ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਦੋਸਤਾਨਾ ਮੈਚ ਖੇਡ ਰਹੀ ਹੈ-ਮਜੀਠੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਅਕਾਲੀ ਦਲ ਨੇ ਕੱਢਿਆ ਟਰੈਕਟਰ ਮਾਰਚ

Bikram Majithia

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਅਗਵਾਈ ਵਿਚ ਐਮਐਲਏ ਹੋਸਟਲ ਤੋਂ ਵਿਧਾਨ ਸਭਾ ਤੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ।

ਇਸ ਮਾਰਚ ਵਿਚ ਕਈ ਅਕਾਲੀ ਵਿਧਾਇਕ ਅਤੇ ਆਗੂ ਮੌਜੂਦ ਸਨ। ਇਸ ਮੌਕੇ ਬਿਕਰਮ ਮਜੀਠੀਆ ਟਰੈਕਟਰ 'ਤੇ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ। ਇਸ ਦੌਰਾਨ ਅਕਾਲੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। 

ਇਸ ਦੌਰਾਨ ਮਜੀਠੀਆ ਨੇ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਕਈ ਗੰਭੀਰ ਇਲਜ਼ਾਮ ਲਗਾਏ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦਿੱਲੀ ਦੇ ਇਸ਼ਾਰੇ 'ਤੇ ਚੱਲ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਦੋਸਤਾਨਾ ਮੈਚ ਖੇਡ ਰਹੀ ਹੈ।

ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਕਿ ਇਜਲਾਸ ਬਾਰੇ ਜਿਹੜੇ ਫ਼ੈਸਲੇ ਸਪੀਕਰ ਨੇ ਕਰਨੇ ਸਨ, ਉਹ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਇਕੱਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਹਾਂ ਅਤੇ ਕਿਸਾਨਾਂ ਦੇ ਹੱਕ 'ਚ ਟਰੈਕਟਰ ਰੈਲੀ ਕੱਢ ਰਹੇ ਹਾਂ ਪਰ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਰੋਕ ਰਹੀ ਹੈ।

ਟਰੈਕਟਰ ਮਾਰਚ ਕਰ ਰਹੇ ਅਕਾਲੀ ਵਿਧਾਇਕਾਂ ਅਤੇ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਵਿਧਾਨ ਸਭ ਤੋਂ ਦੂਰ ਹੀ ਰੋਕ ਲਿਆ ਸੀ। ਦੱਸ ਦਈਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਰੋਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਦੋ ਦਿਨ ਦਾ ਵਿਸ਼ੇਸ਼ ਇਜਲਾਸ ਸੱਦਿਆ ਹੈ। ਇਸ ਦੌਰਾਨ ਨਵੇਂ ਖੇਤੀ ਕਾਨੂੰਨਾਂ 'ਤੇ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਸਦਨ ਦੇ ਅੰਦਰ ਅਤੇ ਬਾਹਰ ਹੰਗਾਮੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ।