ਅੰਮ੍ਰਿਤਸਰ ਵਿਚ ਦਰਦਨਾਕ ਰੇਲ ਹਾਦਸਾ, 60 ਮਰੇ, ਕਈ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਸਹਿਰੇ ਮੌਕੇ ਇਕੱਠੀ ਹੋਈ ਸੀ ਭੀੜ, ਕਈ ਖੜੇ ਸਨ ਰੇਲ ਪਟੜੀ 'ਤੇ, ਲੋਕਾਂ ਨੂੰ ਦਰੜਦੀ ਹੋਈ ਲੰਘ ਗਈ ਰੇਲ ਗੱਡੀ..........

tragic train accident in Amritsar

ਅੰਮ੍ਰਿਤਸਰ : ਦੁਸਹਿਰੇ ਦੀ ਸ਼ਾਮ ਇਥੇ ਵਾਪਰੇ ਦਰਦਨਾਕ ਰੇਲ ਹਾਦਸੇ ਵਿਚ ਘੱਟੋ-ਘੱਟ 60 ਜਣੇ ਮਾਰੇ ਗਏ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦ ਲੋਕ ਦੁਸਹਿਰਾ ਵੇਖਣ ਲਈ ਭਾਰੀ ਗਿਣਤੀ ਵਿਚ ਜੌੜਾ ਫ਼ਾਟਕ ਲਾਗੇ ਪਹੁੰਚੇ ਹੋਏ ਸਨ ਅਤੇ ਕਈ ਲੋਕ ਰੇਲ ਪਟੜੀ 'ਤੇ ਬੈਠੇ ਹੋਏ ਸਨ ਜਿਨ੍ਹਾਂ ਨੂੰ ਦਰੜਦੀ ਹੋਈ ਡੀਐਮਯੂ ਰੇਲ ਗੱਡੀ ਅੱਗੇ ਵਧ ਗਈ। ਪੁਤਲੇ ਸਾੜੇ ਜਾਣ ਕਾਰਨ ਆਤਿਸ਼ਬਾਜ਼ੀ ਦੇ ਰੌਲੇ-ਗੌਲੇ ਵਿਚ ਲੋਕਾਂ ਨੂੰ ਰੇਲ ਗੱਡੀ ਦੇ ਆਉਣ ਦਾ ਪਤਾ ਹੀ ਨਾ ਲੱਗਾ। ਡਰਾਈਵਰ ਨੇ ਬਰੇਕਾਂ ਲਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਏਨੇ 'ਚ ਭਾਣਾ ਵਾਪਰ ਗਿਆ ਸੀ।

ਮਰਨ ਵਾਲਿਆਂ ਵਿਚ ਮਰਦ, ਔਰਤਾਂ, ਬਜ਼ੁਰਗ, ਨੌਜਵਾਨ ਤੇ ਬੱਚੇ ਸ਼ਾਮਲ ਹਨ। ਜਦ ਲੋਕ ਪਟੜੀ 'ਤੇ ਬੈਠ ਸਨ ਤਾਂ ਇਕਦਮ ਡੀ.ਐਮ.ਯੂ. ਗੱਡੀ ਆਈ ਜਿਸ ਨੇ ਬਰੇਕ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਟ੍ਰੇਨ ਲੋਕਾਂ ਨੂੰ ਦਰੜਦੀ ਹੋਈ ਅੱਗੇ ਲੰਘ ਗਈ। ਗੱਡੀ ਦੇ ਲੰਘਣ ਮਗਰੋਂ ਇਕਦਮ ਚੀਕ-ਚਿਹਾੜਾ ਪੈ ਗਿਆ। ਲੋਕਾਂ ਦੇ ਸਰੀਰਾਂ ਦੇ ਟੁਕੜੇ-ਟੁਕੜੇ ਹੋ ਗਏ ਤੇ ਪਟੜੀ ਦੇ ਆਰ-ਪਾਰ ਡਿੱਗ ਪਏ। ਖ਼ਬਰ ਮਿਲਦਿਆਂ ਹੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਅਤੇ ਰਾਹਤ ਟੀਮਾਂ ਮੌਕੇ 'ਤੇ ਪੁੱਜ ਗਈਆਂ।

