ਰਾਵੀ ਕੰਢੇ 'ਪਾਣੀ ਮਹਾਂ ਪੰਚਾਇਤ' ਨੇ ਪਾਣੀ ਬਚਾਉਣ ਦਾ ਲਿਆ ਪ੍ਰਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਪਾਣੀਆਂ ਨੂੰ ਦੂਸ਼ਿਤ ਤੇ ਖ਼ਤਮ ਕਰਨ 'ਚ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਵੱਡਾ ਯੋਗਦਾਨ: ਭਾਈ ਕੇਵਲ ਸਿੰਘ

River

ਕਲਾਨੌਰ, ਡੇਰਾ ਬਾਬਾ ਨਾਨਕ (ਗੁਰਦੇਵ ਸਿੰਘ ਰਜਾਦਾ) : ਭਾਰਤ 'ਪਾਕਿ ਕੌਮਾਂਤਰੀ ਸਰਹੱਦ 'ਤੇ ਰਾਵੀ ਦਰਿਆ ਦੇ ਕੰਢੇ ਵਸੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਦੇ ਮੁਕਦੇ ਪਾਣੀਆਂ ਨੂੰ ਬਚਾਉਣ ਲਈ ਪਾਣੀ ਮਹਾਂ ਪੰਚਾਇਤ ਸੱਦੀ ਗਈ ਜਿਸ ਵਿਚ ਪੰਜਾਬ ਭਰ ਤੋਂ ਪਾਣੀ ਬਚਾਉਣ ਵਾਲੇ ਵਾਤਾਵਰਣ ਪ੍ਰੇਮੀਆਂ ਤੋਂ ਇਲਾਵਾ ਸਿੱਖ, ਮੁਲਮਾਨ, ਹਿੰਦੂ ਅਤੇ ਇਸਾਈ ਭਾਈਚਾਰਿਆਂ ਦੇ ਆਗੂਆਂ ਨੇ ਸਮੂਲੀਅਤ ਕੀਤੀ। ਪੰਥਕ ਤਾਲਮੇਲ ਸੰਗਠਨ ਦੀ ਦੇਖਰੇਖ ਹੇਠ ਕਰਵਾਈ ਗਈ ਪਾਣੀ ਮਹਾਂ ਪੰਚਾਇਤ ਵਿਚ ਭਾਈ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ ਨੇ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਘਟਦਾ ਜਾ ਰਿਹਾ ਪਾਣੀ ਜਿਥੇ ਵੱਡੀ ਚਿੰਤਾ ਦਾ ਵਿਸ਼ਾ ਹੈ ਉਥੇ ਆਉਣ ਵਾਲੀ ਪੀੜ੍ਹੀ ਲਈ ਪਾਣੀ ਬਚਾਉਣ ਦੀ ਵੀ ਵੱਡੀ ਲੋੜ ਹੈ।

ਭਾਈ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਲੁੱਟਿਆ ਜਾ ਰਿਹਾ ਹੈ ਪ੍ਰਤੂੰ ਸਮੇਂ-ਸਮੇਂ ਦੀਆਂ ਸਰਕਾਰਾਂ ਚੁੱਪ ਬੈਠੀਆਂ ਰਹੀਆਂ ਅਤੇ ਪਾਣੀਆਂ ਸਬੰਧੀ ਗੰਭੀਰਤਾਂ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਲੁੱਟੇ ਜਾ ਰਹੇ ਪਾਣੀ ਸਾਡੇ ਲਈ ਵੱਡੀ ਵੰਗਾਰ ਹਨ। ਭਾਈ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਲਈ ਪਿਛਲੇ ਸਮੇਂ ਵਿਚ ਧਰਮ ਯੁੱਧ ਲਾਏ ਗਏ ਅਤੇ ਜਵਾਨੀਆਂ ਕੁਰਬਾਨ ਕੀਤੀਆਂ ਗਈਆਂ ਸਨ ਜਿਸ ਲਈ ਸਾਨੂੰ ਹੁਣ ਪੰਜਾਬ ਦੇ ਪਾਣੀ ਬਚਾਉਣ ਲਈ ਹਰ ਸੰਭਵ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹਿੰਦੂ, ਸਿੱਖ, ਮੁਸਲਿਮ,  ਅਤੇ ਇਸਾਈ ਭਾਈਚਾਰੇ ਦੇ ਲੋਕ ਪਾਣੀ ਨੂੰ ਬਚਾਉਣ ਲਈ ਸਿਰ ਜੋੜ ਕੇ ਬੈਠਣ ਅਤੇ ਪਾਣੀ ਦੀ ਸਮੱਸਿਆ ਦਾ ਹੱਲ ਲੱਭਣ।

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਵੱਖ ਵੱਖ ਜਥੇਬੰਦੀਆਂ ਵਲੋਂ ਵੀ ਪਾਣੀ ਸੰਭਾਲ ਲਈ ਹੰਭਲੇ ਮਾਰੇ ਜਾ ਰਹੇ ਹਨ ਅਤੇ ਸਾਨੂੰ ਵੀ ਸਾਰਿਆਂ ਨੂੰ ਰਲ ਮਿਲ ਕੇ ਪਾਣੀ ਦੀ ਸੰਭਾਲ ਲਈ ਯਤਨ ਕਰਨ ਦੀ ਲੋੜ ਹੈ। ਇਸ ਮੌਕੇ ਤੇ ਭਾਈ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਦਰਿਆਵਾਂ ਦਾ ਪਾਣੀ ਲੁੱਟਿਆ ਜਾ ਰਿਹਾ ਹੈ ਅਤੇ ਧਰਤੀ ਹੇਠੋਂ ਕਢਿਆ ਜਾ ਰਿਹਾ ਹੈ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਾਣੀਆਂ ਦੀ ਹੋਂਦ ਨੂੰ ਬਚਾਉਣ ਲਈ ਵਾਟਰ ਸਕਿਉਰਿਟੀ ਐਕਟ ਬਨਾਉਣ ਦੀ ਮੰਗ ਕੀਤੀ ਹੈ।