ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਪਟਰੌਲ ਡੀਜ਼ਲ ਦੇ ਰੇਟਾਂ ਵਿਚ ਭਾਰੀ ਵਾਧਾ, ਜੀ.ਐਸ.ਟੀ ਨੋਟਬੰਦੀ ਨੂੰ ਲੈ ਕੇ ਅੱਜ ਘੋਲੀਆ ਕਲਾਂ .....

Congress workers burning PM's effigy

ਬਾਘਾ ਪੁਰਾਣਾ : ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਪਟਰੌਲ ਡੀਜ਼ਲ ਦੇ ਰੇਟਾਂ ਵਿਚ ਭਾਰੀ ਵਾਧਾ, ਜੀ.ਐਸ.ਟੀ ਨੋਟਬੰਦੀ ਨੂੰ ਲੈ ਕੇ ਅੱਜ ਘੋਲੀਆ ਕਲਾਂ ਪਿੰਡ ਵਿਖੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਸੋਨੀਆ ਘੋਲੀਆਂ ਦੇ ਸਹਿਯੋਗ ਨਾਲ ਸੈਂਕੜੇ ਕਾਂਗਰਸੀ ਵਰਕਰਾਂ ਨੇ ਧਰਨਾ ਦਿੱਤਾ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ। ਇਸ ਦੌਰਾਨ ਵਰਕਰਾਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। 

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਵਿਰੋਧੀ ਭਾਜਪਾ ਸਰਕਾਰ ਨੇ ਚਾਰ ਸਾਲਾਂ ਵਿਚ ਹੀ ਦੇਸ਼ ਦੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ, ਜਿਸ ਕਰਕੇ ਲੋਕਾਂ ਵਿਚ ਹਾਹਾਕਾਰ ਮੱਚ ਗਈ ਹੈ। ਉਨਾਂ ਕਿਹਾ ਕਿ ਮੋਦੀ ਨੇ ਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ ਅਜਿਹੇ ਫੈਸਲੇ ਲਏ ਹਨ ਜਿਸ ਨਾਲ ਹਰ ਕਾਰੋਬਾਰ ਫੇਲ ਹੋ ਕੇ ਰਹਿ ਗਿਆ। ਸਿਖਰਾਂ ਤੇ ਪਹੁੰਚੀ ਮਹਿੰਗਾਈ ਨੇ ਲੋਕਾਂ ਦੇ ਹੱਥਾਂ ਪੈਰਾਂ ਨੂੰ ਪਾ ਦਿੱਤੀ ਹੈ ਅਤੇ ਹਰ ਪਰਿਵਾਰ ਪੈਸੇ ਪੱਖੋਂ ਤੰਗੀ ਮਹਿਸੂਸ ਕਰਨ ਲੱਗ ਪਿਆ ਹੈ। 

ਧਰਨੇ ਦੌਰਾਨ ਕਾਂਗਰਸੀ ਵਰਕਰਾਂ ਨੇ ਗੁੱਸਾ ਜਾਹਰ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਦੀ ਸਰਕਾਰ 50 ਸਾਲ ਲਈ ਸੱਤਾ ਤੋਂ ਬਾਹਰ ਹੋਵੇਗੀ। 
ਇਸ ਮੌਕੇ ਡਾ. ਦਵਿੰਦਰ ਗੋਗੀ ਗਿੱਲ, ਜਗਸੀਰ ਸਿੰਘ ਕਾਲੇਕੇ, ਬਲਜਿੰਦਰ ਸਿੰਘ, ਪ੍ਰੀਤਮ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿੰਘ, ਪ੍ਰੀਤਮ ਸਿੰਘ, ਪੰਨਾ ਸੰਘਾਂ, ਉਧਮ ਸਿੰਘ, ਬੇਅੰਤ ਸਿੰਘ, ਗੁਰਮੀਤ ਸਿੰਘ ਨੰਬਰਦਾਰ ਆਦਿ ਹਾਜਰ ਸਨ।