ਅਕਾਲੀ ਦਲ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਚੋਣ ਲੜਨ ਲਈ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਬਾਦਲ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਭਾਰਤੀ ਜਨਤਾ ਪਾਰਟੀ ਤਂੋ ਲੈ ਕੇ ਭਾਜਪਾ ਨੂੰ ਲੁਧਿਆਣਾ ਸੀਟ ਦਿਤੀ ਹੈ............

Bikram Singh Majithia

ਤਰਨਤਾਰਨ : ਅਕਾਲੀ ਦਲ ਬਾਦਲ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਭਾਰਤੀ ਜਨਤਾ ਪਾਰਟੀ ਤਂੋ ਲੈ ਕੇ ਭਾਜਪਾ ਨੂੰ ਲੁਧਿਆਣਾ ਸੀਟ ਦਿਤੀ ਹੈ। ਚਰਚਾ ਹੈ ਇਸ ਸੀਟ ਤੇ ਅਕਾਲੀ ਦਲ ਦੇ ਸੀਨੀਅਰ ਆਗੂ  ਸ. ਮਨਜਿੰਦਰ ਸਿੰਘ ਸਿਰਸਾ ਜਾਂ ਪੰਥਕ ਹਲਕਿਆਂ ਵਿਚ ਮਾਝੇ ਦਾ ਜਰਨੈਲ ਵਜੋਂ ਜਾਣੇ ਜਾਂਦੇ ਸ. ਬਿਕਰਮ ਸਿੰਘ ਮਜੀਠੀਆ ਨੂੰ ਲੜਾਇਆ ਜਾ ਸਕਦਾ ਹੈ। ਇਸ ਸੀਟ 'ਤੇ ਹੋਈ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਜੂਝਾਰੂ ਵਰਕਰ ਸ. ਗੁਰਜੀਤ ਸਿੰਘ ਔਜਲਾ ਜਿੱਤੇ ਸਨ ਅਤੇ ਉਨ੍ਹਾਂ ਅਪਣੇ ਨਿਕਟ ਵਿਰੋਧੀਆਂ ਭਾਰਤੀ ਜਨਤਾ ਪਾਰਟੀ ਦੇ ਸ. ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਆਮ ਆਦਮੀ ਪਾਰਟੀ ਦੇ ਉਪਕਾਰ ਸਿੰਘ ਸੰਧੂ ਨੂੰ ਹਰਾਇਆ ਸੀ।

ਇਸ ਤੋਂ ਪਹਿਲਾਂ ਸਾਲ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਜੇਤੂ ਰਹੇ ਸਨ। ਉਨ੍ਹਾਂ ਦੇਸ਼ ਦੇ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਾਰ ਦਿਤੀ ਸੀ। ਹੁਣ ਅਕਾਲੀ ਦਲ ਇਸ ਸੀਟ 'ਤੇ ਅਪਣੇ ਜੂਝਾਰੂ ਆਗੂਆਂ ਨੂੰ ਉਤਾਰ ਰਿਹਾ ਹੈ।
ਸਮਝਿਆ ਜਾਂਦਾ ਹੈ ਕਿ ਅਕਾਲੀ ਦਲ ਸ. ਮਜੀਠੀਆ ਨੂੰ ਜੇਕਰ ਇਸ ਵਾਰ ਚੋਣ ਮੈਦਾਨ ਵਿਚ ਉਤਾਰਦਾ ਹੈ ਤਾਂ ਇਹ ਕਾਂਗਰਸ ਦਾ ਇਕ ਮਜ਼ਬੂਤ ਗੜ੍ਹ ੍ਹ੍ਹਤੋੜਨ ਦੇ ਬਰਾਬਰ ਹੋਵੇਗਾ।

