ਆਰਡੀਨੈਂਸਾਂ ਖਿਲਾਫ਼ ਕਿਸਾਨਾਂ ਦੀ ਲਾਮਬੰਦੀ : ਅੱਜ ਤੋਂ 3 ਘੰਟੇ ਲਈ ਸੜਕਾਂ 'ਤੇ ਆਉਣਗੇ ਲੱਖ ਟਰੈਕਟਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀ.ਕੇ.ਯੂ. ਪ੍ਰਧਾਨ ਰਾਜੇਵਾਲ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਆਵਾਜਾਈ ਨਹੀਂ ਰੋਕਾਂਗੇ

Kisan Union

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਫ਼ਸਲਾਂ ਦੀ ਖ਼ਰੀਦੋ-ਫ਼ਰੋਖਤ ਨੂੰ ਲੈ ਕੇ ਜਾਰੀ ਕੀਤੇ ਗਏ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਅੰਦਰ ਗੁੱਸਾ ਵਧਦਾ ਜਾ ਰਿਹਾ ਹੈ। ਇਨ੍ਹਾਂ ਆਰਡੀਨੈਂਸਾਂ ਖਿਲਾਫ਼ ਪੰਜਾਬ, ਹਰਿਆਣਾ ਤੇ ਪੱਛਮੀ ਯੂ.ਪੀ. 'ਚ ਕਿਸਾਨਾਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਕਿਸਾਨ ਹੁਣ ਸਰਕਾਰ ਨਾਲ ਆਰ-ਪਾਰ ਦੇ ਮੂੜ 'ਚ ਹਨ, ਇਸੇ ਤਹਿਤ ਕਿਸਾਨਾਂ ਨੇ ਲਾਮਬੰਦੀ ਸ਼ੁਰੂ ਕਰ ਦਿਤੀ ਹੈ। ਕਿਸਾਨੀ ਸੰਘਰਸ਼ ਦੀ ਲੜੀ ਵਿਚ ਭਲਕੇ ਪਹਿਲੇ ਕਦਮ ਵਜੋਂ ਖੇਤੀ ਉਦਪਾਦਕ ਆਪੋ-ਅਪਣੇ ਪਿੰਡਾਂ 'ਚੋਂ ਲੱਖਾਂ ਟ੍ਰੈਕਟਰ ਲਿਆ ਕੇ ਨੇੜਲੀ ਵੱਡੀ-ਛੋਟੀ ਸੜਕ 'ਤੇ ਖੜੇ ਕਰ ਦੇਣਗੇ।

ਇਹ ਰੋਸ ਤੇ ਸੰਘਰਸ਼ ਇਸ ਕੋਰੋਨਾ ਵਾਇਰਸ ਦੀ ਮਹਾਂਮਾਰੀ ਸਮੇਂ ਨਿਵੇਕਲਾ ਹੋਵੇਗਾ ਕਿਉਂਕਿ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤਕ ਸਿਰਫ਼ ਨੈਸ਼ਨਨ ਤੇ ਰਾਜ ਮਾਰਗਾਂ 'ਤੇ ਟ੍ਰੈਕਟਰ ਲਾਈਨ ਵਿਚ ਪੜੇ ਕੀਤੇ ਜਾਣਗੇ ਪਰ ਆਵਾਜਾਈ ਨਹੀਂ ਰੋਕੀ ਜਾਵੇਗੀ। ਟ੍ਰੈਕਟਰ ਚਾਲਕ -ਕਿਸਾਨ ਮੂੰਹ 'ਤੇ ਮਾਸਕ ਪਾ ਕੇ ਦੂਰੀ ਬਣਾ ਕੇ ਇਕੱਲੇ-ਇਕੱਲੇ ਟ੍ਰੈਕਟਰਾਂ 'ਤੇ ਲਾਈਨ ਵਿਚ ਬੈਠੇ ਰਹਿਣਗੇ।

ਇਸੇ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਪੱਸ਼ਟ ਕਿਹਾ ਕਿ ਕੋਈ ਇਕੱਠ, ਰੈਲੀ ਜਾਂ ਵੱਡੀ ਮੀਟਿੰਗ ਜਾਂ ਨਾਹਰੇਬਾਜ਼ੀ ਨਹੀਂ ਕੀਤੀ ਜਾਵੇਗੀ ਅਤੇ 3 ਘੰਟੇ ਦੇ ਚੁੱਪ-ਚਾਪ ਰੋਸ ਉਪਰੰਤ ਨੇੜੇ ਦੇ ਕਸਬੇ ਵਿਚ ਬੈਠੇ ਤਹਿਸੀਲਦਾ, ਐਸ.ਡੀ.ਐਮ. ਜਾਂ ਡਿਪਟੀ ਕਮਿਸ਼ਨਰ ਨੂੰ ਸਿਰਫ਼ 4 ਕਿਸਾਨਾਂ ਦੇ ਵਫ਼ਦ ਵਲੋਂ ਕੇਂਦਰ ਦੇ ਇਸ ਨਵੇਂ ਫ਼ਸਲ ਖ਼ਰੀਦ ਸਿਸਟਮ ਵਿਰੁਧ ਲਿਖਤੀ ਮੰਗ ਪੱਤਰ ਦਿਤਾ ਜਾਵੇਗਾ।

