ਵਕਾਰੀ ਲੋਕ ਸਭਾ ਹਲਕਾ ਪਟਿਆਲਾ ਤੋਂ ਮੁਕਾਬਲਾ ਤਿਕੋਣਾ ਤੇ ਫਸਵਾਂ ਬਣਿਆ
ਤਿੰਨਾਂ ਉਮੀਦਵਾਰਾਂ ਦੇ ਕੁੱਝ ਗੱਲਾਂ ਪੱਖ 'ਚ ਤੇ ਕੁੱਝ ਕੁ ਵਿਰੁਧ
ਰਾਜਪੁਰਾ : ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੀ ਤਰੀਕ ਜਿਉਂ-ਜਿਉਂ ਨੇੜੇ ਆਉਂਦੀ ਜਾ ਰਹੀ ਹੈ। ਵਕਾਰੀ ਸਮਝੇ ਜਾ ਰਹੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ, ਪੰਜਾਬ ਜਮਹੂਰੀਅਤ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਅਕਾਲੀ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰਖੜਾ ਵਿਚਕਾਰ ਮੁਕਾਬਲਾ ਤਿਕੋਣਾ ਅਤੇ ਫਸਵਾਂ ਬਣਦਾ ਜਾ ਰਿਹਾ ਹੈ। ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਫ਼ਿਲਹਾਲ ਇਸ ਮੁਕਾਬਲੇ ਵਿਚ ਪਛੜੀ ਹੋਈ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਪ੍ਰਨੀਤ ਕੌਰ ਪੰਜਾਬ ਸਰਕਾਰ ਵਲੋਂ ਕੀਤੇ ਕੰਮਾਂ ਜਿਵੇਂ ਕਿ ਕਰਜ਼ੇ ਮਾਫ਼ ਅਤੇ ਹੋਰ ਪ੍ਰਾਪਤੀਆਂ ਲੈ ਕੇ ਮੈਦਾਨ ਵਿਚ ਉਤਰੇ ਹਨ। ਪ੍ਰਨੀਤ ਕੌਰ ਨੂੰ ਟਕਸਾਲੀ ਕਾਂਗਰਸੀਆਂ ਦੀ ਨਾਰਾਜ਼ਗੀ ਪੰਜਾਬ ਵਿਚ ਨਸ਼ਾ ਨਾ ਖ਼ਤਮ ਕਰਨਾ ਅਤੇ ਸਮਾਰਟ ਫ਼ੋਨ ਸਮੇਤ ਹੋਰਨਾਂ ਮੁੱਦਿਆਂ 'ਤੇ ਵਿਰੋਧੀ ਆੜੇ ਹੱਥੀ ਲੈ ਰਹੇ ਹਨ ਜਿਸ ਕਾਰਨ ਉਨ੍ਹਾਂ ਲਈ ਇਸ ਵਾਰ ਇਹ ਵਕਾਰੀ ਸੀਟ ਜਿੱਤਣਾ ਟੇਡੀ ਖੀਰ ਜਾਪਦਾ ਹੈ। ਖਹਿਰਾ ਧੜਾ, ਬਸਪਾ ਅਤੇ ਖੱਬੇ ਪੱਖੀ ਪਾਸਲਾ ਗਰੁਪ ਸਮੇਤ ਹੋਰਨਾ ਧਿਰਾਂ ਦੇ ਸਾਂਝੇ ਉਮੀਦਵਾਰ ਡਾ. ਗਾਂਧੀ ਦੇ ਬੇੜੇ ਵਿਚ ਆਮ ਆਦਮੀ ਪਾਰਟੀ ਦੀਆਂ ਵੋਟਾਂ ਜ਼ਰੂਰ ਪੈ ਸਕਦੀਆਂ ਹਨ।