ਜਦ ਪੰਜਾਬ ਵਿਚ ਇਲਜ਼ਾਮਬਾਜ਼ੀਆਂ ਦਾ ਦੌਰ ਜਾਰੀ ਸੀ ਅਤੇ ਹਵਾ ਅਕਾਲੀ ਦਲ ਦੇ ਵਿਰੁਧ ਵਹਿ ਰਹੀ ਸੀ ਤਾਂ ਵੀ ਸ. ਮਜੀਠੀਆ ਨੇ ਭਾਰੀ ਬਹੁਮਤ ਨਾਲ ਮਜੀਠਾ ਵਿਧਾਨ ਸਭਾ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਈ ਸੀ। ਨੌਜਵਾਨ ਵਰਗ ਵਿਚ ਹਰਮਨ ਪਿਆਰੇ ਬਿਕਰਮਜੀਤ ਸਿੰਘ ਜੇਕਰ ਅੰਮ੍ਰਿਤਸਰ ਲੋਕ ਸਭਾ ਸੀਟ ਤੇ ਚੋਣ ਲੜਦੇ ਹਨ ਤੇ ਜਿੱਤ ਹਾਸਲ ਕਰਦੇ ਹਨ ਤਾਂ ਰਾਸ਼ਟਰੀ ਰਾਜਨੀਤੀ ਵਿਚ ਪੰਜਾਬ ਦਾ ਇਕ ਹੋਰ ਨਵਾਂ ਚਿਹਰਾ ਸਾਹਮਣੇ ਆਵੇਗਾ ਅਤੇ ਦੂਜੇ ਰਾਜਾਂ ਵਿਚ ਵੀ ਨੌਜਵਾਨ ਵਰਗ ਅਕਾਲੀ ਦਲ ਨਾਲ ਜੁੜੇਗਾ।

ਇਸ ਸੀਟ 'ਤੇ ਅਕਾਲੀ ਦਲ ਵਲੋਂ ਇਕ ਹੋਰ ਚਰਚਿਤ ਨਾਂ ਸ. ਮਨਜਿੰਦਰ ਸਿੰਘ ਸਿਰਸਾ ਦਾ ਹੈ। ਦਿੱਲੀ ਵਿਚ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਦਿੱਲੀ ਦੀ ਸਿੱਖ ਰਾਜਨੀਤੀ ਦੇ ਮਜ਼ਬੂਤ ਥੰਮ੍ਹ ਵਜੋਂ ਜਾਣੇ ਜਾਂਦੇ ਸ. ਪਰਮਜੀਤ ਸਿੰਘ ਸਰਨਾ ਨੂੰ ਹਰਾਉਣ ਵਾਲੇ ਮਨਜਿੰਦਰ ਸਿੰਘ ਸਿਰਸਾ ਦਿੱਲੀ ਵਿਧਾਨ ਸਭਾ ਵਿਚ ਵਿਧਾਇਕ ਹਨ। ਉਹ ਦਿੱਲੀ ਦੀ ਰਾਜਨੀਤੀ ਵਿਚ ਸਿੱਖ ਮਸਲਿਆਂ ਬਾਰੇ ਬੇਬਾਕ ਰਾਏ ਰਖਦੇ ਹਨ ਅਤੇ ਉਨ੍ਹਾਂ ਦੀ ਰਾਸ਼ਟਰੀ ਰਾਜਨੀਤੀ ਵਿਚ ਵਖਰੀ ਪਛਾਣ ਹੈ।

ਸ. ਸਿਰਸਾ  ਜੇਕਰ ਅੰਮ੍ਰਿਤਸਰ ਤੋਂ ਚੋਣ ਲੜਦੇ ਹਨ ਤਾਂ ਉਨ੍ਹਾਂ ਨਾਲ ਭਾਜਪਾ ਵਰਕਰ ਵੀ ਦਿਨ-ਰਾਤ ਇਕ ਕਰਨਗੇ ਕਿਉਂਕਿ ਮੌਜੂਦਾ ਸਮੇਂ ਵਿਚ ਸ. ਸਿਰਸਾ ਦਿੱਲੀ ਵਿਚ ਭਾਜਪਾ ਦੀ ਟਿਕਟ 'ਤੇ ਜੇਤੂ ਰਹੇ। ਹੁਣ ਆਖ਼ਰੀ ਫ਼ੈਸਲਾ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਹੱਥ ਹੈ।