ਵਿਧਾਇਕ ਪ੍ਰਗਟ ਸਿੰਘ ਦੀ ਨਸੀਹਤ, “ਪੰਥਕ ਮਸਲਿਆਂ ਨਾਲ ਮੱਥਾ ਨਾ ਲਗਾਉਣ ਮੁੱਖ ਮੰਤਰੀ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸਰਕਾਰ ਨੇ ਕਦੇ ਵੀ ਲੋਕ ਮਸਲਿਆਂ ਲਈ ਇਜਲਾਸ ਨਹੀਂ ਬੁਲਾਇਆ

MLA Pargat Singh

 

ਚੰਡੀਗੜ੍ਹ :  ਮੁਫ਼ਤ ਗੁਰਬਾਣੀ ਪ੍ਰਸਾਰਣ ਦੇ ਮਸਲੇ ’ਤੇ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥਕ ਮਸਲਿਆਂ ਨਾਲ ਮੱਥਾ ਨਹੀਂ ਲਗਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੀ ਵਾਰ ‘ਆਪਰੇਸ਼ਨ ਲੋਟਸ’ ਨੂੰ ਲੈ ਕੇ ਵਿਧਾਨ ਸਭਾ ਦਾ ਇਜਲਾਸ ਸੱਦਿਆ ਸੀ ਪਰ ਅੱਜ ਤਕ ਉਸ ਵਿਚੋਂ ਕੁੱਝ ਸਾਰਥਕ ਨਹੀਂ ਨਿਕਲਿਆ। ਸਰਕਾਰ ਵਲੋਂ ਕਦੇ ਵੀ ਲੋਕ ਮਸਲਿਆਂ ਲਈ ਇਜਲਾਸ ਨਹੀਂ ਬੁਲਾਇਆ ਗਿਆ।

ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਦੇ ਮੁੱਦੇ 'ਤੇ ਸਿਆਸਤ ਨਹੀਂ ਸਗੋਂ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਨੀ ਚਾਹੀਦੀ-ਬਲਜੀਤ ਸਿੰਘ ਦਾਦੂਵਾਲ

ਪ੍ਰਗਟ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਕਦਮੀ ਕਰ ਕੇ ਗੁਰਬਾਣੀ ਦੇ ਪ੍ਰਸਾਰ ਸਬੰਧੀ ਮਾਪਦੰਡ ਬਣਾਉਣੇ ਚਾਹੀਦੇ ਹਨ। ਕਾਂਗਰਸੀ ਵਿਧਾਇਕ ਨੇ ਕਿਹਾ ਕਿ ਗੁਰਦੁਆਰਾ ਐਕਟ ਕੇਂਦਰੀ ਐਕਟ ਹੈ, ਇਸ ਵਿਚ ਹੋਰ ਸੂਬਿਆਂ ਦੇ ਵੀ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਸ ਵਿਚ ਸ਼੍ਰੋਮਣੀ ਕਮੇਟੀ ਸੋਧ ਲਿਆ ਸਕਦੀ ਹੈ, ਸਰਕਾਰ ਨਹੀਂ। ਇਸ ਨੂੰ ਸਮਰਥਨ ਕਰਨ ਜਾਂ ਨਾ ਕਰਨ ਦੀ ਕੋਈ ਤੁਕ ਨਹੀਂ ਬਣਦੀ।