ਡਾ. ਗਾਂਧੀ ਲੋਕਾਂ ਵਿਚਕਾਰ ਅਪਣਾ ਪੰਜ ਸਾਲ ਦਾ ਰੀਪੋਰਟ ਕਾਰਡ ਜਿਸ ਵਿਚ ਰੇਲਵੇ ਲਾਈਨ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਹਲਕੇ ਦੇ ਲੋਕਾਂ ਨੂੰ ਵੰਡੀਆਂ ਗਰਾਂਟਾਂ ਸ਼ਾਮਲ ਹਨ, ਲੈ ਕੇ ਜਾ ਰਹੇ ਸਨ। ਜਦਕਿ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਅਕਾਲੀ-ਭਾਜਪਾ ਸਰਕਾਰ ਵਲੋਂ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਮੁਆਫ਼ ਅਤੇ ਆਟਾ-ਦਾਲ ਸਮੇਤ ਹੋਰਨਾਂ ਲੋਕ ਭਲਾਈ ਦੇ ਮੁੱਦਿਆਂ ਨੂੰ ਲੈ ਕੇ ਜਾ ਰਹੇ ਹਨ। ਉਨ੍ਹਾਂ ਦੀ ਚੋਣ ਮੁਹਿੰਮ ਨੂੰ ਟੌਹੜਾ ਪਰਵਾਰ ਅਤੇ ਪੁਰਾਣੇ ਕਾਂਗਰਸੀ ਤੇ ਨੌਜਵਾਨ ਆਗੂ ਸ਼ਰਨਜੀਤ ਸਿੰਘ ਜੋਗੀ ਵਲੋਂ ਅਕਾਲੀ ਦਲ ਦਾ ਪੱਲਾ ਫੜਨ ਨੂੰ ਵੱਡਾ ਹੁਲਾਰਾ ਸਮਝਿਆ ਜਾ ਰਿਹਾ ਹੈ।
ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਅਕਾਲੀ-ਭਾਜਪਾ ਸਰਕਾਰ ਸਮੇਂ ਹੋਈ ਬੇਅਦਬੀ ਅਤੇ ਬਹਿਬਲਪੁਰ ਗੋਲੀ ਕਾਂਡ ਵਰਗੇ ਮੁੱਦੇ ਅਕਾਲੀ ਦਲ ਦੇ ਉਮੀਦਵਾਰ ਨੂੰ ਪ੍ਰੇਸ਼ਾਨ ਜ਼ਰੂਰ ਕਰ ਰਹੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ, ਜੋ ਕਿ ਲੋਕਾਂ ਵਿਚਕਾਰ ਕੇਜਰੀਵਾਲ ਸਰਕਾਰ ਵਲੋਂ ਦਿੱਲੀ 'ਚ ਕੀਤੇ ਗਏ ਵਿਕਾਸ ਅਤੇ ਹੋਰ ਮੁੱਦੇ ਲੈ ਕੇ ਹਾਜ਼ਰ ਹੋ ਰਹੇ ਹਨ ਪਰ ਪੰਜਾਬ 'ਚ ਝਾੜੂ ਦੇ ਤੀਲਾ-ਤੀਲਾ ਹੋਣ ਅਤੇ ਚੋਣ ਮੁਹਿੰਮ 'ਚ ਫ਼ਿਲਹਾਲ ਉਹ ਬਹੁਤ ਪਛੜੇ ਹੋਏ ਨਜ਼ਰ ਆ ਰਹੇ ਹਨ ਤੇ ਹੁਣ ਮੁੱਖ ਮੁਕਾਬਲਾ ਪ੍ਰਨੀਤ ਕੌਰ, ਡਾ. ਧਰਮਵੀਰ ਗਾਂਧੀ ਅਤੇ ਸੁਰਜੀਤ ਸਿੰਘ ਰੱਖੜਾ ਵਿਚਕਾਰ ਹੀ ਨਜ਼ਰ ਆ ਰਿਹਾ ਹੈ। ਫ਼ਿਲਹਾਲ ਉਕਤ ਤਿੰਨਾਂ ਆਗੂਆਂ ਵਿਚਕਾਰ ਹੀ ਉਹ ਆਗੂ ਬਾਜ਼ੀ ਮਾਰੇਗਾ ਜਿਹੜਾ ਜਨਤਾ ਦੀ ਨਬਜ਼, ਸਹੀ ਸਮੇਂ 'ਤੇ ਪਹਿਚਾਣ ਗਿਆ।