ਟੀਮਾਂ ਨੇ ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਇਆ ਅਤੇ ਲਾਸ਼ਾਂ ਨੂੰ ਚੁੱਕਣ ਦਾ ਕੰਮ ਸ਼ੁਰੂ ਕੀਤਾ। ਜਿਨ੍ਹਾਂ ਪ੍ਰਵਾਰਾਂ ਦੇ ਜੀਅ ਡੀ.ਐਮ.ਯੂ. ਰੇਲ ਹੇਠ ਆ ਕੇ ਦਰੜੇ ਗਏ, ਉਨ੍ਹਾਂ ਦਾ ਚੀਕ ਚਹਾੜਾ ਤੇ ਕੁਰਲਾਉਣਾ ਵੇਖਿਆ ਨਹੀਂ ਸੀ ਜਾ ਰਿਹਾ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਘਟਨਾ ਸਥਾਨ 'ਤੇ ਪਹੁੰਚੇ ਅਤੇ ਉਨ੍ਹਾਂ ਅਪਣੇ ਨਜ਼ਦੀਕੀਆਂ ਦਾ ਪਤਾ ਲਾਉਣਾ ਸ਼ੁਰੂ ਕੀਤਾ।  

ਖ਼ਬਰ ਲਿਖੇ ਜਾਣ ਤਕ ਲਾਸ਼ਾਂ ਚੁਕੀਆਂ ਜਾ ਰਹੀਆਂ ਸਨ ਅਤੇ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਪਹੁੰਚਾਇਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਜੌੜਾ ਫ਼ਾਟਕ ਹਾਦਸਿਆਂ ਦਾ ਸਥਾਨ ਹੈ ਜਿਥੇ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਪਰ ਰੇਲਵੇ ਪਟੜੀ ਲਾਗੇ 50 ਗਜ਼ ਤੋਂ ਦੂਰ ਦੁਸਹਿਰੇ ਦੀ ਸਟੇਜ ਲਾਉਣੀ ਹੀ ਗ਼ਲਤ ਸੀ। ਲੋਕ ਮੰਗ ਕਰ ਰਹੇ ਹਨ ਕਿ ਇਸ ਘਟਨਾ ਦੀ ਉਚ ਪਧਰੀ ਜਾਂਚ ਕਰਵਾਈ ਜਾਵੇ।

ਮ੍ਰਿਤਕਾਂ ਦੇ ਪ੍ਰਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਦੇ ਸਾਰੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਅਤੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਹਾਦਸੇ ਮਗਰੋਂ ਅੰਮ੍ਰਿਤਸਰ ਪੁੱਜੇ ਕੇ ਹਾਲਾਤ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਲਾਜ ਲਈ ਸਾਰੇ ਸਰਕਾਰੀ ਤੇ ਨਿਜੀ ਹਸਪਤਾਲ ਖੁਲ੍ਹੇ ਰਹਿਣਗੇ ਅਤੇ ਲੋਕ ਜਿਥੇ ਚਾਹੁਣ, ਜ਼ਖ਼ਮੀਆਂ ਦਾ ਇਲਾਜ ਕਰਵਾਉਣ, ਖ਼ਰਚਾ ਸਰਕਾਰ ਕਰੇਗੀ। 