ਉਨ੍ਹਾਂ ਦਸਿਆ ਕਿ ਹਫ਼ਤਾ ਪਹਿਲਾਂ ਇਹੋ ਜਿਹਾ ਕਿਸਾਨੀ ਰੋਸ ਇੰਗਲੈਂਡ, ਫ਼ਰਾਂਸ ਤੇ ਜਰਮਨੀ ਵਿਚ ਵੀ ਕੀਤਾ ਗਿਆ ਸੀ ਜਿਸ ਤੋਂ ਸੇਧ ਲੈ ਕੇ ਅੱਗੋਂ ਤੋਂ ਇਸ ਮੁਲਕ ਵਿਚ ਵੀ ਕੀਤਾ ਜਾਇਆ ਕਰੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸੰਘਰਸ਼ ਤੇ ਰੋਸ ਨੂੰ ਰੋਕਣ ਲਈ ਜਾਰੀ ਕੀਤੀ ਅਪੀਲ ਅਤੇ ਲਾਗੂ ਕੀਤੀ ਦਫ਼ਾ 144 ਬਾਰੇ ਸਵਾਲ ਦੇ ਜਵਾਬ ਵਿਚ ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅੱਜ ਸ਼ਾਮੀ ਲਿਖੀ ਚਿੱਠੀ ਵਿਚ ਮੋੜਵਾਂ ਸਵਾਲ ਕੀਤਾ ਹੈ ਕਿ ਦੋ ਹਫ਼ਤੇ ਪਹਿਲਾਂ ਬੁਲਾਈ ਸਰਬ-ਪਾਰਟੀ ਮੀਟਿੰਗ ਵਿਚ ਅਤੇ ਮਗਰੋਂ ਕਿਸਾਨ ਜਥੇਬੰਦੀਆਂ ਨਾਲ ਕੀਤੀ ਮੁਲਾਕਾਤ ਵਿਚ ਇਨ੍ਹਾਂ ਕੇਂਦਰੀ ਆਰਡੀਨੈਂਸਾਂ ਦਾ ਡੱਟ ਕੇ ਵਿਰੋਧ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਮੁੱਖ ਮੰਤਰੀ ਨੇ ਖ਼ੁਦ ਥਾਪੜਾ ਦਿਤਾ ਸੀ।

ਰਾਜੇਵਾਲ ਨੇ ਪੁਛਿਆ, ''ਸ਼ੱਕ ਹੋ ਰਿਹਾ ਹੈ, ਕਿਤੇ ਮੁੱਖ ਮੰਤਰੀ ਹੁਣ ਕੇਂਦਰ ਨਾਲ ਤਾਂ ਨਹੀਂ ਮਿਲ ਗÂੈ?'' ਜ਼ਿਕਰਯੋਗ ਹੈ ਕਿ ਮਹੀਨਾ ਪਹਿਲਾਂ ਜਾਰੀ ਕੀਤੇ ਆਰਡੀਨੈਂਸਾਂ ਵਿਚ ਹੁਣ ਫ਼ਸਲਾਂ ਦੀ ਖ਼ਰੀਦ ਨਿਜੀ ਕੰਪਨੀਆਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣ ਦਾ ਨਵਾਂ ਸਿਸਟਮ ਲਾਗੂ ਹੋ ਜਾਵੇਗਾ। ਭਾਵੇਂ ਕੇਂਦਰੀ ਖੇਤੀ ਮੰਤਰੀ ਨੇ ਦੋ ਵਾਰ ਭਰੋਸਾ ਦਿਤਾ ਹੈ ਕਿ ਐਮ.ਐਸ.ਪੀ. ਜਾਰੀ ਰਹੇਗੀ ਪਰ ਕਾਂਗਰਸ ਸਰਕਾਰ ਤੇ ਹੋਰ ਵਿਰੋਧੀ ਪਾਰਟੀਆਂ ਦੇ ਇਸ਼ਾਰੇ 'ਤੇ ਕਿਸਾਨ ਵਿਰੋਧ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।