ ਅਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਵੱਲੋਂ ਭਾਜਪਾ ਨੂੰ ਅਲਵਿਦਾ ਕਹਿਣ ਪਿੱਛੋਂ ਪਾਰਟੀ ਪਿਛਲੇ ਕੁਝ ਸਮੇਂ ਤੋਂ ਆਪਣਾ ਕੋਈ ਵੀ ਮਜ਼ਬੂਤ ਚਿਹਰਾ ਅੱਗੇ ਨਹੀਂ ਲਿਆ ਸਕੀ। ਪੰਜਾਬ ਵਿਚ ਭਾਵੇਂ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਪਰ ਹਰ ਵਾਰ ਲੋਕ ਸਭਾ ਚੋਣਾਂ ਦੇ ਸਮੇਂ ਪਾਰਟੀ ਅਪਣੇ ਉਮੀਦਵਾਰਾਂ ਨੂੰ ਲੈ ਕੇ ਉਲਝਣ ਵਿਚ ਰਹਿੰਦੀ ਹੈ। ਵਾਜਪਾਈ ਦੇ ਸਮੇਂ ਸਿੱਧੂ ਨੂੰ ਅੰਮ੍ਰਿਤਸਰ ਤੋਂ ਤਿਆਰ ਕੀਤਾ ਗਿਆ ਸੀ।

ਉਨ੍ਹਾਂ ਕਾਂਗਰਸ ਦੇ ਚੋਟੀ ਦੇ ਆਗੂ ਰਘੂਨੰਦਨ ਲਾਲ ਭਾਟੀਆ ਨੂੰ ਹਰਾਇਆ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਅਰੁਣ ਜੇਤਲੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਤਲੀ ਨੂੰ ਹਰਾ ਦਿੱਤਾ ਸੀ। ਕੈਪਟਨ ਵੱਲੋਂ ਭਾਜਪਾ ਨੂੰ ਦਿੱਤੀ ਗਈ ਹਾਰ ਪਿੱਛੋਂ ਪਾਰਟੀ ਦੇ ਆਗੂਆਂ ਦਾ ਮਨੋਬਲ ਡਿੱਗਿਆ ਉਸ ਪਿੱਛੋਂ ਭਾਜਪਾ ਦੀ ਹਾਲਤ ਲਗਾਤਾਰ ਗਿਰਾਵਟ ਵੱਲ ਵਧਦੀ ਗਈ। ਗੁਰਦਾਸਪੁਰ ਵਿਖੇ ਸਵਰਗੀ ਵਾਜਪਾਈ ਨੇ ਫਿਲਮ ਅਭਿਨੇਤਾ ਵਿਨੋਦ ਖੰਨਾ ਨੂੰ ਚੋਣ ਮੈਦਾਨ ਵਿਚ ਉਤਾਰਿਆ।

ਉਨ੍ਹਾਂ ਗੁਰਦਾਸਪੁਰ ਤੋਂ ਲਗਾਤਾਰ ਚੋਣ ਜਿੱਤਦੀ ਆ ਰਹੀ ਸੁਖਬੰਸ ਕੌਰ ਭਿੰਡਰ ਨੂੰ ਹਰਾਇਆ। ਵਿਨੋਦ ਖੰਨਾ ਦਾ ਦੇਹਾਂਤ ਪਿੱਛੋਂ ਭਾਜਪਾ ਗੁਰਦਾਸਪੁਰ ਵਿਚ ਵੀ ਪੂਰੀ ਤਰ੍ਹਾਂ ਕੱਟੀ ਨਜ਼ਰ ਆ ਰਹੀ ਹੈ। ਇਸਦੇ ਸਥਾਨਕ ਆਗੂਆਂ ਅੰਦਰ ਮੱਤਭੇਦ ਸਿਖਰਾਂ ‘ਤੇ ਹਨ। ਬੀਤੇ 20 ਸਾਲਾਂ ਦੌਰਾਨ ਪਾਰਟੀ ਸਥਾਨਕ ਪੱਧਰ ‘ਤੇ ਕਿਸੇ ਵੀ ਮਜ਼ਬੂਤ ਚਿਹਰੇ ਨੂੰ ਅੱਗੇ ਲਿਆਉਣ ਵਿਚ ਸਫ਼ਲ ਨਹੀਂ ਹੋ ਸਕੀ। ਹੁਸ਼ਿਆਰਪੁਰ ‘ਚ ਵੀ ਭਾਜਪਾ ਦੇ ਹਾਲਤਾ ਅਜਿਹੇ ਹੀ ਨਜ਼ਰ ਆ ਰਹੇ ਹਨ।

ਮੌਜੂਦਾ ਭਾਜਪਾ ਐਮ.ਪੀ ਵਿਜੇ ਸਾਂਪਲਾ ਜੋ ਕੇਂਦਰੀ ਮੰਤਰੀ ਹਨ, ਨੂੰ ਲੈ ਕੇ ਵੀ ਪਾਰਟੀ ਪੂਰੀ ਭਰੋਸੇ ਵਿਚ ਨਹੀਂ ਹੈ ਕਿਉਂਕਿ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੋਕ ਪ੍ਰਿਚਤਾ ਵਿਚ ਪਿਛਲੇ 5 ਸਾਲ ਦੇ ਮੁਕਾਬਲੇ ਕਮੀ ਹੋਈ ਹੈ। ਉਨ੍ਹਾਂ ਦੀ ਥਾਂ ‘ਤੇ ਸੋਮ ਪ੍ਰਕਾਸ਼ ਦਾ ਨਾਂ ਚੱਲ ਰਿਹਾ ਹੈ। ਅਜਿਹੇ ਹਾਲਾਤ ਨੂੰ ਦੇਖਦਿਆਂ ਮੌਜੂਦਾ ਲੋਕ ਸਭਾ ਚੋਣਾਂ ਭਾਜਪਾ ਲਈ ਘੱਟੋ-ਘੱਟ ਪੰਜਾਬ ‘ਚ ਸ਼ੁਭ ਸੰਕੇਤ ਨਹੀਂ ਹਨ। ਭਾਜਪਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਅਜੇ ਤੈਅ ਨਾ ਹੋਣ ਕਾਰਨ ਉਲਝਣ ਵਾਲੀ ਸਥਿਤੀ ਬਣੀ ਹੋਈ ਹੈ।