ਲੋਕਾਂ ਦਾ ਜ਼ਬਰਦਸਤ ਪ੍ਰਦਰਸ਼ਨ

ਇਹ ਟਰੇਨ ਦਿੱਲੀ ਪਠਾਨਕੋਟ ਟਰੇਨ ਸੀ ਜੋ ਦਿੱਲੀ ਤੋਂ ਆ ਰਹੀ ਸੀ ਤੇ ਅੰਮ੍ਰਿਤਸਰ ਰੁਕ ਕੇ ਟਰੇਨ ਨੇ ਪਠਾਨਕੋਟ ਜਾਣਾ ਸੀ। ਚਸ਼ਮਦੀਦਾਂ ਅਨੁਸਾਰ ਟਰੇਨ ਦੀ ਰਫ਼ਤਾਰ ਏਨੀ ਜ਼ਿਆਦਾ ਸੀ ਕਿ ਜੇ ਬਰੇਕ ਲਗਾਉਂਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਸਥਾਨਕ ਲੋਕਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ ਅਤੇ ਅੰਮ੍ਰਿਤਸਰ ਤੋਂ ਦਿੱਲੀ, ਜਲੰਧਰ, ਪਠਾਨਕੋਟ ਤੇ ਹੋਰ ਪਾਸਿਆਂ ਨੂੰ ਜਾਣ ਵਾਲੀਆਂ ਗੱਡੀਆਂ ਰੋਕ ਦਿਤੀਆਂ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਜਲੰਧਰ ਜਾਣ ਵਾਲੀ ਟਰੇਨ ਨੂੰ ਸਥਾਨਕ ਮੌਕੇ 'ਤੇ ਹੀ ਲੋਕਾਂ ਨੇ ਰੋਕ ਦਿਤਾ।

ਪੁਤਲੇ ਸਾੜੇ ਜਾਣ ਦਾ ਦ੍ਰਿਸ਼ ਵੇਖ ਰਹੇ ਸਨ ਕਿ ਗੱਡੀ ਆ ਗਈ

ਘਟਨਾ ਚੌੜਾ ਬਾਜ਼ਾਰ ਲਾਗੇ ਵਾਪਰੀ ਜਿਥੇ ਰੇਲ ਪਟੜੀ ਕੋਲ ਰਾਵਣ ਦਾ ਪੁਤਲਾ ਫੂਕਿਆ ਜਾ ਰਿਹਾ ਸੀ। ਨਜ਼ਾਰਾ ਵੇਖਣ ਲਈ ਸੈਂਕੜਿਆਂ ਦੀ ਭੀੜ ਇਕੱਠੀ ਹੋਈ ਸੀ। ਜਿਉਂ ਹੀ ਪੁਤਲਿਆਂ ਨੂੰ ਅੱਗ ਲਾਈ ਗਈ ਅਤੇ ਪਟਾਕੇ ਚੱਲੇ ਤਾਂ ਭਾਜੜ ਮੱਚ ਗਈ ਅਤੇ ਲੋਕ ਰੇਲ ਪਟੜੀ 'ਤੇ ਆ ਗਏ। ਇਸੇ ਦੌਰਾਨ ਰੇਲ ਆ ਗਈ ਤੇ ਰੇਲ ਪਟੜੀ 'ਤੇ ਮੌਜੂਦ ਲੋਕਾਂ ਨੂੰ ਵਢਦੀ ਚਲੀ ਗਈ। ਮੌਕੇ ਦੇ ਗਵਾਹਾਂ ਮੁਤਾਬਕ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਵਿਛ ਗਈਆਂ।

ਕੁੱਝ ਲੋਕਾਂ ਨੇ ਇਹ ਵੀ ਕਿਹਾ ਕਿ ਫ਼ੋਰਟਿਸ ਤੇ ਹੋਰ ਨਿਜੀ ਹਸਪਤਾਲਾਂ ਨੇ ਜ਼ਖ਼ਮੀਆਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਜ਼ਖ਼ਮੀਆਂ ਨੂੰ ਮੋੜ ਦਿਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕ ਦੋ ਰੇਲ ਗੱਡੀਆਂ ਦੀ ਲਪੇਟ ਵਿਚ ਆ ਕੇ ਮਾਰੇ ਗਏ। ਕੁੱਝ ਲੋਕ ਅੱਪ ਟਰੈਕ 'ਤੇ ਆ ਰਹੀ ਗੱਡੀ ਦੀ ਲਪੇਟ ਵਿਚ ਆ ਗਏ ਤੇ ਬਾਕੀ ਬਚਣ ਲਈ ਡਾਊਨ ਟਰੈਕ ਵਲ ਗਏ ਪਰ ਉਥੇ ਵੀ ਟਰੇਨ ਆ ਗਈ ਜਿਸ ਕਾਰਨ ਉਹ ਵੀ ਦਰੜੇ ਗਏ। ਲੋਕਾਂ ਦੇ ਸਰੀਰਾਂ ਦੇ ਟੁਕੜੇ-ਟੁਕੜੇ ਹੋ ਗਏ ਜੋ ਪਟੜੀ ਦੇ ਆਰ-ਪਾਰ ਡਿੱਗ ਪਏ ਸਨ।

ਮੁੱਖ ਮੰਤਰੀ ਵਲੋਂ ਇਜ਼ਰਾਈਲ ਦਾ ਦੌਰਾ ਰੱਦ, ਅੱਜ ਸਵੇਰੇ ਪੁੱਜਣਗੇ ਅੰਮ੍ਰਿਤਸਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਅੱਜ ਸ਼ਾਮ ਇਜ਼ਰਾਈਲ ਦੇ ਸਰਕਾਰੀ ਦੌਰੇ 'ਤੇ ਜਾਣਾ ਸੀ, ਨੇ ਦੌਰਾ ਰੱਦ ਕਰ ਦਿਤਾ ਅਤੇ ਸਵੇਰੇ ਅੰਮ੍ਰਿਤਸਰ ਪੁਜਣਗੇ। ਉਨ੍ਹਾਂ ਦੋ ਕੈਬਨਿਟ ਮੰਤਰੀਆਂ, ਗ੍ਰਹਿ ਅਤੇ ਸਿਹਤ ਸਕੱਤਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਦੇ ਤੁਰਤ ਹੁਕਮ ਦਿਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਪੀੜਤਾਂ ਨਾਲ ਖੜੇ ਹਨ।

ਉਨ੍ਹਾਂ ਕਿਹਾ ਕਿ ਰੇਲ ਰਾਜ ਮੰਤਰੀ ਨੂੰ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰਾਂ ਨੇ ਵੀ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ। 

ਮੈਂ ਤਾਂ 15 ਮਿੰਟ ਪਹਿਲਾਂ ਚਲੀ ਗਈ ਸੀ : ਨਵਜੋਤ ਕੌਰ ਸਿੱਧੂ

ਇਸ ਭਿਆਨਕ ਹਾਦਸੇ ਮਗਰੋਂ ਮੀਡੀਆ 'ਚ ਖ਼ਬਰਾਂ ਆਈਆਂ ਸਨ ਜਿਨ੍ਹਾਂ 'ਚ ਕੁੱਝ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਨਵਜੋਤ ਕੌਰ ਸਿੱਧੂ ਹਾਦਸੇ ਵੇਲੇ ਮੌਜੂਦ ਸਨ ਪਰ ਹਾਦਸਾ ਵਾਪਰਨ ਤੋਂ ਤੁਰਤ ਬਾਅਦ ਉਹ ਉਥੋਂ ਚਲੇ ਗਏ ਸਨ। ਹਾਲਾਂਕਿ ਸਾਬਕਾ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਉਹ ਹਾਦਸੇ ਤੋਂ 15 ਮਿੰਟ ਪਹਿਲਾਂ ਹੀ ਮੌਕੇ ਤੋਂ ਚਲੇ ਗਏ ਸਨ ਅਤੇ ਉਨ੍ਹਾਂ ਨੂੰ ਬਾਅਦ ਵਿਚ ਹਾਦਸੇ ਦਾ ਪਤਾ ਲੱਗਾ। ਉਨ੍ਹਾਂ ਹਸਪਤਾਲਾਂ ਵਿਚ ਜਾ ਕੇ ਜ਼ਖ਼ਮੀਆਂ ਦਾ ਹਾਲ ਜਾਣਿਆ। ਉਹ ਦੇਰ ਰਾਤ ਤਕ ਵੱਖ ਵੱਖ ਹਸਪਤਾਲਾਂ ਵਿਚ ਗਏ।

Related Stories